ਚੰਡੀਗੜ੍ਹ : ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਆਯੋਜਿਤ ਹੋਣ ਵਾਲਾ ਸਲਾਨਾ ‘ਗੁਰਸ਼ਰਨ ਸਿੰਘ ਨਾਟ ਉਤਸਵ’ ਆਪਣੇ ਸਫ਼ਰ ਦੇ 20ਵੇਂ ਸਾਲ ਵਿੱਚ ਦਾਖ਼ਲ ਹੋਣ ਜਾ ਰਿਹਾ ਹੈ। ਇਹ ਨਾਟ ਉਤਸਵ 4 ਨਵੰਬਰ ਤੋਂ 8 ਨਵੰਬਰ ਤੱਕ ਪੰਜਾਬ ਕਲਾ ਭਵਨ ਵਿੱਚ ਪੰਜਾਬ ਕਲਾ ਪਰਿਸ਼ਦ ਤੇ ਮਨਿਸਟਰੀ ਆਫ਼ ਕਲਚਰ ਦੇ ਸਹਿਯੋਗ ਨਾਲ ਹੋਣ ਜਾ ਰਿਹਾ ਹੈ। ਇਸਦਾ ਆਗਾਜ਼ 2004 ਵਿੱਚ ਕੀਤਾ ਗਿਆ ਸੀ, ਜਦੋਂ ਸ੍ਰ. ਗੁਰਸ਼ਰਨ ਸਿੰਘ ਨੂੰ ਨਾਟਕ ਨਾਟਕ ਅਕਾਦਮੀ ਤੇ ਕਾਲੀਦਾਸ ਸਨਮਾਨ ਮਿਲੇ ਸਨ। ਉਹ ਉਸ ਵੇਲ਼ੇ ਪੰਜਾਬੀ ਨਾਟ-ਮੰਚ ਦੀ ਇਕਲੌਤੀ ਸ਼ਖ਼ਸੀਅਤ ਸਨ ਅਤੇ ਅੱਜ ਵੀ ਇਨ੍ਹਾਂ ਦੋਵਾਂ ਸਨਮਾਨਾਂ ਨੂੰ ਹਾਸਿਲ ਕਰਨ ਕਰਨ ਵਾਲੀ ਇਕਲੌਤੀ ਹਸਤੀ ਹਨ। ਸੁਚੇਤਕ ਰੰਗਮੰਚ ਨੇ ਦੋਵਾਂ ਸਨਮਾਨਾਂ ਦੇ ਮਦੇਨਜ਼ਰ ਸੰਮੂਹ ਪੰਜਾਬੀ ਨਾਟਕ ਤੇ ਰੰਗਮੰਚ ਦੇ ਕਲਾਕਾਰਾਂ ਵੱਲੋਂ ਸਨਮਾਨਤ ਕਰਨ ਦਾ ਖ਼ਿਆਲ ਸਭ ਨਾਲ ਸਾਂਝਾ ਕੀਤਾ ਸੀ। ਇਸਨੂੰ ਸ੍ਰ. ਗੁਰਸ਼ਰਨ ਸਿੰਘ ਨਾਲ ਕਿਵੇਂ ਨਾ ਕਿਵੇਂ ਜੁੜੇ ਰਹੇ ਰੰਗਕਰਮੀਆਂ ਵੱਲੋਂ ਬਹੁਤ ਹੀ ਉਤਸ਼ਾਹਜਨਕ ਹੁੰਗਾਰਾ ਮਿਲਿਆ। ਉਸ ਸਮਾਗਮ ਵਿੱਚ ਦਰਸ਼ਕਾਂ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਡੇਢ ਸੌ ਦੇ ਕਰੀਬ ਕਲਾਕਾਰਾਂ ਨੇ ਜਤਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਗੁਰਸ਼ਰਨ ਭਾਅ ਜੀ ਦਾ ਸਨਮਾਨ ਕੀਤਾ ਸੀ। ਉਹ ਸਮਾਗਮ ਹੀ ਸਲਾਨਾ ਨਾਟ ਉਤਸਵ ਦਾ ਰੂਪ ਅਖਤਿਆਰ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ 20ਵੇਂ ਨਾਟ ਉਤਸਵ ਨੂੰ ਖ਼ਾਸ ਬਣਾ ਦੇਣਾ ਚਾਹੁੰਦੇ ਸਾਂ, ਪਰ ਖ਼ਾਸ ਇਹ ਇਸ ਤਰ੍ਹਾਂ ਬਣ ਗਿਆ ਹੈ ਕਿ ਕੋਈ ਵੀ ਸਰਕਾਰੀ ਤੇ ਅਰਧ ਸਰਕਾਰੀ ਸੰਸਥਾ ਸਹਿਯੋਗ ਲਈ ਸਾਹਮਣੇ ਨਹੀਂ ਆ ਸਕੀ। ਪੰਜਾਬ ਕਲਾ ਪਰਿਸ਼ਦ ਨੂੰ ਸਰਕਾਰ ਵੱਲੋਂ ਗ੍ਰਾਂਟ ਹੀ ਨਹੀਂ ਮਿਲ ਸਕੀ ਤੇ ਉਹ ਸਿਰਫ਼ ਦੋ ਦਿਨ ਲਈ ਆਡੀਟੋਰੀਅਮ ਫ੍ਰੀ ਦੇਣ ਦਾ ਸਹਿਯੋਗ ਹੀ ਕਰ ਸਕੀ ਹੈ। ਮਨਿਸਟਰੀ ਆਫ਼ ਕਲਚਰ ਕੋਲ ਅਪਲਾਈ ਕੀਤਾ ਹੈ, ਪਰ ਉਸਦੀ ਸਹਿਮਤੀ ਵਾਲੀ ਮੀਟਿੰਗ ਨਹੀਂ ਹੋ ਸਕੀ; ਇੱਕ ਆਸ ਵਜੋਂ ਹੀ ਉਸਦਾ ਨਾਂ ਕਾਰਡ ’ਤੇ ਪਾ ਰਹੇ ਹਾਂ। ਇਨ੍ਹਾਂ ਹਾਲਾਤ ਵਿੱਚ ਦਰਸ਼ਕਾਂ ਦਾ ਸਹਿਯੋਗ ਸਾਡਾ ਅਸਲ ਸਹਾਰਾ ਹੈ। ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਪੰਜ ਦਿਨਾ ਨਾਟ-ਉਤਸਵ ਵਿੱਚ ਪੰਜ ਨਾਟਕ ਹੋਣਗੇ, ਜਿਸਦਾ ਆਗ਼ਾਜ਼ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਕੁਲਵਿੰਦਰ ਖਹਿਰਾ ਦੇ ਨਾਟਕ ‘ਮੈਂ ਕਿਤੇ ਨਹੀਂ ਗਿਆ’ ਨਾਲ ਹੋਵੇਗਾ, ਜਿਸਨੂੰ ਜਿੰਦਰ ਸਿੰਘ ਨੇ ਨਿਰਦੇਸ਼ਤ ਕੀਤਾ ਹੈ। ਇਹ ਨਾਟਕ ਪੰਜਾਬੀ ਤੋਂ ਵਿਦੇਸ਼ ਪ੍ਰਵਾਸ ਕਰਨ ਵਾਲੇ ਨੌਜਵਾਨਾਂ ਦੀ ਤ੍ਰਾਸਦੀ ਬਿਆਨ ਕਰਦਾ ਹੈ, ਮਾਤ-ਭੂਮੀ ਦੇ ਸੁਪਨਹੀਣ ਤੇ ਜੜ੍ਹ-ਹੀਣ ਹੋਣ ਦੇ ਦੁੱਖੋਂ ਪ੍ਰਵਾਸੀ ਧਰਤੀਆਂ ਵੱਲ ਦੌੜਦੇ ਹਨ, ਪਰ ਓਥੇ ਵੀ ਜੜ੍ਹ ਲੱਗ ਸਕਣੀ ਸੰਭਵ ਨਹੀਂ ਰਹਿ ਗਈ। 5 ਨਵੰਬਰ ਨੂੰ ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ‘ਗੁੰਮਸ਼ੁਦਾ ਔਰਤ’ ਨਾਟਕ ਕੀਤਾ ਜਾਵੇਗਾ, ਜਿਸਦੀ ਸਕ੍ਰਿਪਟ ਸ਼ਬਦੀਸ਼ ਨੇ ਤਿਆਰ ਕੀਤੀ ਹੈ ਤੇ ਨਿਰਦੇਸ਼ਨ ਅਨੀਤਾ ਸ਼ਬਦੀਸ਼ ਅਨੀਤਾ ਸ਼ਬਦੀਸ਼ ਦਾ ਹੈ। ਇਹ ਇੱਕ ਘਰੇਲੂ ਨੌਕਰਾਣੀ ਦੀ ਕਹਾਣੀ ਹੈ, ਜੋ ਪੜ੍ਹਨਾ ਸਿੱਖ ਕੇ ਆਪਾ ਲੱਭ ਲੈਂਦੀ ਹੈ ਤੇ ਉਨ੍ਹਾਂ ਪੜ੍ਹੇ-ਲਿਖੇ ਲੋਕਾਂ ਤੋਂ ਕਿਨਾਰਾ ਕਰ ਜਾਂਦੀ ਹੈ, ਜੋ ਗਵਾਚ ਚੁੱਕੇ ਹਨ। 6 ਨਵੰਬਰ ਨੂੰ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਚੰਡੀਗੜ੍ਹ ਸਕੂਲ ਆਫ਼ ਡਰਾਮਾ ਵੱਲੋਂ ਗੁਰਸ਼ਰਨ ਸਿੰਘ ਦੇ ਲਿਖੇ ‘ਸਰਪੰਚ ਸਰਪੰਚਣੀ’ ਨਾਟਕ ਖੇਡੇ ਜਾਣਗੇ। ਇਹ ਨਾਟਕ ਗੁਰਸ਼ਰਨ ਭਾਅ ਜੀ ਦੀ ਸ਼ੈਲੀ ਨੂੰ ਸਮਰਪਤ ਹੋਣਗੇ, ਜਿਸ ਲਈ ਇਸ ਨਾਟ ਉਤਸਵ ਦਾ ਇੱਕ ਦਿਨ ਹਮੇਸ਼ਾ ਰਾਂਖਵਾ ਹੁੰਦਾ ਹੈ। ਇਹ ਨਾਟਕੀ ਸੁਮੇਲ ਅਣਹੋਏ ਲੋਕਾਂ ਵੱਲੋਂ ਆਪਣੀ ਸਮਾਜ ਅੰਦਰ ਹੋਂਦ ਨੂੰ ਜ਼ਾਹਰ ਕਰਦੇ ਹਨ, ਜਿਸਨੂੰ ਵੱਡੇ ਲੋਕ ਪਸੰਦ ਨਹੀਂ ਕਰਦੇ, ਪਰ ਗਰੀਬਾਂ ਸਾਹਮਣੇ ਹਾਰ ਜਾਂਦੇ ਹਨ। ਇਹ ਨਾਟਕ ਗੁਰਸ਼ਰਨ ਭਾਅ ਜੀ ਦੇ ਇੱਛਤ ਯਥਾਰਥ ਦਾ ਪ੍ਰਗਟਾਵਾ ਕਰਦੇ ਹਨ। 7 ਨਵੰਬਰ ਨੂੰ ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਸ਼ਬਦੀਸ਼ ਸਿਰਜਤ ਨਾਟਕ ‘ਮਨ ਮਿੱਟੀ ਦਾ ਬੋਲਿਆ’ ਖੇਡਿਆ ਜਾਵੇਗਾ, ਜਿਸਦਾ ਨਿਰਦੇਸ਼ਨ ਅਨੀਤਾ ਸ਼ਬਦੀਸ਼ ਦਾ ਹੈ ਤੇ ਉਹੀ ਇਸਦੀ ਅਦਾਕਾਰਾ ਹੈ। ਇਹ ਨਾਟਕ ਘਰ ਤੇ ਸਮਾਜ ਵਿੱਚ ਬਲਾਤਕਾਰ ਦੀਆਂ ਸ਼ਿਕਾਰ ਹੋਈਆਂ ਔਰਤਾਂ ਦੇ ਦਰਦ ਦੀ ਗਾਥਾ ਹੈ। ਇਸ ਵਿੱਚ ਮਾਸੂਮ ਬੱਚੀ ਹੈ; ਦੋਸਤ ਦਾ ਸ਼ਿਕਾਰ ਬਣੀ ਮੁਟਿਆਰ ਹੈ; ਪਤੀ ਦਾ ਘਰ ਛੱਡ ਚੁੱਕੀ ਗਰੀਬ ਔਰਤ ਹੈ; ਤੇ ਪੰਚਾਇਤ ਦੇ ਫ਼ਰਮਾਨ ’ਤੇ ਰੇਪ ਦੀ ਸ਼ਿਕਾਰ ਹੋਈ ਤਲਾਕਸ਼ੁਦਾ ਔਰਤ ਵੀ ਹੈ। 8 ਨਵੰਬਰ ਨੂੰ ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਹੀ ਮਰਾਠੀ ਨਾਟਕ ਦਾ ਪੰਜਾਬੀ ਰੂਪਾਂਤਰ ‘ਵਕਤ ਤੈਨੂੰ ਸਲਾਮ ਹੈ’ ਪੇਸ਼ ਕੀਤਾ ਜਾਵੇਗਾ, ਜਿਸਦੇ ਮੂਲ ਲੇਖਕ ਸੀ ਟੀ ਖਨੋਲਕਰ ਹਨ ਤੇ ਰੂਪਾਂਤਰ ‘ਸ਼ਬਦੀਸ਼ ਨੇ ਤਿਆਰ ਕੀਤਾ ਹੈ। ਇਹ ਤਰਕਸ਼ੀਲ ਨਾਟਕ ਹੈ, ਪਰ ਇਸਦਾ ਮੁਹਾਂਦਰਾ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਪ੍ਰਭਾਵ ਹੇਠ ਖੇਡੇ ਗਏ ਬਹੁਤੇ ਨਾਟਕਾਂ ਤੋਂ ਵੱਖਰਾ ਹੈ। ਇਹ ਆਪਣਾ ਸੰਦੇਸ਼ ਬਹੁਤ ਹੀ ਸੂਖਮ ਤੇ ਕਲਾਤਮਕ ਢੰਗ ਨਾਲ ਦਿੰਦਾ ਹੈ।
