ਚੰਡੀਗੜ੍ਹ :
ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਆਯੋਜਿਤ ਹੋਣ ਵਾਲੇ ਪੰਜ ਦਿਨਾ ‘ਗੁਰਸ਼ਰਨ ਸਿੰਘ ਨਾਟ ਉਤਸਵ’ ਦੇ ਤੀਜੇ ਦਿਨ ਚੰਡੀਗੜ੍ਹ ਸਕੂਲ ਆਫ਼ ਡਰਾਮਾ ਦੀ ਟੀਮ ਵੱਲੋਂ ਗੁਰਸ਼ਰਨ ਸਿੰਘ ਦੀ ਥੜ੍ਹਾ ਥੀਏਟਰ ਦੀ ਸ਼ੈਲੀ ਦੇ ਤਿੰਨ ਲਘੂ ਨਾਟਕਾਂ ਦਾ ਮੰਚਣ ਕੀਤਾ, ਜਿਸਦੇ ਨਿਰਦੇਸ਼ਕ ਇਕੱਤਰ ਸਿੰਘ ਸਨ।
ਇਸ ਨਾਟ ਉਤਸਵ ਵਿੱਚ ਹਰ ਸਾਲ ਗੁਰਸ਼ਰਨ ਸਿੰਘ ਦੀ ਵਿਕਸਤ ਕੀਤੀ ਥੜ੍ਹਾ ਥੀਏਟਰ ਦੀ ਸ਼ੈਲੀ ਦਾ ਨਾਟਕ ਕੀਤੇ ਜਾਂਦੇ ਹਨ, ਜੋ ਉਨ੍ਹਾਂ ਨੇ ਪਿੰਡਾਂ ਦੇ ਸਹੂਲਤ-ਵਿਹੂਣੇ ਨਾਟ-ਮੰਚ ਦੀਆਂ ਲੋੜਾਂ ਮੁਤਾਬਕ ਵਿਕਸਤ ਕੀਤੀ ਸੀ। ਉਹ ਇਸ ਸ਼ੈਲੀ ਤਹਿਤ ਲਘੂ ਨਾਟਕ ਵੀ ਕਰਦੇ ਸਨ ਤੇ ਫੁੱਲਲੈਂਥ ਨਾਟਕ ਵੀ ਕਰਿਆ ਕਰਦੇ ਸਨ। ਇਸ ਵਾਰ ਗੁਰਸ਼ਰਨ ਸਿੰਘ ਨਾਟ ਉਤਸਵ ਲਈ ਤਿੰਨ ਲਘੂ ਨਾਟਕਾਂ ਦੀ ਚੋਣ ਕੀਤੀ ਸੀ, ਜਿਨ੍ਹਾਂ ਦਾ ਪੇਂਡੂ ਜੀਵਨ ਨਾਲ ਗਹਿਰਾ ਸਬੰਧ ਸੀ।
ਇਸ ਲੜੀ ਦਾ ਪਹਿਲਾ ਨਾਟਕ ਸਾਗਰ ਸਰਹੱਦੀ ਦਾ ‘ਮਸੀਹਾ’ ਸੀ, ਜਿਸਨੂੰ ਗੁਰਸ਼ਰਨ ਸਿੰਘ ਖੇਡਿਆ ਕਰਦੇ ਸਨ। ਇਹ ਨਾਟਕ 1947 ਦੀ ਦੇਸ਼-ਵੰਡ ਦੇ ਭਿਆਨਕ ਦਿਨਾਂ ਨੂੰ ਪੇਸ਼ ਕਰਦਾ ਹੈ, ਜਦੋਂ ਮਨੁੱਖਤਾ ਹੈਵਾਨੀਅਤ ਦਾ ਸ਼ਿਕਾਰ ਹੋ ਗਈ ਸੀ। ਦੂਜੀ ਪੇਸ਼ਕਾਰੀ ਗੁਰਸ਼ਰਨ ਸਿੰਘ ਦੇ ਦੋ ਲਘੂ ਨਾਟਕਾਂ ‘ਸਰਪੰਚ’ ਤੇ ‘ਸਰਪੰਚਣੀ’ ਦਾ ਸੁਮੇਲ ਸੀ। ਇੱਕ ਦਾ ਗਰੀਬ ਕਿਰਦਾਰ ਵੱਡੇ ਲੋਕਾਂ ਸਾਹਮਣੇ ਤਾਂ ਉਨ੍ਹਾਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਦਾ ਹੈ, ਪਰ ਜਿਉਂ ਹੀ ਉਹ ਅੱਖਾਂ ਤੋਂ ਓਹਲੇ ਹੁੰਦੇ ਹਨ, ਉਨ੍ਹਾਂ ਦੇ ਪੋਤੜੇ ਫਰੋਲਦਾ ਹੈ। ਜਦੋਂ ਗਰੀਬਾਂ ਨੂੰ ਵੀ ਚੇਤਨਾ ਜਾਗ ਲਗਦੀ ਹੈ, ਤਾਂ ਉਹ ਆਪਣੀ ਧਿਰ ਦਾ ਹਾਮੀ ਹੋ ਜਾਂਦਾ ਹੈ।
ਇਹ ਉਸ ਸਰਪੰਚਣੀ ਦੀ ਹਿੰਮਤ ਸਦਕਾ ਹੁੰਦਾ ਹੈ, ਜਿਸਨੇ ਦਲਿਤਾਂ ਲਈ ਰਾਖਵੇਂ ਕੋਟੇ ਦੀ ਸਰਪੰਚੀ ਵੀ ਅਮੀਰਾਂ ਜਾਂ ਫ਼ਿਰ ਪਤੀ ਵੱਲੋਂ ਵਰਤਣ ਖ਼ਿਲਾਫ਼ ਬਗਾਵਤ ਕਰ ਦਿੱਤੀ ਸੀ। ਉਹ ਅਹੁਦੇ ਦੀ ਚੁੱਕੀ ਕਸਮ ਨੂੰ ਦਿਲੋ-ਦਿਮਾਗ ਵਿੱਚ ਰੱਖ ਕੇ ਆਪਣੇ ਹੱਕ ਪਛਾਣਦੀ ਹੈ ਤੇ ਸੱਚ ’ਤੇ ਪਹਿਰਾ ਦਿੰਦੀ ਹੈ। ਇਸ ਤਰ੍ਹਾਂ ਉਹ ਸਰਪੰਚੀ ਦੇ ਪਰਦੇ ਹੇਠ ਲੋਕ-ਦੋਖੀ ਸਿਆਸਤ ਦੇ ਨਿਜ਼ਾਮ ਨੂੰ ਪੂਰੀ ਤਰ੍ਹਾਂ ਨਿਕਾਰ ਦਿੰਦੀ ਹੈ, ਆਪਣੇ ਪਤੀ ਦੇ ਹਰ ਕਦਮ ਦਾ ਵਿਰੋਧ ਕਰਦੀ ਹੈ, ਜੋ ਉਹ ਵੱਡਿਆਂ ਦੀ ਲਾਲਸਾ ਦਾ ਸ਼ਿਕਾਰ ਹੋ ਕੇ ਚੁੱਕਣੇ ਚਾਹੁੰਦਾ ਹੈ।
ਇਸ ਲੜੀ ਦਾ ਤੀਜਾ ਨਾਟਕ ‘ਕੰਮੀਆਂ ਦਾ ਵਿਹੜਾ’ ਸੀ, ਜੋ ਗਰੀਬਾਂ ਨੂੰ ਕਰਜ਼ੇ ਦੇ ਜਾਲ ਵਿੱਚ ਫਸਾ ਕੇ ਉਨ੍ਹਾਂ ’ਤੇ ਜ਼ੁਲਮ ਕਰਦੇ ਪੇਂਡੂ ਅਮੀਰਾਂ ਦੀਆਂ ਸਾਜਿਸ਼ਾਂ ਜ਼ਾਹਰ ਕਰਦਾ ਹੈ। ਇਹ ਨਾਟਕ ਗੁਰਸ਼ਰਨ ਸਿੰਘ ਦੇ ਇਛਤ ਯਥਾਰਥ ਦਾ ਪ੍ਰ੍ਗਾਵਾ ਕਰਦਾ ਹੈ, ਜਦੋਂ ਇੱਕ ਭ੍ਰਿਸ਼ਟ ਕਿਰਦਾਰ ਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾਇਆ ਜਾਂਦਾ ਹੈ।
ਇਸਦਾ ਦਿਲਚਸਪ ਪਹਿਲੂ ਹੈ ਕਿ ਇਸ ਵਿੱਚ ਅਹਿਮ ਭੂਮਿਕਾ ਭ੍ਰਿਸ਼ਟ ਕਿਰਦਾਰ ਦਾ ਈਮਾਨਦਾਰ ਬਾਪ ਨਿਭਾਉਂਦਾ ਹੈ। ਇਨ੍ਹਾਂ ਤਿੰਨਾਂ ਨਾਟਕਾਂ ਵਿੱਚ ਕੋਈ ਬਰੇਕ ਨਾ ਰੱਖਣਾ ਨਿਰਦੇਸ਼ਕ ਇਕੱਤਰ ਸਿੰਘ ਦੀ ਖ਼ਾਸ ਪ੍ਰਾਪਤੀ ਸੀ, ਜਿਸਨੇ ਨਾਟਕਾਂ ਵਿੱਚ ਅਦਾਕਾਰੀ ਵੀ ਕੀਤੀ ਸੀ। ਇਨ੍ਹਾਂ ਤਿੰਨਾਂ ਨਾਟਕਾਂ ਜਰਨੈਲ ਸਿੰਘ,ਹਰਵਿੰਦਰ ਔਜਲਾ, ਜੌਨ ਮਸੀਹ, ਰਣਦੀਪ ਭੰਗੂ, ਮਾਇਕਲ ਚੈੰਗ, ਗੁਰਪੇਸ਼ ਤੇ ਆਕਾਸ਼ ਨੇ ਭੂਮਿਕਾਵਾਂ ਨਿਭਾਈਆਂ। ਇਨ੍ਹਾਂ ਤਿੰਨਾਂ ਨਾਟਕਾਂ ਵਿੱਚ ਪ੍ਰਭਜੋਤ ਕੌਰ ਨੇ ਵੱਖ-ਵੱਖ ਕਿਰਦਾਰ ਨਿਭਾਏ ਸਨ।