ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਅੱਗ ਨਾ ਲਾ ਕੇ ਬਦਲਵੇਂ ਤਰੀਕਿਆਂ ਨਾਲ ਪਰਾਲੀ ਦੀ ਸਾਂਭ ਸੰਭਾਲ ਕਰਨ ਦੀ ਅਪੀਲ
ਜ਼ਿਲ੍ਹੇ ਚ ਬੇਲਰ ਮਸ਼ੀਨਾਂ ਦੀ ਵਰਤੋਂ ਨਾਲ 20 ਹਜ਼ਾਰ ਏਕੜ ਰਕਬੇ ਚੋਂ ਪਰਾਲੀ ਦੀਆਂ ਗੰਢਾਂ ਬਣਾਈਆਂ ਗਈਆਂ
ਐਸ.ਏ.ਐਸ.ਨਗਰ:
ਡਿਪਟੀ ਕਮਿਸ਼ਨਰ, ਆਸ਼ਿਕਾ ਜੈਨ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਵਿੱਚ ਵੱਡਮੁੱਲਾ ਯੋਗਦਾਨ ਦੇਣ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੇ ਪਿੰਡ ਜਾ ਕੇ ਸਨਮਾਨਿਤ ਕਰਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿੰਡ ਦੈੜੀ, ਤਹਿਸੀਲ ਮੋਹਾਲੀ ਵਿਖੇ ਉਪ ਮੰਡਲ ਮੈਜਿਸਟਰੇਟ ਮੋਹਾਲੀ ਚੰਦਰਜੋਤੀ ਸਿੰਘ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਅਤੇ ਨਾਇਬ ਤਹਿਸੀਲਦਾਰ ਰਵਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਡਾ. ਗੁਰਦਿਆਲ ਕੁਮਾਰ, ਖੇਤੀਬਾੜੀ ਵਿਕਾਸ ਅਫਸਰ ਜਿਲ੍ਹਾ ਐੱਸ.ਏ.ਐੱਸ.ਨਗਰ ਨੇ ਦੱਸਿਆ ਕਿ ਤਹਿਸੀਲ ਮੋਹਾਲੀ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਅਤੇ ਪਰਾਲੀ ਦੀਆਂ ਗੰਢਾਂ ਤਿਆਰ ਕਰਨ ਲਈ ਪਿੰਡ ਸੋਹਾਣਾ ਦੇ ਬੇਲਰ ਮਾਲਕ ਕੁਲਵਿੰਦਰ ਸਿੰਘ, ਪਿੰਡ ਗਿੱਦੜਪੁਰ ਦੇ ਬੇਲਰ ਮਾਲਕ ਕਰਮਜੀਤ ਸਿੰਘ ਅਤੇ ਪਿੰਡ ਦੇਸੂ ਮਾਜਰਾ ਦੇ ਕਿਸਾਨ ਅਮਰਜੀਤ ਸਿੰਘ ਦੁਆਰਾ ਪ੍ਰਸ਼ਾਸਨ ਨੂੰ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਨ੍ਹਾਂ ਵੱਲੋਂ ਤਹਿਸੀਲ ਮੋਹਾਲੀ ਦੇ ਪਿੰਡ ਰਾਜੋ ਮਾਜਰਾ, ਕੁਰਾਲੀ, ਹੰਸਾਲਾ, ਸੋਹਾਣਾ, ਦੈੜੀ, ਬਠਲਾਣਾ, ਸਨੇਟਾ ਆਦਿ ਪਿੰਡਾਂ ਵਿੱਚ ਬੇਲਰਾਂ ਦੀ ਵਰਤੋਂ ਨਾਲ ਵੱਧ ਤੋਂ ਵੱਧ ਪਰਾਲੀ ਦਾ ਰਕਬਾ ਬਿਨਾਂ ਅੱਗ ਲਾਇਆਂ ਕਵਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਰੋਪ ਰੈਜੀਡਿਊ ਮੈਨੇਜਮੈਂਟ ਸਕੀਮ ਅਧੀਨ ਹੁਣ ਤੱਕ 140 ਮਸ਼ੀਨਾਂ ਦੀ ਖ੍ਰੀਦ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ 99 ਸੁਪਰ ਸੀਡਰ, 8 ਬੇਲਰ, 16 ਸਰਫੇਸ ਸੀਡਰ ਦੀ ਖ੍ਰੀਦ ਹੋਈ ਹੈ ਅਤੇ ਪ੍ਰਸ਼ਾਸਨ ਵੱਲੋਂ ਮਸ਼ੀਨਰੀ ਦੀ ਖ੍ਰੀਦ ਸਬੰਧੀ ਰੋਜ਼ਾਨਾ ਪ੍ਰਗਤੀ ਵਾਚਣ ਲਈ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਵੱਲੋਂ ਮੀਟਿੰਗ ਕੀਤੀ ਜਾਂਦੀ ਹੈ, ਤਾਂ ਜੋ ਵੱਧ ਤੋਂ ਵੱਧ ਮਸ਼ੀਨਾਂ ਦੀ ਖ੍ਰੀਦ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਪਿੰਡ ਦੈੜੀ ਦੀ ਪਟਵਾਰੀ ਵਿਕਰਮ ਬੇਡਰਾ, ਪੰਚਾਇਤ ਸਕੱਤਰ ਅਮਨੀਤ ਸਿੰਘ ਬਾਜਵਾ, ਗੁਰਦੀਪ ਸਿੰਘ ਸਰਪੰਚ ਪਿੰਡ ਦੈੜੀ, ਵਜੀਰ ਸਿੰਘ ਸਾਬਕਾ ਸਰਪੰਚ ਪਿੰਡ ਬਠਲਾਣਾ ਅਤੇ ਅਗਾਂਹਵਧੂ ਕਿਸਾਨ ਸਮਸ਼ੇਰ ਸਿੰਘ, ਗੁਰਸੰਤ ਸਿੰਘ ਪਿੰਡ ਦੈੜੀ, ਸਾਹਿਬ ਸਿੰਘ ਪਿੰਡ ਗੁਡਾਣਾ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਾਰ ਜ਼ਿਲ੍ਹੇ ਚ ਸ਼ੁਰੂ ਕੀਤੀ ਨਵੀਂ ਪਹਿਲ ਕਦਮੀ ਜਿਸ ਨਾਲ ਕਿਸਾਨਾਂ ਦੇ ਖੇਤਾਂ ਚੋਂ ਬੇਲਰ ਮਸ਼ੀਨਾਂ ਰਾਹੀਂ ਪਰਾਲੀ ਦੀਆਂ ਗੰਢਾਂ ਸਬੰਧਤ ਕਿਸਾਨ ਤੋਂ ਬਿਨਾਂ ਕੋਈ ਪੈਸਾ ਲਿਆਂ ਬਣਾਈਆਂ ਜਾ ਰਹੀਆਂ ਹਨ, ਨਾਲ ਹੁਣ ਤੱਕ 20 ਹਜ਼ਾਰ ਏਕੜ ਰਕਬੇ ਚੋਂ ਗੰਢਾਂ ਬਣਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਿਸਾਨਾਂ ਨੂੰ ਇੱਕ ਏਕੜ ਰਕਬੇ ਪਿੱਛੇ ਬੇਲਰ ਨਾਲ ਗੰਢਾਂ ਬਣਵਾਉਣ ਤੇ 2000 ਰੁਪਏ ਖਰਚ ਕਰਨੇ ਪੈਂਦੇ ਸਨ, ਜੋ ਹੁਣ ਨਹੀਂ ਦੇਣੇ ਪੈ ਰਹੇ।