ਐਸ ਏ ਐਸ ਨਗਰ :
ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ ਅਧੀਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਰਾਜ ਪੱਧਰੀ ਪੁਸਤਕ ਮੇਲੇ ਮੌਕੇ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਉੱਘੇ ਲੇਖਕ ਡਾ. ਸੀ ਪੀ ਕੰਬੋਜ ਦੀਆਂ ਕੰਪਿਊਟਰ ਸਬੰਧੀ ਪੰਜ ਬਾਲ ਪੁਸਤਕਾਂ ਰੀਲੀਜ਼ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਨਾਲ ਭਾਸ਼ਾ ਵਿਭਾਗ ਪੰਜਾਬ ਦੇ ਵਧੀਕ ਡਾਇਰੈਕਟਰ ਡਾ. ਵੀਰਪਾਲ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ, ਪੰਜਾਬੀ ਦੇ ਉੱਘੇ ਚਿੰਤਕ ਡਾ. ਸੁਰਜੀਤ ਭੱਟੀ ਸਮੇਤ ਕਈ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।
ਸਿੱਖਿਆ ਮੰਤਰੀ ਸ. ਬੈਂਸ ਨੇ ਇਸ ਨਿਵੇਕਲੇ ਕਾਰਜ ਲਈ ਡਾ. ਸੀ ਪੀ ਕੰਬੋਜ ਨੂੰ ਵਧਾਈ ਦਿੱਤੀ। ਇਸ ਸਮੇਂ ਡਾ. ਕੰਬੋਜ ਨੇ ਦੱਸਿਆ ਕਿ ਯੂਨੀਸਟਾਰ ਪ੍ਰਕਾਸ਼ਨ ਮੁਹਾਲੀ ਵੱਲੋਂ ਪ੍ਰਕਾਸ਼ਿਤ ਇਹ ਪੰਜ ਪੁਸਤਕਾਂ ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਰੰਗਦਾਰ ਤਸਵੀਰਾਂ ਅਤੇ ਪ੍ਰਯੋਗੀ ਅਭਿਆਸ ਰਾਹੀਂ ਮਾਤ-ਭਾਸ਼ਾ ਪੰਜਾਬੀ ਵਿਚ ਕੰਪਿਊਟਰ ਲਈ ਕਾਰਗਰ ਸਾਬਤ ਹੋਣਗੀਆਂ।
ਦੱਸਣਯੋਗ ਹੈ ਕਿ ਸੀਮਾਂਤ ਇਲਾਕੇ ਦੇ ਪਿੰਡ ਲਾਧੂਕਾ (ਫ਼ਾਜ਼ਿਲਕਾ) ਦੇ ਜੰਮਪਲ ਡਾ. ਸੀ ਪੀ ਕੰਬੋਜ ਇਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਹਾਇਕ ਪ੍ਰੋਫੈਸਰ ਹਨ ਤੇ ਹੁਣ ਤੱਕ ਉਹ ਪੰਜਾਬੀ ਵਿਚ ਕੰਪਿਊਟਰ ਦੀਆਂ ਤਿੰਨ ਦਰਜਨ ਤੋਂ ਵੱਧ ਪੁਸਤਕਾਂ ਤੇ ਰੋਜ਼ਾਨਾ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਹਜ਼ਾਰਾਂ ਲੇਖ ਲਿਖ ਚੁੱਕੇ ਹਨ। ਉਹ ਹੁਣ ਤੱਕ ਪੰਜਾਬੀ ਦੇ ਕਈ ਫੌਂਟਾਂ, ਪੰਜਾਬੀ ਸਾਫ਼ਟਵੇਅਰਾਂ ਅਤੇ ਮੋਬਾਈਲ ਐਪਸ ਦਾ ਵਿਕਾਸ ਕਰ ਚੁੱਕੇ ਹਨ।