Follow us

23/05/2024 12:52 pm

Search
Close this search box.
Home » News In Punjabi » ਚੰਡੀਗੜ੍ਹ » ਸਿਹਤ ਵਿਭਾਗ 10 ਮਾਰਚ ਤੋਂ ਮਨਾਏਗਾ ‘ਗਲੋਕੋਮਾ ਹਫ਼ਤਾ’; ਮੰਤਰੀ ਵਲੋਂ ਪੋਸਟਰ ਜਾਰੀ 

ਸਿਹਤ ਵਿਭਾਗ 10 ਮਾਰਚ ਤੋਂ ਮਨਾਏਗਾ ‘ਗਲੋਕੋਮਾ ਹਫ਼ਤਾ’; ਮੰਤਰੀ ਵਲੋਂ ਪੋਸਟਰ ਜਾਰੀ 

ਗਲੋਕੋਮਾ ਦੀ ਪਛਾਣ ਕਰਨ ਲਈ ਸਰਕਾਰੀ ਹਸਪਤਾਲਾਂ ਵਿੱਚ ਲਗਾਈਆਂ ਛੇ ਅਤਿ-ਆਧੁਨਿਕ ਮਸ਼ੀਨਾਂ

ਚੰਡੀਗੜ੍ਹ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਸੁਪਨੇ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਸਿਹਤ ਵਿਭਾਗ ਵੱਲੋਂ 10 ਮਾਰਚ ਤੋਂ 16 ਮਾਰਚ, 2024 ਤੱਕ ‘ਵਿਸ਼ਵ ਗਲੋਕੋਮਾ ਹਫ਼ਤਾ’ ਮਨਾਇਆ ਜਾਵੇਗਾ। ਇਹ ਜਾਣਕਾਰੀ ਵੀਰਵਾਰ ਨੂੰ ਇੱਥੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਦਿੱਤੀ।

ਮੰਤਰੀ ਨੇ ਇਸ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਸਿਹਤ ਵਿਭਾਗ ਵੱਲੋਂ ਇਸ ਹਫ਼ਤੇ ਦੌਰਾਨ ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜ਼ਨਲ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਮੁਫ਼ਤ ਗਲੋਕੋਮਾ ਜਾਂਚ ਕੈਂਪ ਲਗਾਏ ਜਾਣਗੇ ਤਾਂ ਜੋ ਗਲੋਕੋਮਾ ਤੋਂ ਪੀੜਤ ਲੋਕਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਸਮਾਂ ਰਹਿੰਦਿਆਂ ਇਸ ਰੋਗ ਦਾ ਇਲਾਜ ਕੀਤਾ ਜਾ ਸਕੇ।

ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਸੂਬੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਇਹ ਜਾਗਰੂਕਤਾ ਪੋਸਟਰ ਵੰਡਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਗਲੋਕੋਮਾ ਦੇ ਲੱਛਣਾਂ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਜਾ ਸਕੇ।

ਰਾਜ ਦੇ ਸਿਹਤ ਢਾਂਚੇ ਦਾ ਕਾਇਆ- ਕਲਪ ਕਰਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਅਹਿਦ ਨੂੰ ਦੁਹਰਾਉਂਦੇ ਹੋਏ ਡਾ. ਬਲਬੀਰ ਸਿੰਘ ਨੇ ਕਿਹਾ ਕਿ ਗਲੋਕੋਮਾ ਦਾ ਪਤਾ ਲਗਾਉਣ ਲਈ ਛੇ ਅਤਿ-ਆਧੁਨਿਕ ਮਸ਼ੀਨਾਂ (ਨਾਨ-ਕਾਂਟੈਕਟ ਟੋਨੋਮੀਟਰ) ਪੰਜਾਬ ਦੇ ਛੇ ਜ਼ਿਲ੍ਹਾ ਹਸਪਤਾਲਾਂ ਵਿੱਚ ਪਹਿਲਾਂ ਹੀ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਬਾਕੀ ਜ਼ਿਲਿ੍ਹਆਂ ਵਿੱਚ ਅਜਿਹੀਆਂ ਹੋਰ ਮਸ਼ੀਨਾ ਮੁਹੱਈਆ ਕਰਵਾਈਆਂ ਜਾ ਰਹੀਆ ਹਨ। 

ਡਾ: ਬਲਬੀਰ ਸਿੰਘ, ਜੋ ਕਿ ਖੁਦ ਅੱਖਾਂ ਦੇ ਸਰਜਨ ਹਨ, ਨੇ ਕਿਹਾ ਕਿ ਮੋਤੀਆ ਦੁਨੀਆ ਵਿਚ ਇਰਵਰਸੀਬਲ ਬਲਾਈਂਡਨੈੱਸ ਦਾ ਸਭ ਤੋਂ ਵੱਡਾ ਕਾਰਨ ਹੈ। 90 ਪ੍ਰਤੀਸ਼ਤ ਮਾਮਲਿਆਂ ਵਿੱਚ, ਗਲੋਕੋਮਾ ਦੇ ਕਾਰਨ ਹੋਣ ਵਾਲੇ ਅੰਨ੍ਹੇਪਣ ਨੂੰ ਜਲਦ ਪਛਾਣ  ਕੇ ਅਤੇ ਢੁਕਵਾਂ ਇਲਾਜ ਕਰਕੇ ਰੋਕਿਆ ਜਾ ਸਕਦਾ ਹੈ। ਇਹ ,ਅੱਖ ਦੇ ਦਬਾਅ (ਇੰਟਰਾ-ਓਕੂਲਰ ਪ੍ਰੈਸ਼ਰ) ਵਿੱਚ ਵਾਧੇ ਦੇ ਕਾਰਨ ਆਪਟਿਕ ਨਰਵ ਨੂੰ ਹੋਏ ਨੁਕਸਾਨ ਦੀ ਵਜਾਅ ਨਾਲ ਹੁੰਦਾ ਹੈ। ਗਲੋਕੋਮਾ ਨੂੰ ਕਈ ਵਾਰ ਨਜ਼ਰ ਦਾ ਇੱਕ ‘ਸਾਈਲੈਂਟ ਥੀਫ’  ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਸ਼ੁਰੂਆਤੀ ਲੱਛਣਾਂ ਨੂੰ ਦਿਖਾਏ ਬਿਨਾਂ ਮਰੀਜ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਸਕਦਾ ਹੈ। ਮਰੀਜ਼ ਉਦੋਂ ਤੱਕ ਲੱਛਣ ਨਜ਼ਰ ਨਹੀਂ ਆਉਂਦੇ ਜਦੋਂ ਤੱਕ ਬਿਮਾਰੀ ਮੱਧਮ ਜਾਂ ਐਡਵਾਂਸ ਪੜਾਅ ਤੱਕ ਨਹੀਂ ਪਹੁੰਚ ਜਾਂਦੀ।

ਬਲਬੀਰ ਸਿੰਘ ਨੇ ਅੱਗੇ ਕਿਹਾ, “ਕਿਸੇ ਵੀ ਵਿਅਕਤੀ ਨੂੰ ਗਲੋਕੋਮਾ ਹੋ ਸਕਦਾ ਹੈ ਪਰ ਕੁਝ ਲੋਕਾਂ ਨੂੰ ਵਧੇਰੇ ਖਤਰਾ ਹੁੰਦਾ ਹੈ ਜਿਵੇਂ ਕਿ 60 ਸਾਲ ਤੋਂ ਵੱਧ ਉਮਰ, ਪਰਿਵਾਰਕ ਇਤਿਹਾਸ, ਡਾਕਟਰੀ ਸਥਿਤੀਆਂ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਮਾਈਓਪੀਆ, ਕੋਰਟੀਕੋਸਟੀਰੋਇਡ ਤਿਆਰੀਆਂ ਖਾਸ ਕਰਕੇ ਲੰਬੇ ਸਮੇਂ ਤੱਕ ਅੱਖਾਂ ਦੀ ਦਵਾਈ ਪਾਉਣ ਵਾਲੇ ਵਿਅਕਤੀ। ਅੱਖ ਦੀ ਸੱਟ ਦੇ ਨਤੀਜੇ ਵਜੋਂ ਵੀ ਗਲੋਕੋਮਾ ਹੋ ਸਕਦਾ ਹੈ। ਸ਼ੁਰੂਆਤੀ ਖੋਜ ਅਤੇ ਸਾਵਧਾਨੀ ਨਾਲ ਇਲਾਜ ਕਰਵਾਉਣ ਨਾਲ ਜ਼ਿਆਦਾਤਰ ਲੋਕਾਂ ਦੀ ਨਜ਼ਰ ਨੂੰ ਬਰਕਰਾਰ ਰੱਖਿਆ ਜਾ  ਸਕਦਾ ਹੈ।’’

ਜਿਕਰਯੋਗ ਹੈ ਕਿ ਲਗਭਗ 12 ਮਿਲੀਅਨ ਭਾਰਤੀ ਇਸ ਬਿਮਾਰੀ ਤੋਂ ਪੀੜਤ ਹਨ ਅਤੇ 1.2 ਮਿਲੀਅਨ ਇਸ ਕਾਰਨ ਅੰਨ੍ਹੇਪਣ ਦਾ ਸ਼ਿਕਾਰ ਹੋਏ ਹਨ। ਇਸ ਲਈ ਜੋਖਮ ਵਾਲੇ ਲੋਕਾਂ ਅਤੇ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਰ ਦੋ ਤੋਂ ਤਿੰਨ ਸਾਲ ਬਾਅਦ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਰ ਛੇ ਮਹੀਨੇ ਬਾਅਦ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਗਲੋਕੋਮਾ ਪ੍ਰਬੰਧਨ ਵਿੱਚ ਗੰਭੀਰ ਚੁਣੌਤੀਆਂ ਹਨ ਜਿਵੇਂ: ਜਾਗਰੂਕਤਾ ਦੀ ਘਾਟ, ਅਣਪਛਾਤੇ ਅਤੇ ਇਲਾਜ ਵਿਹੂਣੇ ਮਾਮਲੇ, ਗਲੋਕੋਮਾ ਡਾਇਗਨੌਸਟਿਕ ਅਤੇ ਇਲਾਜ ਸੇਵਾਵਾਂ ਤੱਕ ਮਾੜੀ ਪਹੁੰਚ ਅਤੇ ਇਲਾਜ ਦੀ ਪਾਲਣਾ ਨਾਲ ਸਬੰਧਤ ਕਈ ਮੁੱਦੇ।

ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਐੱਨ.ਪੀ.ਸੀ.ਬੀ.ਐਂਡ.ਵੀ.ਆਈ. ਦੇ ਤਹਿਤ ਆਈਈਸੀ ਗਤੀਵਿਧੀਆਂ ਦੀ ਇੱਕ ਲੜੀਬੱਧ ਯੋਜਨਾ ਬਣਾ ਰਿਹਾ ਹੈ ਤਾਂ ਜੋ ਲੋਕਾਂ ਵਿੱਚ ਮੋਤੀਆ ਦੀ ਰੋਕਥਾਮ ਅਤੇ ਨਿਯੰਤਰਣ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ, ਜਿਸ ਵਿੱਚ ਸਕੂਲਾਂ ਵਿੱਚ ਰੇਡੀਓ ਭਾਸ਼ਣ, ਜਾਗਰੂਕਤਾ ਭਾਸ਼ਣ/ਸੀਐਮਈ, ਨੁੱਕੜ ਨਾਟਕ, ਜਾਗਰੂਕਤਾ ਰੈਲੀਆਂ, ਭਾਸ਼ਣ, ਪੇਂਟਿੰਗ ਮੁਕਾਬਲੇ , ਵਾਕਾਥਨ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਸ਼ਾਮਲ ਹਨ। 

ਇਸ ਦੌਰਾਨ ਮੰਤਰੀ ਨੇ ਆਮ ਲੋਕਾਂ ਨੂੰ ਇਸ ਹਫ਼ਤੇ ਲਗਾਏ ਜਾਣ ਵਾਲੇ ਮੁਫ਼ਤ ਜਾਂਚ ਕੈਂਪ ਵਿੱਚ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਅਤੇ ਗਕੋਮਾ ਦੀ ਰੋਕਥਾਮ ਲਈ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ।

ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ: ਆਦਰਸ਼ਪਾਲ ਕੌਰ ਅਤੇ ਸਟੇਟ ਪ੍ਰੋਗਰਾਮ ਅਫ਼ਸਰ ਐਨ.ਪੀ.ਸੀ.ਬੀ. ਅਤੇ ਵੀਆਈ ਡਾ: ਨੀਤੀ ਸਿੰਗਲਾ ਵੀ ਹਾਜ਼ਰ ਸਨ ।

dawn punjab
Author: dawn punjab

Leave a Comment

RELATED LATEST NEWS