ਚੰਡੀਗੜ੍ਹ :
ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਆਯੋਜਿਤ ਹੋਣ ਵਾਲੇ ਸਲਾਨਾ 20ਵੇਂ ‘ਗੁਰਸ਼ਰਨ ਸਿੰਘ ਨਾਟ ਉਤਸਵ’ ਦਾ ਆਗਾਜ਼ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਨਾਟਕ ‘ਮੈਂ ਕਿਤੇ ਨਹੀਂ ਗਿਆ’ ਨਾਲ ਹੋਇਆ, ਜਿਸਦਾ ਨਿਰਦੇਸ਼ਨ ਐਨ. ਐਸ. ਡੀ. ਤੋਂ ਸਿਖਿਅਤ ਰਜਿੰਦਰ ਸਿੰਘ ਨੇ ਕੀਤਾ ਸੀ। ਪੰਜਾਬ ਕਲਾ ਭਵਨ ਵਿੱਚ ਹੋ ਰਿਹਾ ਨਾਟ ਉਤਸਵ ਪੰਜਾਬ ਕਲਾ ਪਰਿਸ਼ਦ ਤੇ ਮਨਿਸਟਰੀ ਆਫ਼ ਕਲਚਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
ਇਸ ਵਾਰ ਸੁਚੇਤਕ ਰੰਗਮੰਚ ਵੱਲੋਂ ਤਿਆਰ ਕੀਤੀ ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ ਖ਼ਾਸ ਆਕਰਸ਼ਣ ਸੀ। ਇਹ ਗੈਲਰੀ 2010 ਵਿੱਚ ਗੁਰਸ਼ਰਨ ਸਿੰਘ ਹੁਰਾਂ ਦੀ ਹਾਜ਼ਰੀ ਵਿੱਚ ਲਗਾਈ ਗਈ ਸੀ। ਇਹ ਇਸ ਵੇਲ਼ੇ ਸੁਚੇਤਕ ਸਕੂਲ ਆਫ਼ ਐਕਟਿੰਗ ਦੇ ਵਿਹੜੇ ਵਿੱਚ ਮੋਹਾਲੀ ਵਿਖੇ ਸਥਾਪਤ ਹੈ, ਪਰ ਇਸ ਨਾਟ ਉਤਸਵ ਦੇ ਪੰਜ ਦਿਨ ਏਥੇ ਹੀ ਰਹੇਗੀ।
ਕੈਨੇਡਾ ਵੱਸਦੇ ਪੰਜਾਬੀ ਸਾਹਿਤਕਾਰ ਕੁਲਵਿੰਦਰ ਖਹਿਰਾ ਦਾ ਨਾਟਕ ‘ਮੈਂ ਕਿਤੇ ਨਹੀਂ ਗਿਆ’ ਦੇਸੀ ਤੇ ਪ੍ਰਵਾਸੀ ਪੰਜਾਬ, ਦੋਵਾਂ ਦੇ ਜੀਵਨ ਨਾਲ ਜੁੜੇ ਸੰਕਟ ਨੂੰ ਮੁਖ਼ਾਤਿਬ ਹੈ। ਇਹ ਜੜ੍ਹਾਂ ਨਾਲ ਜੁੜੇ ਰਹਿਣ ਜਾਂ ਨਵੀਂ ਧਰਤ ’ਤੇ ਜੜ੍ਹਾਂ ਜਮਾ ਲੈਣ ਦੇ ਮਨੋਵਿਗਿਆਨਕ ਸੰਘਰਸ਼ ਦੀ ਗਾਥਾ ਬਿਆਨ ਕਰਦਾ ਹੈ। ਇਸਦੇ ਮੁੱਖ ਕਿਰਦਾਰ, ਜਿਸਨੂੰ ਸੁਰਿੰਦਰ ਸ਼ਰਮਾ ਅਦਾ ਕਰ ਰਹੇ ਸਨ, ਉਸਨੂੰ ਲਗਦਾ ਹੈ ਕਿ ਮਾਤ-ਭੂਮੀ ਸੁਪਨਹੀਣ ਤੇ ਜੜ੍ਹ-ਹੀਣ ਹੋ ਗਈ ਹੈ ਤੇ ਉਸਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਕੈਨੇਡਾ ਚਲੇ ਜਾਣਾ ਚਾਹੀਦਾ ਹੈ।
ਉਹ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਤੋਂ ਤਾਂ ਵਾਕਫ ਹੈ, ਪਰ ਨਹੀਂ ਜਾਣਦਾ ਕਿ ਬੀਤੀ ਸਦੀ ਵਿੱਚ ਆਇਆ ਨਵਾਂ ਆਰਥਕ ਨਿਜ਼ਾਮ ਨਵੀਂ ਸਦੀ ਵਿੱਚ ਪੂਰੇ ਵਿਸ਼ਵ ਅੰਦਰ ਛਾ ਗਿਆ ਹੈ; ਹਰ ਦੇਸ਼ ਕਾਰਪੋਰੇਟੀ ਨਿਜ਼ਾਮ ਦੀ ਮਾਰ ਹੇਠ ਹੈ। ਇਸਦੇ ਦੁਰ-ਪ੍ਰਭਾਵਾਂ ਤੋਂ ਕੈਨੇਡਾ ਵੀ ਬਚ ਨਹੀਂ ਸਕਿਆ। ਉਹ ਨੌਜਵਾਨ ਪਰਾਈ ਧਰਤੀ ’ਤੇ ਨਸ਼ੇ ਦੀ ਓਸੇ ਦਲਦਲ ਵਿੱਚ ਜਾ ਫਸਦਾ ਹੈ, ਜਿਸ ਤੋਂ ਬਚਣ ਲਈ ਪੰਜਾਬੀ ਮਾਪੇ ਆਪਣੇ ਧੀਆਂ-ਪੁੱਤਾਂ ਨੂੰ ਵਿਦੇਸ਼ ਭੇਜ ਰਹੇ ਹਨ। ਇੱਕ ਵੇਲ਼ਾ ਆਉਂਦਾ ਹੈ, ਜਦੋਂ ਉਹ ਖ਼ੁਦਕੁਸ਼ੀ ਨੂੰ ਹੀ ਅੰਤਿਮ ਹੱਲ ਮੰਨ ਲੈਂਦਾ ਹੈ।
ਇਹ ਨਾਟਕ ਆਪਣੇ ਸਿਖ਼ਰ ਤੱਕ ਜਾਂਦਾ ਹੋਇਆ ਚੇਤਨਾ ਦੀ ਜਾਗ ਲਗਾਉਂਦਾ ਹੈ ਤੇ ਦੱਸਦਾ ਹੈ; ਕਿ ਉਸਨੂੰ ਗਦਰ ਲਹਿਰ ਦੇ ਸੂਰਬੀਰਾਂ ਵਾਂਗ ਸਾਰੇ ਸੰਸਾਰ ਨੂੰ ਆਪਣਾ ਘਰ ਮੰਨ ਕੇ ਮੁਕਤੀ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਉਸ ਕਿਰਦਾਰ ਦਾ ਭਵਿੱਖਮੁਖੀ ਨਜ਼ਰੀਆ ਹੋ ਸਕਦਾ ਹੈ ਕਿ ਉਹ ਜਿਸ ਦੇਸ਼ ਵੀ ਦੇਸ਼ ਵਿੱਚ ਹੈ, ਉਸਨੂੰ ਓਸੇ ਦੇ ਭਵਿੱਖ ਲਈ ਲੜਨਾ ਚਾਹੀਦਾ ਹੈ ਤੇ ਜੇ ਕਦੇ ਮੌਕਾ ਲੱਗੇ ਤਾਂ ਗਦਰੀਆਂ ਵਾਂਗ ਵਤਨ ਵਾਪਸੀ ਵੀ ਕਰਨੀ ਚਾਹੀਦੀ ਹੈ।
ਇਸ ਤਰ੍ਹਾਂ ਨਾਟਕ ਆਪਣੇ ਸਸ਼ਕਤ ਸੰਦੇਸ਼ ਨਾਲ ਸਿਖ਼ਰ ਛੋਹਦਾ ਹੈ ਅਤੇ ਸਮਾਜਕ-ਆਰਥਕ ਨਿਜ਼ਾਮ ਵਿੱਚ ਕ੍ਰਾਂਤੀਕਾਰੀ ਤਬਦੀਲੀ ਦੇ ਸੰਘਰਸ਼ ਦਾ ਮਾਦਾ ਜਗਾਉਂਦਾ ਹੈ। ਇਸ ਨਾਟਕ ਵਿੱਚ ਸੁਰਿੰਦਰ ਸ਼ਰਮਾ ਦੇ ਕਿਰਦਾਰ ਨੂੰ ਉਭਾਰਨ ਲਈ ਹਰਮਨ ਤੇ ਹਰਸ਼ ਦੀਆਂ ਸੰਖੇਪ, ਪਰ ਪ੍ਰਭਾਵਸ਼ਾਲੀ ਭੂਮਿਕਾਵਾਂ ਹਨ। ਇਸਦਾ ਸੰਗੀਤ ਰਵੀ ਸ਼ੀਨ ਨੇ ਤਿਆਰ ਕੀਤਾ ਸੀ ਤੇ ਗੀਤ ਅਮੋਲਕ ਸਿੰਘ ਦੇ ਸਨ।