ਡਿਪਟੀ ਕਮਿਸ਼ਨਰ ਵੱਲੋਂ ਪ੍ਰਬੰਧਾਂ ਦਾ ਜਾਇਜ਼ਾ ਅਧਿਕਾਰੀਆਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਦੇ ਨਿਰਦੇਸ਼
ਨਿਊ ਚੰਡੀਗੜ੍ਹ, ਮੁੱਲਾਂਪੁਰ ਵਿਖੇ ਤਿਆਰ ਹੋਏ ਨਵੇਂ ਪੀ.ਸੀ.ਏ. ਕ੍ਰਿਕਟ ਸਟੇਡੀਅਮ ਵਿਖੇ ਪਹਿਲਾ ਆਈ.ਪੀ.ਐੱਲ.ਮੈਚ 23 ਮਾਰਚ ਨੂੰ ਹੋਵੇਗਾ, ਜਿਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਪੀ.ਸੀ.ਏ. ਸਟੇਡੀਅਮ ਮੁੱਲਾਂਪੁਰ ਵਿਖੇ ਪ੍ਰਬੰਧਾਂ ਲਈ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਰਸ਼ਕਾਂ ਲਈ 02 ਪਾਰਕਿੰਗਜ਼ ਸਟੇਡੀਅਮ ਤੋਂ ਬਾਹਰ ਬਣਾਈਆਂ ਜਾਣਗੀਆਂ।
ਉਹਨਾਂ ਨੇ ਸੜਕਾਂ ਦੀ ਸਾਫ ਸਫਾਈ, ਸੀਵਰੇਜ, ਲਾਈਟਾਂ, ਰਿਫ਼ਲੈਕਟਰਜ਼, ਸਟੇਡੀਅਮ ਦੇ ਅੰਦਰ ਦੀ ਪਾਰਕਿੰਗ ਦੇ ਢੁਕਵੇਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਸਾਰੇ ਅਧਿਕਾਰੀ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ। ਡਿਪਟੀ ਕਮਿਸ਼ਨਰ ਨੇ ਕ੍ਰਿਕਟ ਮੈਚ ਦੇ ਪ੍ਰਬੰਧਾਂ ਵਿੱਚ ਕੋਈ ਵੀ ਘਾਟ ਨਾ ਆਉਣ ਦੇਣ ਦੀ ਅਧਿਕਾਰੀਆਂ ਨੂੰ ਹਦਾਇਤ ਕੀਤੀ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਪੂਰੀ ਮੁਸਤੈਦੀ ਨਾਲ ਸੁਰੱਖਿਆ ਪ੍ਰਬੰਧ ਕਰਨ ਲਈ ਆਖਿਆ।
ਉਨ੍ਹਾਂ ਨੇ ਮੈਚਾਂ ਦੌਰਾਨ ਅਮਨ ਅਤੇ ਕਾਨੂੰਨ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾਲ ਸਖਤੀ ਨਾਲ ਨਿਪਟਣ ਲਈ ਵੀ ਨਿਰਦੇਸ਼ ਦਿੱਤੇ ਅਤੇ ਟ੍ਰੈਫਿਕ ਨੂੰ ਪੂਰੀ ਤਰ੍ਹਾਂ ਸਚਾਰੂ ਬਣਾਉਣ ਅਤੇ ਲੋਕਾਂ ਨੂੰ ਆਉਣ-ਜਾਣ ਵੇਲੇ ਪੂਰੀ ਸਹੂਲਤ ਮੁਹੱਈਆ ਕਰਵਾਉਣ ਲਈ ਵੀ ਆਖਿਆ। ਡਿਪਟੀ ਕਮਿਸ਼ਨਰ ਨੇ ਫਾਇਰ ਬ੍ਰਿਗੇਡ ਨਾਲ ਸਬੰਧਤ ਅਧਿਕਾਰੀਆਂ ਨੂੰ ਮੌਕੇ ‘ਤੇ ਲੋੜੀਂਦੇ ਪ੍ਰਬੰਧਾਂ ਲਈ ਵੀ ਹਦਾਇਤ ਕੀਤੀ।
ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮੈਡੀਕਲ ਟੀਮਾਂ ਮੈਚ ਵਾਲੇ ਸਥਾਨ ‘ਤੇ ਤਇਨਾਤ ਕਰਨ ਲਈ ਵੀ ਕਿਹਾ ਤਾਂ ਜੋ ਲੋੜ ਪੈਣ ’ਤੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।
ਇਸ ਮੀਟਿੰਗ ਦੌਰਾਨ ਸੀ.ਏ.ਗਮਾਡਾ ਸ਼੍ਰੀ ਰਾਜੀਵ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵੀ.ਐੱਸ. ਤਿੜਕੇ, ਐੱਸ.ਪੀ. (ਹੈੱਡਕੁਆਟਰ) ਸ਼੍ਰੀ ਤੁਸ਼ਾਰ ਗੁਪਤਾ, ਐੱਸ.ਡੀ.ਐਮ. ਖਰੜ ਗੁਰਮੰਦਰ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਡੈਵੀ ਗੋਇਲ, ਡੀ.ਐੱਸ.ਪੀ.ਧਰਮਵੀਰ ਸਿੰਘ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪੀ.ਸੀ.ਏ. ਦੇ ਅਧਿਕਾਰੀ ਹਾਜ਼ਰ ਸਨ।