ਪੁਸਤਕ ਪ੍ਰਦਰਸ਼ਨੀ, ਸਾਹਿਤਿਕ ਗੋਸ਼ਟੀਆਂ ਅਤੇ ਸਾਰਥਕ ਚਰਚਾ ਨਾਲ ਯਾਦਗਾਰੀ ਹੋ ਨਿਬਿੜਿਆ ਪੁਸਤਕ ਮੇਲਾ
“ਅਖੀਰਲੇ ਦਿਨ ‘ਸਾਡਾ ਬਜ਼ੁਰਗ ਸਾਡਾ ਮਾਣ’ ਤਹਿਤ ਬਜ਼ੁਰਗ ਕਵੀਆਂ ਦੀ ਸ਼ਮੂਲੀਅਤ ਵਾਲਾ ਕਵੀ ਦਰਬਾਰ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸਿਖਿਆਰਥੀਆਂ ਦਾ ਗਿੱਧੇ, ਝੂੰਮਰ, ਭੰਗੜੇ ਦੀਆਂ ਪੇਸ਼ਕਾਰੀਆਂ ਅਹਿਮ ਰਹੀਆਂ“
ਐੱਸ ਏ ਐੱਸ ਨਗਰ :
ਭਾਸ਼ਾ ਵਿਭਾਗ ਪੰਜਾਬ ਵੱਲੋਂ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਹਿਲਕਦਮੀ ’ਤੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਫੇਸ 6 , ਮੋਹਾਲੀ ਵਿਖੇ ਲਾਇਆ ਗਿਆ ਪੰਜਾਬੀ ਮਾਹ ਨੂੰ ਸਮਰਪਿਤ ਚਾਰ ਦਿਨਾਂ ਪੁਸਤਕ ਮੇਲਾ ਵੀਰਵਾਰ ਬਾਅਦ ਦੁਪਹਿਰ ਮਿੱਠੀਆਂ ਯਾਦਾਂ ਛੱਡਦਾ ਸੰਪੂਰਨ ਹੋ ਗਿਆ। ਮੋਹਾਲੀ ਅਤੇ ਚੰਡੀਗੜ੍ਹ ’ਚ ਪਹਿਲੀ ਵਾਰ ਏਨੇ ਵੱਡੇ ਪੱਧਰ ’ਤੇ ਲਾਈ ਪੁਸਤਕ ਪ੍ਰਦਰਸ਼ਨੀ ਦੇ ਨਾਲ-ਨਾਲ ਇਹ ਪੁਸਤਕ ਮੇਲਾ ਸਾਹਿਤਿਕ ਗੋਸ਼ਟੀਆਂ, ਸਾਰਥਕ ਵਿਚਾਰਾਂ ਅਤੇ ਸਭਿਆਚਾਰਕ ਵੰਨਗੀਆਂ ਨੂੰ ਇੱਕ ਮਹੱਤਵਪੂਰਣ ਮੰਚ ਪ੍ਰਦਾਨ ਕਰਨ ਦਾ ਅਹਿਮ ਜ਼ਰੀਆ ਵੀ ਹੋ ਨਿੱਬੜਿਆ।
ਜ਼ਿਲ੍ਹਾ ਭਾਸ਼ਾ ਅਫ਼ਸਰ, ਡਾ. ਦਵਿੰਦਰ ਸਿੰਘ ਬੋਹਾ, ਜਿਨ੍ਹਾਂ ਇਸ ਚਾਰ ਦਿਨਾਂ ਪੁਸਤਕ ਮੇਲੇ ਨੂੰ ਭਾਸ਼ਾ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ’ਚ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ, ਨੇ ਦੱਸਿਆ ਕਿ ਇਸ ਪੁਸਤਕ ਮੇਲੇ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਦੇ ਲਗਭਗ 30 ਪੁਸਤਕ ਵਿਕ੍ਰੇਤਾਵਾਂ ਵੱਲੋਂ ਆਪਣੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਸੀ। ਇਸ ਮੌਕੇ ਪੰਜਾਬੀ ਅੱਖਰਕਾਰਾਂ ਸਰਬੱਤ ਅੱਖਰਕਾਰੀ, ਪੰਜਾਬੀ ਕਲਮਕਾਰੀ ਅਤੇ ਸਾਹਿਬੁ ਆਰਟ ਵੱਲੋਂ ਵੀ ਆਪਣੀ ਅੱਖਰਕਾਰੀ ਦੀ ਖ਼ੂਬਸੂਰਤ ਪ੍ਰਦਰਸ਼ਨੀ ਲਗਾਈ ਗਈ ਸੀ।
ਇਸ ਪੁਸਤਕ ਮੇਲੇ ਦੀ ਪ੍ਰਾਪਤੀ ਪੁਸਤਕ ਪ੍ਰਦਰਸ਼ਨੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਬਾਰੇ ਅੱਠ ਸੈਸ਼ਨਾਂ ਵਿਚ ਵੰਡ ਕੇ ਕੀਤੀਆਂ ਗੋਸ਼ਟੀਆਂ ਸਨ, ਜਿਨ੍ਹਾਂ ਨੂੰ ਵੱਖ-ਵੱਖ ਵਿਦਵਾਨਾਂ, ਚਿੰਤਕਾਂ, ਸਾਹਿਤਕਾਰਾਂ, ਪਾਠਕਾਂ ਆਦਿ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਸਾਰਥਕ ਵਿਚਾਰ ਚਰਚਾ ਹੋਈ।
ਇਸ ਮੇਲੇ ਦੇ ਆਖਰੀ ਦਿਨ ਦੇ ਦੋਵੇਂ ਸੈਸ਼ਨ ਬਹੁਤ ਅਹਿਮ ਸਨ। ਪਹਿਲੇ ਸੈਸ਼ਨ ਵਿਚ ‘ਸਾਡੇ ਬਜ਼ੁਰਗ ਸਾਡਾ ਮਾਣ’ ਤਹਿਤ ਬਜ਼ੁਰਗ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ 20 ਦੇ ਕਰੀਬ ਕਵੀਆਂ ਵੱਲੋਂ ਆਪਣੀਆਂ ਰਚਨਾਵਾਂ ਨਾਲ ਸ਼ਮੂਲੀਅਤ ਕੀਤੀ ਗਈ। ਸੈਸ਼ਨ ਪ੍ਰਧਾਨਗੀ ਉੱਘੀ ਸ਼ਾਇਰਾ ਸੁਖਵਿੰਦਰ ਅੰਮਿ੍ਰਤ ਅਤੇ ਉੱਘੇ ਗ਼ਜ਼ਲਗੋ ਸਿਰੀ ਰਾਮ ਅਰਸ਼ ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਵਜੋਂ ਸ੍ਰੋੋਮਣੀ ਸ਼ਾਇਰਾ ਮਨਜੀਤ ਇੰਦਰਾ ਵੱਲੋਂ ਸ਼ਿਰਕਤ ਕੀਤੀ ਗਈ। ਕਵਿਤਾ ਪਾਠ ਲਈ ਜ਼ਿਲ੍ਹੇ ਦੇ ਨਾਮਵਰ ਕਵੀਆਂ ਅਤੇ ਕਵਿੱਤਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸੈਸ਼ਨ ਦੇ ਆਰੰਭ ਵਿਚ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ ਅਤੇ ਸ੍ਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ ਗਿਆ ਅਤੇ ਸਮੁੱਚੇ ਸਮਾਗਮ ਦੀ ਰੂਪਰੇਖਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਸ਼ਾਇਰਾ ਸੁਖਵਿੰਦਰ ਅੰਮਿ੍ਰਤ ਵੱਲੋਂ ਸਫ਼ਲ ਪੁਸਤਕ ਮੇਲੇ ਦੀ ਮੁਬਾਰਕਬਾਦ ਦਿੰਦਿਆਂ ਆਪਣੀਆਂ ਗ਼ਜ਼ਲਾਂ ਦੇ ਸ਼ੇਅਰ ਅਤੇ ‘ਮੇਰੀ ਮਾਤ ਬੋਲੀ’ ਕਵਿਤਾ ਸੁਣਾਈ ਗਈ। ਸ਼ਾਇਰਾ ਮਨਜੀਤ ਇੰਦਰਾ ਵੱਲੋਂ ਮੋਹਾਲੀ ਵਿਚ ਪਹਿਲੀ ਵਾਰ ਪੁਸਤਕ ਮੇਲੇ ਵਰਗੇ ਕਾਮਯਾਬ ਯਤਨ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਸ਼ਲਾਘਾ ਕੀਤੀ ਗਈ ਅਤੇ ‘ਦੀਵਾ ਜਗਾ ਕੇ ਰੱਖਾਂਗੇ ਕਿੱਥੇ’ ਨਜ਼ਮ ਤਰੰਨੁਮ ਵਿਚ ਗਾ ਕੇ ਮਾਹੌਲ ਖੁਸ਼ਨੁਮਾ ਬਣਾਦਿੱਤਾ। ਗ਼ਜ਼ਲਗੋ ਸਿਰੀ ਰਾਮ ਅਰਸ਼ ਵੱਲੋਂ ਵੀ ਆਪਣੇ ਸ਼ੇਅਰ ਸ੍ਰੋਤਿਆਂ ਨਾਲ ਸਾਂਝੇ ਕਰਦਿਆਂ ਪੁਸਤਕ ਮੇਲੇ ਵਰਗੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਸੁਰਿੰਦਰ ਗਿੱਲ ਵੱਲੋਂ ‘ਧੀ ਧਿਆਣੀ ਨੂੰ’, ਸੁਰਜੀਤ ਬੈਂਸ ਵੱਲੋਂ ‘ਪਾਣੀਆਂ ਦਾ ਵਹਿਣ ਹਾਂ’, ਗੁਰਨਾਮ ਕੰਵਰ ਵੱਲੋਂ ‘ਮੇਰੀ ਕਵਿਤਾ ਗੁੰਮ ਹੈ’, ਬਲਕਾਰ ਸਿੰਘ ਸਿੱਧੂ ਵੱਲੋਂ ‘ਉਡੀਕ’, ਮਨਜੀਤ ਮੀਤ ਵੱਲੋਂ ‘ਫੌਜੀ ਅਤੇ ਫੌਜਣ’, ਪਰਮਜੀਤ ਪਰਮ ਵੱਲੋਂ ‘ਇਮਤਿਹਾਨ’, ਰਾਜਿੰਦਰ ਕੌਰ ਵੱਲੋਂ ‘ਸਾਰੇ ਪਿਤਾਮਾ’, ‘ਉਸ ਰਾਤ’ ਅਤੇ ‘ਫੇਰ ਕਦੇ’, ਮਨਜੀਤ ਪਾਲ ਸਿੰਘ ਵੱਲੋਂ ‘ਹੋਇਐ ਕਿਸ ਦੇ ਹੱਥੋਂ’, ਗੁਰਚਰਨ ਸਿੰਘ ਵੱਲੋਂ ‘ਦੋਸਤੀਆਂ ਦਰਿਆਵਾਂ ਨਾਲ’, ਭਗਤ ਰਾਮ ਰੰਗਾੜਾ ਵੱਲੋਂ ‘ਪੰਜਾਬ ਦੇ ਦਰਿਆ’, ਗੁਰਦਰਸ਼ਨ ਸਿੰਘ ਮਾਵੀ ਵੱਲੋਂ ‘ਬੁਢਾਪਾ’, ਰਾਜਵਿੰਦਰ ਸਿੰਘ ਗੱਡੂ ਵੱਲੋਂ ‘ਸਾਡੇ ਬਜ਼ੁਰਗ ਸਾਡਾ ਮਾਣ’ ਅਤੇ ‘ਆਪਣਾ ਅਤੇ ਪਰਾਇਆ’, ਅਵਤਾਰ ਪਤੰਗ ਵੱਲੋਂ ‘ਮੈਂ ਜੋ ਹਾਂ’, ਪਾਲ ਅਜਨਬੀ ਵੱਲੋਂ ‘ਨਵਾਂ ਆਲ੍ਹਣਾ’ ਅਤੇ ‘ਸ਼ਾਇਦ ਮੈਂ ਜ਼ਿੰਦਾ ਨਹੀਂ ਹਾਂ’, ਕੇਵਲਜੀਤ ਕੰਵਲ ਵੱਲੋਂ ‘ਸੜਕਾਂ ’ਤੇ’, ਬਲਜੀਤ ਕੌਰ ਮੋਹਾਲੀ ਵੱਲੋਂ ‘ਮੈਂ ਔਰਤ ਹਾਂ’, ਅਤੇ ਦਰਸ਼ਨ ਸਿੰਘ ਬਨੂੜ ਵੱਲੋਂ ‘ਬੱਚਿਆਂ ਨੂੰ ਰੱਖੂ ਕੌਣ ਵਿਰਸੇ ਨਾਲ ਜੋੜ ਕੇ’ ਆਦਿ ਕਵਿਤਾਵਾਂ ਦਾ ਪਾਠ ਕੀਤਾ ਗਿਆ। ਬਲਵਿੰਦਰ ਢਿੱਲੋਂ ਵੱਲੋਂ ‘ਹੀਰ’ ਅਤੇ ਬਾਬੂ ਰਜਬ ਅਲੀ ਦੀ ਛੰਦਬੰਦੀ, ਭੁਪਿੰਦਰ ਮਟੌਰੀਆ ਵੱਲੋਂ ਪੁਆਧੀ ਗੀਤ, ਮੋਹਨ ਸਿੰਘ ਪ੍ਰੀਤ ਵੱਲੋਂ ‘ਆਜਾ ਜਿੰਦੂਆ’ ਗੀਤ, ਧਿਆਨ ਸਿੰਘ ਕਾਹਲੋਂ ਵੱਲੋਂ ਗੀਤ ਗਾ ਕੇ ਸ੍ਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ ਗਿਆ।
ਕਵੀ ਦਰਬਾਰ ਉਪਰੰਤ ਪੁਸਤਕ ਮੇਲੇ ਦੇ ਅਖੀਰਲੇ ਸੈਸ਼ਨ ਵਿਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਸਟੈਨੋਗ੍ਰਾਫੀ ਸਿਖਿਆਰਥਣਾਂ ਵੱਲੋਂ ਗਿੱਧਾ, ਝੂੰਮਰ, ਭੰਗੜਾ ਆਦਿ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨਾਲ ਮੇਲਾ ਅਮਿੱਟ ਪੈੜਾਂ ਪਾ ਗਿਆ। ਇਨ੍ਹਾਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਇਸ ਰਾਜ ਪੱਧਰੀ ਚਾਰ ਰੋਜਾ ਪੁਸਤਕ ਮੇਲੇ ਨੂੰ ਯਾਦਗਾਰ ਬਣਾ ਦਿੱਤਾ। ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਕਵੀ ਸਾਹਿਬਾਨਾਂ ਅਤੇ ਸਿਖਿਆਰਥਣਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ ਅਤੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਅਤੇ ਬਲਕਾਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਮਾਗਮ ਵਿਚ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਵੱਲੋਂ ਇਸ ਪੁਸਤਕ ਮੇਲੇ ਦੇ ਸਫ਼ਲ ਪ੍ਰਬੰਧਾਂ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫਸਰ, ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਰੱਜਵੀਂ ਪ੍ਰਸ਼ੰਸਾ ਕੀਤੀ ਗਈ ਅਤੇ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਲਈ ਕਿਹਾ।