ਦੋ ਦਿਨਾਂ ਦਾ ਅੰਦਰ ਮਸਲਾ ਨਾ ਹੱਲ ਹੋਇਆ ਤਾਂ ਜ਼ਿਲ੍ਹਾ ਪ੍ਰਸ਼ਾਸਨ, ਗਮਾਡਾ ਅਤੇ ਨਗਰ ਨਿਗਮ ਅਧਿਕਾਰੀਆਂ ਖਿਲਾਫ ਦੇਵਾਂਗੇ ਧਰਨਾ : ਕੁਲਜੀਤ ਸਿੰਘ ਬੇਦੀ
Garbage problem : ਮੋਹਾਲੀ : ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਜ਼ਿਲ੍ਹਾ ਪ੍ਰਸ਼ਾਸਨ, ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋ ਦਿਨਾਂ ਦੇ ਅੰਦਰ ਕੂੜੇ ਦੇ ਪ੍ਰਬੰਧ ਦਾ ਉਪਰਾਲਾ ਨਾ ਕੀਤਾ ਗਿਆ ਤਾਂ ਉਹ ਇਹਨਾਂ ਵਿਭਾਗਾਂ ਦੇ ਖਿਲਾਫ ਧਰਨਾ ਦੇਣਗੇ। ਇਸ ਮਾਮਲੇ ਵਿੱਚ ਡਿਪਟੀ ਮੇਅਰ ਨੇ ਡਿਪਟੀ ਕਮਿਸ਼ਨਰ ਮੋਹਾਲੀ ਆਸ਼ਿਕਾ ਜੈਨ ਨੂੰ ਇੱਕ ਪੱਤਰ ਲਿਖ ਕੇ ਇਸ ਸਬੰਧੀ ਐਮਰਜੈਂਸੀ ਮੀਟਿੰਗ ਸੱਦਣ ਦੀ ਬੇਨਤੀ ਵੀ ਕੀਤੀ ਹੈ ਤਾਂ ਜੋ ਮੋਹਾਲੀ ਵਿੱਚ ਇਕੱਠੇ ਹੋ ਰਹੇ ਕੂੜੇ ਦੇ ਨਿਪਟਾਣ ਦਾ ਮਸਲਾ ਹੱਲ ਹੋ ਸਕੇ।
ਅੱਜ ਮੋਹਾਲੀ ਦੇ ਫੇਜ਼ 8 ਵਿੱਚ (ਜਿੱਥੇ ਕਿਸਾਨ ਮੰਡੀ ਲੱਗਦੀ ਹੈ) ਵਿਖੇ ਸਫਾਈ ਸੇਵਕਾਂ ਨੇ ਕੂੜੇ ਦੀਆਂ ਟਰਾਲੀਆਂ ਖੜੀਆਂ ਕੀਤੀਆਂ ਹੋਈਆਂ ਹਨ। ਇੱਥੇ ਮੌਕੇ ਤੇ ਪੁੱਜ ਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਅਜਿਹੀਆਂ ਕਈ ਟਰਾਲੀਆਂ ਸ਼ਹਿਰ ਵਿੱਚ ਕੂੜੇ ਨਾਲ ਭਰੀਆਂ ਖੜੀਆਂ ਹਨ ਅਤੇ ਇਸ ਕੂੜੇ ਨੂੰ ਡੰਪਿੰਗ ਗਰਾਊਂਡ ਵਿੱਚ ਨਹੀਂ ਸੁੱਟਣ ਦਿੱਤਾ ਜਾ ਰਿਹਾ। ਇਸ ਮਾਮਲੇ ਵਿੱਚ ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ-ਵੱਖ ਨਾ ਕੀਤੇ ਜਾਣ (ਸੈਗਰੀਗੇਸ਼ਨ) ਕਾਰਨ ਗਾਈਡਲਾਈਨਜ ਦੀ ਉਲੰਘਣਾ ਦੇ ਚਲਦੇ ਡੰਪਿੰਗ ਗਰਾਊਂਡ ਵਿੱਚ ਕੂੜਾ ਸੁੱਟਣਾ ਬੰਦ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਇਸ ਡੰਪਿੰਗ ਗਰਾਊਂਡ ਵਿੱਚ ਕੂੜਾ ਸੁੱਟਣਾ ਬੰਦ ਕਰਵਾਉਣਾ ਸੀ ਤਾਂ ਇਸ ਤੋਂ ਪਹਿਲਾਂ ਇਸਦਾ ਬਦਲਵਾਂ ਪ੍ਰਬੰਧ ਕੀਤਾ ਜਾਣਾ ਚਾਹੀਦਾ ਸੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਅਸਲ ਗੱਲ ਇਹ ਹੈ ਕਿ ਪ੍ਰਸ਼ਾਸਨਿਕ ਅਮਲਾ ਆਪਣੀ ਜਿੰਮੇਵਾਰੀ ਤੋਂ ਭੱਜਦਾ ਰਿਹਾ ਹੈ ਅਤੇ ਇਸ ਨਿੱਕੀ ਸਮੱਸਿਆ ਨੂੰ ਬਹੁਤ ਵੱਡੀ ਬਣਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਬਿਊਨਲ ਦੀਆਂ ਗਾਈਡਲਾਈਨਜ ਦੀ ਉਲੰਘਣਾ ਕੀਤੀ ਗਈ ਜਦੋਂ ਕਿ ਸਮੇਂ ਸਿਰ ਗਮਾਡਾ ਵੱਲੋਂ ਆਪਣੇ ਨਵੇਂ ਸੈਕਟਰਾਂ ਅਤੇ ਪ੍ਰਾਈਵੇਟ ਕਲੋਨੀਆਂ ਦੇ ਕੂੜੇ ਤੇ ਰੱਖ ਰਖਾਓ ਲਈ ਜਗ੍ਹਾ ਅਤੇ ਮਸ਼ੀਨਰੀ ਦਿੱਤੀ ਜਾਣੀ ਚਾਹੀਦੀ ਸੀ ਜੋ ਕਿ ਨਹੀਂ ਦਿੱਤੀ ਗਈ ਅਤੇ ਹਰੇ ਕੂੜੇ (ਜਿਸ ਵਿੱਚ ਦਰਖਤਾਂ ਦੇ ਪੱਤੇ ਅਤੇ ਪਰੂਨਿੰਗ ਕਾਰਨ ਪੈਦਾ ਹੋਇਆ ਹਰਾ ਕੂੜਾ ਤੇ ਇਸ ਦੇ ਨਾਲ ਨਾਲ ਘਰਾਂ ਦੇ ਕਿਚਨ ਗਾਰਡਨ ਦੇ ਬੂਟਿਆਂ ਤੇ ਦਰਖਤਾਂ ਦਾ ਹਰਾ ਕੂੜਾ ਸ਼ਾਮਿਲ ਹੈ) ਦੇ ਰੱਖ ਰਖਾਓ ਅਤੇ ਪ੍ਰਬੰਧ ਵਾਸਤੇ ਵੀ ਕੋਈ ਵੱਖਰੀ ਥਾਂ ਗਮਾਡਾ ਵੱਲੋਂ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਮਸ਼ੀਨਰੀ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਉਹ ਸ਼ਹਿਰ ਦੇ ਮੁੱਦੇ ਚੁੱਕਦੇ ਹਨ ਤਾਂ ਇਸ ਵਿੱਚ ਕੋਈ ਸਿਆਸੀ ਕਾਰਨ ਨਹੀਂ ਹੁੰਦਾ ਸਗੋਂ ਇਹ ਲੋਕਾਂ ਦੇ ਮੁੱਦੇ ਹੁੰਦੇ ਹਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਉਹ ਹਾਈਕੋਰਟ ਦੇ ਦਰਵਾਜ਼ੇ ਤੱਕ ਖੜਕਾ ਚੁੱਕਿਆ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ, ਜੋ ਉਹਨਾਂ ਦੇ ਵਿਰੁੱਧ ਬੋਲ ਰਹੇ ਹਨ, ਉਹ ਉਹਨਾਂ ਨੂੰ ਖੁੱਲਾ ਸੱਦਾ ਦਿੰਦੇ ਹਨ ਕਿ ਉਹ ਅੱਗੇ ਹੋ ਕੇ ਆਪਣੇ ਵਿਧਾਇਕ ਰਾਹੀਂ ਇਹ ਕੰਮ ਕਰਾ ਲੈਣ, ਤਾਂ ਉਹ ਡਿਪਟੀ ਮੇਅਰ ਹੋਣ ਦੇ ਨਾਤੇ ਇਸ ਦੀ ਸ਼ਲਾਘਾ ਕਰਨਗੇ ਪਰ ਸੱਤਾਧਾਰੀ ਪਾਰਟੀ ਇਸ ਮਸਲੇ ਉੱਤੇ ਸਿੱਧੇ ਤੌਰ ਤੇ ਸਿਆਸਤ ਕਰਨ ਤੇ ਤੁਲੀ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦਿੱਲੀ ਵਿੱਚ ਪਾਣੀ ਲਈ ਤਰਾਹੀ ਤਰਾਹੀ ਕਰ ਰਹੇ ਲੋਕਾਂ ਦੇ ਮਸਲੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਂਦੀ ਹੈ ਅਤੇ ਉਸ ਉੱਤੇ ਸਿਆਸੀ ਸਾਜ਼ਿਸ਼ ਕਰਨ ਦਾ ਦੋਸ਼ ਲਾਉਂਦੀ ਹੈ ਤਾਂ ਮੋਹਾਲੀ ਵਿੱਚ ਵਿਕਾਸ ਕਾਰਜਾਂ ਅਤੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਨਾ ਕਰਨ ਵਿੱਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਕਿਉਂਕਿ ਗਮਾਡਾ ਦੇ ਚੇਅਰਮੈਨ ਖੁਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹਨ, ਪਰ ਗਮਾਡਾ ਵੱਲੋਂ ਕੂੜੇ ਦੇ ਪ੍ਰਬੰਧ ਲਈ ਡੱਕਾ ਵੀ ਨਹੀਂ ਤੋੜਿਆ ਜਾ ਰਿਹਾ ਅਤੇ ਇਸ ਮਸਲੇ ਨੂੰ ਲਗਾਤਾਰ ਲਮਕਾਇਆ ਗਿਆ ਹੈ।ਜਿਸ ਕਾਰਨ ਅੱਜ ਡੰਪਿੰਗ ਗਰਾਊਂਡ ਵਿੱਚ ਕੂੜਾ ਸੁੱਟਣ ਉੱਤੇ ਰੋਕ ਲੱਗਣ ਵਰਗੀ ਨੌਬਤ ਆ ਗਈ ਹੈ ਅਤੇ ਮੋਹਾਲੀ ਦੇ ਲੋਕਾਂ ਵਾਸਤੇ ਇਹ ਬਹੁਤ ਵੱਡੀ ਆਫਤ ਬਣਦੀ ਜਾ ਰਹੀ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਨੌਬਤ ਇਹ ਆ ਗਈ ਹੈ ਕਿ ਸਫਾਈ ਕਰਮਚਾਰੀਆਂ ਨੂੰ ਕੂੜੇ ਨਾਲ ਭਰੀਆਂ ਟਰਾਲੀਆਂ ਫੇਜ਼ ਅੱਠ ਵਿੱਚ ਖੜੀਆਂ ਕਰਨੀਆਂ ਪਈਆਂ ਹਨ ਅਤੇ ਪੂਰੇ ਸ਼ਹਿਰ ਵਿੱਚ ਥਾਂ ਥਾਂ ਤੇ ਕੂੜੇ ਦੇ ਢੇਰ ਲੱਗ ਰਹੇ ਹਨ ਅਤੇ ਸਫਾਈ ਕਰਮਚਾਰੀ ਵੀ ਪੂਰੀ ਤਰ੍ਹਾਂ ਮਜਬੂਰ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਦੋ ਦਿਨਾਂ ਦੇ ਅੰਦਰ ਇਸ ਮਸਲੇ ਦਾ ਨਿਪਟਾਰਾ ਨਾ ਹੋਇਆ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਖਿਲਾਫ ਧਰਨਾ ਦੇਣਗੇ ਜਿਸ ਦੀ ਸਾਰੀ ਜਿੰਮੇਵਾਰੀ ਜਿਲਾ ਪ੍ਰਸ਼ਾਸਨ ਦੀ ਹੋਵੇਗੀ।