ਏ ਡੀ ਸੀ ਵਿਰਾਜ ਤਿੜਕੇ ਵੱਲੋਂ ਤਿਆਰੀਆਂ ਦਾ ਜਾਇਜ਼ਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ :
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਸ਼ਿਆਮਕਰਨ ਤਿੜਕੇ ਨੇ ਦੱਸਿਆ ਕਿ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਗਣਤੰਤਰ ਦਿਵਸ ਮੌਕੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਵਿਖੇ ਤਿਰੰਗਾ ਲਹਿਰਾਉਣਗੇ।
ਉਨ੍ਹਾਂ ਸਰਕਾਰੀ ਕਾਲਜ ਮੋਹਾਲੀ ਵਿਖੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਕੌਮੀ ਮਹੱਤਵ ਵਾਲੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ।
ਉਨ੍ਹਾਂ ਕਿਹਾ ਕਿ ਕਾਲਜ ਗਰਾਊਂਡ ਵਿਖੇ 22 ਜਨਵਰੀ ਤੋਂ ਸ਼ੁਰੂ ਹੋਣ ਵਾਲੀਆਂ ਅਗਾਊਂ ਰਿਹਰਸਲਾਂ ਦੇ ਨਾਲ ਪ੍ਰੋਗਰਾਮ ਦੀ ਚੰਗੀ ਤਰ੍ਹਾਂ ਤਿਆਰੀ ਕੀਤੀ ਜਾਵੇ। ਫੁੱਲ ਡਰੈਸ ਰਿਹਰਸਲ 24 ਜਨਵਰੀ ਨੂੰ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਅਤੇ ਐਸ ਐਸ ਪੀ ਡਾ. ਸੰਦੀਪ ਗਰਗ ਦੀ ਮੌਜੂਦਗੀ ਵਿੱਚ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਪੁਲਿਸ, ਹੋਮ ਗਾਰਡਜ਼ ਅਤੇ ਐਨ ਸੀ ਸੀ ਕੈਡਿਟਾਂ ਦੀਆਂ ਪਲਟਨਾਂ ਗਣਤੰਤਰ ਦਿਹਾੜਾ ਪਰੇਡ ਦਾ ਹਿੱਸਾ ਬਣਨਗੀਆਂ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਪੀਟੀ ਸ਼ੋਅ ਦੇ ਨਾਲ-ਨਾਲ ਸੱਭਿਆਚਾਰਕ ਗੁਲਦਸਤੇ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਇਸ ਮੌਕੇ ‘ਤੇ ਵੱਖ-ਵੱਖ ਵਿਭਾਗਾਂ/ਸੈਲਫ ਹੈਲਪ ਗਰੁੱਪਾਂ ਵੱਲੋਂ ਭਲਾਈ ਅਤੇ ਵਿਕਾਸ ਸਕੀਮਾਂ ਬਾਰੇ ਝਾਕੀਆਂ ਕੱਢੇ ਜਾਣ ਤੋਂ ਇਲਾਵਾ ਪ੍ਰਦਰਸ਼ਨੀ ਸਟਾਲ ਵੀ ਲਾਏ ਜਾਣਗੇ।
ਏ.ਡੀ.ਸੀ.(ਜ) ਵਿਰਾਜ ਐਸ ਤਿੜਕੇ ਨੇ ਹਾਜ਼ਰ ਸਮੂਹ ਵਿਭਾਗਾਂ ਨੂੰ ਕਿਹਾ ਕਿ ਉਹ ਇਸ ਕੌਮੀ ਮਹੱਤਤਾ ਦਿਹਾੜੇ ਮੌਕੇ, ਆਜ਼ਾਦੀ ਸੰਗਰਾਮ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਵਾਲੇ ਮਹਾਨ ਸੁਤੰਤਰਤਾ ਸੈਨਾਨੀਆਂ ਅਤੇ ਸਾਨੂੰ ਬਰਾਬਰ ਦੇ ਅਧਿਕਾਰ ਦੇਣ ਲਈ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੇ ਮਹਾਨ ਨੇਤਾਵਾਂ ਪ੍ਰਤੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਕਰਦੇ ਹੋਏ ਸਮਾਗਮ ਦੀ ਤਿਆਰੀ ਕਰਨ।
ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਕਮਿਸ਼ਨਰ ਮੋਹਾਲੀ ਐਮ ਸੀ ਸ੍ਰੀਮਤੀ ਨਵਜੋਤ ਕੌਰ, ਡਵੀਜ਼ਨਲ ਜੰਗਲਾਤ ਅਫ਼ਸਰ ਕੰਵਰਦੀਪ ਸਿੰਘ, ਏ.ਡੀ.ਸੀ. (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ, ਏ.ਸੀ.ਏ. ਗਮਾਡਾ ਅਮਰਿੰਦਰ ਸਿੰਘ ਟਿਵਾਣਾ, ਐਸ.ਡੀ.ਐਮ ਮੋਹਾਲੀ ਚੰਦਰਜੋਤੀ ਸਿੰਘ, ਸੰਯੁਕਤ ਕਮਿਸ਼ਨਰ ਐਮ ਸੀ ਮੋਹਾਲੀ ਕਿਰਨ ਸ਼ਰਮਾ, ਮੁੱਖ ਇੰਜੀਨੀਅਰ ਸਥਾਨਕ ਸਰਕਾਰ ਪੰਜਾਬ ਨਰੇਸ਼ ਬੱਤਾ, ਸਹਾਇਕ ਕਮਿਸ਼ਨਰ (ਜ) ਮੇਜਰ (ਸੇਵਾਮੁਕਤ) ਹਰਜੋਤ ਕੌਰ ਮਾਵੀ, ਫੀਲਡ ਅਫ਼ਸਰ ਮੁੱਖ ਮੰਤਰੀ ਇੰਦਰ ਪਾਲ, ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਡੇਵੀ ਗੋਇਲ, ਡੀ.ਡੀ.ਪੀ.ਓ ਅਮਨਿੰਦਰ ਪਾਲ ਸਿੰਘ ਚੌਹਾਨ, ਡੀ.ਈ.ਓ ਗਿੰਨੀ ਦੁੱਗਲ, ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਅਤੇ ਤਹਿਸੀਲਦਾਰ ਮੋਹਾਲੀ ਕੁਲਦੀਪ ਸਿੰਘ ਢਿੱਲੋਂ ਦੇ ਨਾਮ ਜ਼ਿਕਰਯੋਗ ਹਨ।