ਡਿਪਟੀ ਮੇਅਰ ਨੇ ਮੌਕੇ ਤੇ ਪੁੱਜ ਕੇ ਕਰਵਾਇਆ ਮਸਲਾ ਹੱਲ, ਮੁੜ ਚਲਵਾਏ ਬੂਸਟਰ
ਮੋਹਾਲੀ ਨਗਰ ਨਿਗਮ ਵੱਲੋਂ ਮੋਹਾਲੀ ਵਿੱਚ ਵੱਖ ਵੱਖ ਥਾਵਾਂ ਤੇ ਪਾਣੀ ਦੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਵਾਟਰ ਬੂਸਟਰ ਟੈਂਕ ਬਣਾਏ ਹੋਏ ਹਨ। ਇਹਨਾਂ ਨੂੰ ਚਲਾਉਣ ਲਈ ਨਗਰ ਨਿਗਮ ਨੇ ਕੰਟਰੈਕਟ ਉੱਤੇ ਮੁਲਾਜ਼ਮ ਰੱਖੇ ਹੋਏ ਹਨ ਜਿਨਾਂ ਨੂੰ ਸਿਰਫ 10 ਹਜ਼ਾਰ 500 ਰੁਪਏ ਮਹੀਨਾ ਤਨਖਾਹ ਵਜੋਂ ਦਿੱਤਾ ਜਾਂਦਾ ਹੈ ਪਰ ਪਿਛਲੇ ਤਿੰਨ ਮਹੀਨਿਆਂ ਤੋਂ ਇਹਨਾਂ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ। ਇਸ ਦੇ ਰੋਸ ਵਜੋਂ ਅੱਜ ਇਹਨਾਂ ਕਰਮਚਾਰੀਆਂ ਨੇ ਬੂਸਟਰ ਬੰਦ ਕਰ ਦਿੱਤੇ ਅਤੇ ਫੇਜ਼-2 ਵਿੱਚ ਧਰਨੇ ਉੱਤੇ ਬੈਠ ਗਏ।
ਬੂਸਟਰ ਬੰਦ ਹੋਣ ਦੀ ਖਬਰ ਮਿਲਣ ਤੇ ਅਧਿਕਾਰੀਆਂ ਦੇ ਹੱਥ ਪੈਰ ਫੁੱਲ ਗਏ ਅਤੇ ਉਹਨਾਂ ਨੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨਾਲ ਸੰਪਰਕ ਕੀਤਾ। ਡਿਪਟੀ ਮੇਅਰ ਨੇ ਮੌਕੇ ਤੇ ਪੁੱਜ ਕੇ ਇਹਨਾਂ ਕਰਮਚਾਰੀਆਂ ਨਾਲ ਗੱਲ ਕੀਤੀ ਅਤੇ ਇੱਕ ਦੋ ਦਿਨਾਂ ਵਿੱਚ ਇਹ ਮਸਲਾ ਹੱਲ ਕਰਾਉਣ ਦਾ ਭਰੋਸਾ ਦੇ ਕੇ ਬੂਸਟਰ ਮੁੜ ਚਾਲੂ ਕਰਵਾਏ।
ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਵਿੱਚ ਪਾਣੀ ਦੀ ਸਪਲਾਈ ਬਹੁਤ ਜਰੂਰੀ ਹੈ ਅਤੇ ਜੇਕਰ ਇਹ ਸਪਲਾਈ ਰੁਕਦੀ ਹੈ ਤਾਂ ਮੋਹਾਲੀ ਵਿੱਚ ਹਾਹਾਕਾਰ ਮੱਚ ਜਾਵੇਗੀ। ਉਹਨਾਂ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਕੰਟਰੈਕਟ ਤੇ ਕੰਮ ਕਰ ਰਹੇ ਇਹਨਾਂ ਕਰਮਚਾਰੀਆਂ ਨੂੰ ਤਨਖਾਹ ਕਿਉਂ ਨਹੀਂ ਮਿਲੀ। ਉਹਨਾਂ ਕਿਹਾ ਕਿ ਇਸ ਮਸਲੇ ਦਾ ਫੌਰੀ ਤੌਰ ਤੇ ਹੱਲ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਅਧਿਕਾਰੀਆਂ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਇਹਨਾਂ ਕਰਮਚਾਰੀਆਂ ਦੀ ਤਨਖਾਹ ਵਾਸਤੇ ਬਜਟ ਨਹੀਂ ਆਇਆ ਤੇ ਕੋਈ ਤਕਨੀਕੀ ਖਾਮੀ ਕਾਰਨ ਇਹਨਾਂ ਦੀ ਤਨਖਾਹ ਰੁਕੀ ਹੈ। ਜ਼ਿਕਰਯੋਗ ਹੈ ਕਿ ਭਾਵੇਂ ਇਹ ਕਰਮਚਾਰੀ ਕੰਟਰੈਕਟ ਦੇ ਹਨ ਪਰ ਇਹਨਾਂ ਨੂੰ ਤਨਖਾਹ ਨਗਰ ਨਿਗਮ ਵੱਲੋਂ ਦਿੱਤੀ ਜਾਂਦੀ ਹੈ।
ਡਿਪਟੀ ਮੇਅਰ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਇਹਨਾਂ ਕਰਮਚਾਰੀਆਂ ਨੇ ਬੂਸਟਰ ਦੇ ਵਿੱਚ ਆਨ ਕੀਤੇ ਅਤੇ ਇਹਨਾਂ ਨੂੰ ਚਾਲੂ ਕੀਤਾ। ਇਹਨਾਂ ਕਰਮਚਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਗੱਲ ਉੱਤੇ ਭਰੋਸਾ ਹੈ ਅਤੇ ਇਸ ਕਰਕੇ ਉਹਨਾਂ ਨੇ ਆਪਣਾ ਧਰਨਾ ਵਾਪਸ ਲੈ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੇ ਵੱਖ-ਵੱਖ ਬੂਸਟਰਾਂ ਉੱਤੇ ਕੰਟਰੈਕਟ ਉੱਤੇ ਲਗਭਗ 20 ਕਰਮਚਾਰੀ ਕੰਮ ਕਰ ਰਹੇ ਹਨ।