ਮੋਹਾਲੀ: ED raids house of suspect of biggest gold heist in Canada ਮੋਹਾਲੀ: ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਕਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਦੇ ਕੇਸ ਵਿੱਚ ਕਥਿੱਤ ਤੌਰ ਤੇ ਆਰੋਪੀ ਸਿਮਰਨਪ੍ਰੀਤ ਸਿੰਘ ਪਨੇਸਰ (32) ਦੇ ਘਰ ‘ਤੇ ਛਾਪਾਮਾਰੀ ਕੀਤੀ ਗਈ। ਇਸ ਮਾਮਲੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ 400 ਕਿਲੋਗ੍ਰਾਮ (4 ਕਿੰਵਟਲ) ਸੋਨਾ ਚੋਰੀ ਹੋਇਆ ਸੀ, ਜਿਸ ਵਿੱਚ 6,600 ਸੋਨੇ ਦੀਆਂ ਛੜਾਂ ਇੱਕ ਟਰੱਕ ਰਾਹੀਂ ਭੇਜੀਆਂ ਗਈਆਂ।
ਅੱਜ ਸਵੇਰੇ 7 ਵਜੇ ਤੋਂ ਮੋਹਾਲੀ ਦੇ ਸੈਕਟਰ 79 ‘ਚ ਸਥਿਤ #898 ਨੰਬਰ ਦੇ ਕਿਰਾਏ ਦੇ ਘਰ ‘ਤੇ ED ਦੀ ਰੇਡ ਚੱਲ ਰਹੀ ਹੈ। ਇਹੀ ਕਾਰਵਾਈ ਚੰਡੀਗੜ੍ਹ ਦੇ ਸੈਕਟਰ 38 ਵਿੱਚ ਸਿਮਰਨ ਪ੍ਰੀਤ ਪਨੇਸਰ ਦੇ ਇੱਕ ਹੋਰ ਕਿਰਾਏ ਦੇ ਘਰ ‘ਚ ਵੀ ਕੀਤੀ ਜਾ ਰਹੀ ਹੈ। ED ਨੇ ਉਸ ਦੀ ਕਾਲੇ ਰੰਗ ਦੀ ਪਜੈਰੋ ਕਾਰ ਦੀ ਵੀ ਜਾਂਚ ਕੀਤੀ, ਜੋ ਘਰ ਦੇ ਬਾਹਰ ਖੜ੍ਹੀ ਮਿਲੀ।
ED ਦੀ ਛੇ ਮੈਂਬਰਾਂ ਦੀ ਟੀਮ ਸਵੇਰੇ ਹੀ ਘਰ ‘ਤੇ ਪਹੁੰਚੀ ਅਤੇ ਘੰਟਿਆਂ ਤਕ ਜਾਂਚ ਜਾਰੀ ਰਹੀ। ਕੈਨੇਡਾ ਅਤੇ ਭਾਰਤ ਦੀਆਂ ਵੱਖ-ਵੱਖ ਏਜੰਸੀਆਂ ਵਲੋਂ ਆਰੋਪੀ ਪ੍ਰੀਤ ਪਨੇਸਰ ਦੀ ਜਾਂਚ ਪਹਿਲਾਂ ਤੋਂ ਕੀਤੀ ਜਾ ਰਹੀ ਸੀ। ਪਨੇਸਰ ਦੇ ਵਕੀਲਾਂ ਵਲੋਂ ਕਿਹਾ ਗਿਆ ਸੀ ਕਿ ਉਹ ਗਿਰਫ਼ਤਾਰੀ ਦੇਵੇਗਾ, ਪਰ ਹੁਣ ਤਕ ਉਸ ਬਾਰੇ ਕੋਈ ਪੁਸ਼ਟੀਕਰਤ ਜਾਣਕਾਰੀ ਨਹੀਂ ਮਿਲੀ।
ਮਕਾਨ ਮਾਲਕਾਂ ਅਨੁਸਾਰ, ਪਨੇਸਰ ਕਦੇ-ਕਦੇ ਘਰ ਆਉਂਦਾ ਸੀ ਅਤੇ ਆਸਪਾਸ ਦੇ ਲੋਕਾਂ ਨਾਲ ਕੋਈ ਸੰਪਰਕ ਨਹੀਂ ਰੱਖਦਾ ਸੀ। ED ਹੁਣ ਇਸ ਰੇਡ ਵਿੱਚ ਮਿਲੇ ਤੱਥ ਨੂੰ ਘੰਗਾਲ ਕੇ ਜਾਂਚ ਕਰ ਰਹੀ ਹੈ, ਤਾਂ ਜੋ ਇਸ ਐਨੀ ਵੱਡੀ ਸੋਨੇ ਦੀ ਚੋਰੀ ਦੀ ਗੁੱਥੀ ਸੁਲਝਾਉਣ ਵਿੱਚ ਮਦਦਗਾਰ ਹੋ ਸਕਣ।
