ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਮੰਗ, ਬਿਜਲੀ ਵਿਭਾਗ ਵਿੱਚ ਕੀਤੀ ਜਾਵੇ ਟ੍ਰੇਂਡ ਕਰਮਚਾਰੀਆਂ ਦੀ ਪੱਕੀ ਭਰਤੀ : ਬਿਜਲੀ ਦੇ ਬੁਨਿਆਦੀ ਢਾਂਚੇ ਵਿੱਚ ਕੀਤਾ ਜਾਵੇ ਸੁਧਾਰ
ਮੋਹਾਲੀ: ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਬਿਜਲੀ ਬੋਰਡ ਦੇ ਅਧਿਕਾਰੀਆਂ ਅਤੇ ਅਫਸਰਸ਼ਾਹੀ ਦੀ ਲਾਪਰਵਾਹੀ ਕਾਰਨ ਬਿਜਲੀਕਰਨਚਾਰੀ ਕਰੰਟ ਲੱਗਣ ਕਾਰਨ ਆਪਣੀਆਂ ਜਾਨਾਂ ਗਵਾ ਰਹੇ ਹਨ ਕਿਉਂਕਿ ਉਹਨਾਂ ਨੂੰ ਨਾ ਤਾਂ ਸੁਰੱਖਿਆ ਉਪਕਰਨ ਮੁਹਈਆ ਕਰਵਾਏ ਜਾਂਦੇ ਹਨ ਅਤੇ ਕਈ ਥਾਈ ਅਨਟਰੇਂਡ ਕਰਮਚਾਰੀ ਖੰਭਿਆਂ ਉੱਤੇ ਚੜਾ ਦਿੱਤੇ ਜਾਂਦੇ ਹਨ ਜੋ ਕਿ ਬਿਜਲੀ ਵਿਭਾਗ ਦੇ ਪੱਕੇ ਕਰਮਚਾਰੀ ਵੀ ਨਹੀਂ ਹੁੰਦੇ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਕਰਨ ਵਾਲੀ ਅਫਸਰ ਸ਼ਾਹੀ ਅਤੇ ਅਧਿਕਾਰੀਆਂ ਦੇ ਖਿਲਾਫ ਐਫਆਈਆਰ ਦਰਜ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਕਰਮਚਾਰੀਆਂ ਦੀ ਮੌਤ ਦਾ ਕਾਰਨ ਇਹ ਅਧਿਕਾਰੀ ਅਤੇ ਅਫਸਰਸ਼ਾਹੀ ਹੀ ਬਣ ਰਹੀ ਹੈ।
ਜ਼ਿਕਰਯੋਗ ਹੈ ਕਿ 3 ਦਿਨ ਪਹਿਲਾਂ ਖਰੜ ਵਿੱਚ 11 ਕੇਵੀ ਲਾਈਨ ਉੱਤੇ ਕੰਮ ਕਰ ਰਹੇ ਇੱਕ ਠੇਕਾ ਆਧਾਰਤ ਮੁਲਾਜ਼ਮ ਦੀ ਕਰੰਟ ਨਾਲ ਝੁਲਸਣ ਕਾਰਨ ਮੌਤ ਹੋ ਗਈ ਜਦੋਂ ਕਿ ਉਸ ਦੇ ਦੋ ਸਾਥੀ ਜਖਮੀ ਹਨ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਜਿਸ ਠੇਕਾ ਅਧਾਰਤ ਕਰਮਚਾਰੀ ਸਤਵਿੰਦਰ ਸਿੰਘ ਦੀ ਮੌਤ ਹੋਈ ਹੈ ਉਹ ਸਿਰਫ 28 ਸਾਲ ਦਾ ਸੀ ਅਤੇ ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਅਤੇ ਸੱਤ ਸਾਲ ਦਾ ਬੇਟਾ ਹੈ ਤੇ ਉਹ ਹੀ ਘਰ ਦਾ ਖਰਚਾ ਚਲਾਉਣ ਵਾਲਾ ਇੱਕੋ ਕਮਾਉਣ ਵਾਲਾ ਵਿਅਕਤੀ ਸੀ ਜਿਸ ਦੀ ਹੁਣ ਮੌਤ ਹੋ ਗਈ ਹੈ ਅਤੇ ਇਸ ਦੀ ਪੂਰੀ ਜਿੰਮੇਵਾਰੀ ਬਿਜਲੀ ਵਿਭਾਗ ਦੀ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੂਰੇ ਪੰਜਾਬ ਵਿੱਚ ਕਈ ਲਾਈਨਮੈਨਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਚੁੱਕੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਬਿਜਲੀ ਵਿਭਾਗ ਦੇ ਚੇਅਰਮੈਨ ਅਤੇ ਚੀਫ ਇੰਜੀਨੀਅਰ ਨੂੰ ਲਿਖੇ ਆਪਣੇ ਪੱਤਰ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਪਿਛਲੇ ਦਿਨੀ ਖਰੜ ਵਿੱਚ ਇੱਕ ਲਾਈਨ ਮੈਨ ਦੀ ਓਨ ਡਿਊਟੀ ਖੰਭੇ ਉੱਤੇ ਹੋਈ ਮੌਤ ਤੇ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਦੇ ਖਿਲਾਫ ਇਸ ਕਰਮਚਾਰੀ ਦੀ ਮੌਤ ਦੀ ਐਫਆਈਆਰ ਦਰਜ ਕੀਤੀ ਜਾਵੇ। ਉਹਨਾਂ ਕਿਹਾ ਕਿ ਬਿਜਲੀ ਬੋਰਡ ਤੇ ਅਫਸਰ ਸ਼ਾਹੀ ਦੀ ਲਾਪਵਾਈ ਦਾ ਖਮਿਆਜਾ ਖਪਤਕਾਰ ਅਤੇ ਬਿਜਲੀ ਕਰਮਚਾਰੀ ਦੋਵੇਂ ਭੁਗਤ ਰਹੇ ਹਨ। ਐਮਰਜੈਂਸੀ ਕਿੱਟਾਂ, ਲਿਫਟਾਂ ਦੀ ਭਾਰੀ ਥੁੜ ਹੈ ਅਤੇ ਲਾਈਨ ਮੈਨ ਦਾ ਕੰਮ ਕਰਨ ਵਾਲੇ ਬਿਜਲੀ ਕਰਮਚਾਰੀਆਂ ਨੂੰ ਪੂਰੇ ਸੁਰੱਖਿਆ ਉਪਕਰਨ ਵੀ ਨਹੀਂ ਦਿੱਤੇ ਜਾਂਦੇ । ਉਹਨਾਂ ਮੰਗ ਕੀਤੀ ਕਿ ਬਿਜਲੀ ਵਿਭਾਗ ਵਿੱਚ ਟਰੇਡ ਕਰਮਚਾਰੀ ਭਰਤੀ ਕੀਤੇ ਜਾਣ ਅਤੇ ਬਿਜਲੀ ਸਪਲਾਈ ਦਾ ਬੁਨਿਆਦੀ ਢਾਂਚਾ ਮਜਬੂਤ ਕੀਤਾ ਜਾਵੇ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਾਲੀ ਵਿੱਚ ਵੀ ਇਹੀ ਹਾਲ ਹੈ ਅਤੇ ਬਿਜਲੀ ਕਰਮਚਾਰੀਆਂ ਕੋਲ ਪੂਰੇ ਸੁਰੱਖਿਆ ਉਪਕਰਨ ਨਹੀਂ ਹੁੰਦੇ ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ। ਉਹਨਾਂ ਕਿਹਾ ਕਿ ਅਨਟਰੇਂਡ ਕਰਮਚਾਰੀ ਬਿਜਲੀ ਦੀਆਂ ਲਾਈਨਾਂ ਤੇ ਲਗਾ ਦਿੱਤੇ ਜਾਂਦੇ ਹਨ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਕੰਟਰੈਕਟ ਦੇ ਹਨ ਜਿਨਾਂ ਨੂੰ ਕੋਈ ਪੂਰੀ ਤਨਖਾਹ ਵੀ ਨਹੀਂ ਮਿਲਦੀ। ਗਰਮੀ ਦੇ ਮੌਸਮ ਵਿੱਚ ਵੱਡੀ ਗਿਣਤੀ ਟ੍ਰਾਂਸਫਾਰਮਰ ਵੀ ਵੱਧ ਗਏ ਹਨ ਅਤੇ ਕਰਮਚਾਰੀ ਪੂਰੇ ਨਾ ਹੋਣ ਕਾਰਨ ਬਿਜਲੀ ਦੇ ਫਾਲਟ ਦੂਰ ਕਰਨ ਵਿੱਚ ਵੀ ਲੰਮਾ ਸਮਾਂ ਲੱਗਦਾ ਹੈ ਅਤੇ ਲੋਕ ਇਨੀ ਤਪਸ਼ ਵਿੱਚ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹੋ ਜਾਂਦੇ ਹਨ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਬਿਜਲੀ ਕਰਮਚਾਰੀਆਂ ਤੋਂ ਦਰਖਤਾਂ ਦੀ ਛੰਗਾਈ ਦਾ ਕੰਮ ਵੀ ਲਿਆ ਜਾਂਦਾ ਜਿਸ ਵਾਸਤੇ ਇਹਨਾਂ ਕੋਲ ਕੋਈ ਮਸ਼ੀਨਰੀ ਨਹੀਂ ਹੈ। ਉਹਨਾਂ ਕਿਹਾ ਕਿ ਠੇਕੇ ਤੇ ਰੱਖੇ ਗਏ ਕਰਮਚਾਰੀਆਂ ਨੂੰ 12 ਹਜਾਰ ਤਨਖਾਹ ਦਿੱਤੀ ਜਾਂਦੀ ਹੈ ਅਤੇ ਉਹਨਾਂ ਦੀ ਜ਼ਿੰਦਗੀ ਦਾਅ ਤੇ ਲੱਗ ਜਾਂਦੀ ਹੈ।।
ਉਹਨਾਂ ਮੰਗ ਕੀਤੀ ਕਿ ਬਿਜਲੀ ਵਿਭਾਗ ਵਿੱਚ ਕਰਮਚਾਰੀਆਂ ਦੀ ਗਿਣਤੀ ਪੂਰੀ ਕੀਤੀ ਜਾਵੇ ਅਤੇ ਇਸ ਵਾਸਤੇ ਵੱਡੇ ਪੱਧਰ ਤੇ ਭਰਤੀ ਕੀਤੀ ਜਾਵੇ ਅਤੇ ਇਸ ਦੇ ਨਾਲ ਨਾਲ ਬਿਜਲੀ ਕਰਮਚਾਰੀਆਂ ਨੂੰ ਪੂਰੀ ਟ੍ਰੇਨਿੰਗ ਵੀ ਦਿੱਤੀ ਜਾਵੇ ਅਤੇ ਉਹਨਾਂ ਨੂੰ ਪੂਰੇ ਸੁਰੱਖਿਆ ਕਰਨ ਵੀ ਮੁਹਈਆ ਕਰਵਾਏ ਜਾਣ। ਉਹਨਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਹ ਸਰਕਾਰ ਅਤੇ ਵਿਭਾਗ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਗੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੀ ਹੋਵੇਗੀ।