ਐਸ.ਏ.ਐਸ.ਨਗਰ :
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿਖੇ ਆਉਣ ਵਾਲੇ ਲੋਕਾਂ ਦੀਆਂ ਲੋੜਾਂ ਅਨੁਸਾਰ ਨਿਵੇਕਲੀ ਪਹਿਲ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ.ਨਗਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਦੀ ਪਾਰਕਿੰਗ ਐਂਟਰੀ ਨੰਬਰ 4 ਨੇੜਲੇ ਪਾਰਕ ਵਿੱਚ ਸੋਲਰ ਹੱਬ-ਕਮ-ਚਾਰਜਿੰਗ ਸਟੇਸ਼ਨ ਸਥਾਪਤ ਕੀਤਾ ਗਿਆ ਹੈ।
ਇਸ ਸੋਲਰ ਹੱਬ ਨੂੰ ਸਥਾਪਿਤ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਜ਼ਿਆਦਾ ਜਾਣਕਾਰੀ ਦਿੰਦਿਆਂ ਕਿਹਾ ਕਿ ਸਮਾਰਟ, ਟਿਕਾਊ ਅਤੇ ਲੋਕ ਹਿੱਤ ਸੋਲਰ ਹੱਬ ਦੀ ਸਥਾਪਨਾ ਦਾ ਵਿਚਾਰ ਡੀ ਏ ਸੀ ਅਤੇ ਜੁਡੀਸ਼ੀਅਲ ਕੰਪਲੈਕਸ ਵਿੱਚ ਆਉਣ ਵਾਲੇ ਲੋਕ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਲਈ ਸੂਰਜੀ ਊਰਜਾ ਦੀ ਸੁਚੱਜੀ ਵਰਤੋਂ ਕਰਨਾ ਸੀ। ਉਨ੍ਹਾਂ ਕਿਹਾ, “ਅਸੀਂ ਲੋਕਾਂ ਦੀ ਜ਼ਰੂਰਤ ਨੂੰ ਇੱਕ ਨਵੇਂ ਤਰੀਕੇ ਨਾਲ ਪੂਰਾ ਕਰ ਰਹੇ ਹਾਂ। ਏ ਐਲ ਪੀ ਨਿਸ਼ੀਕਾਵਾ ਦੇ ਪ੍ਰਬੰਧਕਾਂ ਨੇ ਸਾਨੂੰ ਸੰਪਰਕ ਕੀਤਾ ਸੀ ਕਿ ਉਨ੍ਹਾਂ ਦੀ ਕੰਪਨੀ ਇੱਕ ਪ੍ਰੋਜੈਕਟ ‘ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ’ (ਸੀ ਐਸ ਆਰ) ਦੇ ਤਹਿਤ ਸਪਾਂਸਰ ਕਰਨਾ ਚਾਹੁੰਦੀ ਹੈ। ਅੱਜ ਦੀ ਪੀੜ੍ਹੀ ਅਤੇ ਸਰਕਾਰੀ ਦਫ਼ਤਰਾਂ ਵਿੱਚ ਆਉਣ ਵਾਲੇ ਲੋਕਾਂ ਦੀ ਵੱਧਦੀ ਲੋੜ ਦੇ ਮੱਦੇਨਜ਼ਰ, ਇਹ ਮਹਿਸੂਸ ਕੀਤਾ ਗਿਆ ਕਿ ਮੋਬਾਈਲ ਅਤੇ ਲੈਪਟਾਪ ਵਰਗੇ ਇਲੈਕਟ੍ਰਾਨਿਕ ਯੰਤਰਾਂ ਦੀ ਰੋਜ਼ਾਨਾ ਵਰਤੋਂ ਦੌਰਾਨ ਚਾਰਜਿੰਗ ਖਤਮ ਹੋਣ ਬਾਅਦ ਚਾਰਜਿੰਗ ਲਈ ਚਾਰਜਿੰਗ ਸਟੇਸ਼ਨ ਦੀ ਲੋੜ ਪੈਂਦੀ ਹੈ, ਜਿਸ ਦੇ ਤੁਰੰਤ ਹੱਲ ਦੀ ਲੋੜ ਹੈ। ਅਸੀਂ ਕੰਪਨੀ ਨੂੰ ਸੁਝਾਅ ਦਿੱਤਾ ਕਿ ਜੇਕਰ ਉਹ ਅਜਿਹੇ ਚਾਰਜਿੰਗ ਪੁਆਇੰਟ ਨੂੰ ਸਥਾਪਤ ਕਰਨ ਵਿੱਚ ਦਿਲਚਸਪੀ ਰੱਖਦੀ ਹੈ ਜੋ ਬਿਜਲੀ ਬੱਚਤ ਦੀ ਉਦਾਹਰਣ ਵੀ ਪੇਸ਼ ਕਰੇ ਤਾਂ ਇਸ ਪ੍ਰਾਜੈਕਟ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਜਿਸ ਲਈ ਉਨ੍ਹਾਂ ਸਹਿਮਤੀ ਪ੍ਰਗਟਾਈ।”
ਅੱਜ ਆਮ ਲੋਕਾਂ ਲਈ ਵਿਲੱਖਣ ਸਮਾਰਟ ਹੱਬ ਦੀ ਸ਼ੁਰੂਆਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਸ਼ਿਆਮਕਰਨ ਤਿੜਕੇ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਡੀ.ਏ.ਸੀ. ਵਿੱਚ ਆਉਣ ਵਾਲੇ ਆਮ ਲੋਕਾਂ ਦੇ ਹਿੱਤਾਂ ਵਿੱਚ ਕੀਤਾ ਗਿਆ ਉਪਰਾਲਾ ਸਾਰਿਆਂ ਲਈ ਲਾਹੇਵੰਦ ਸਾਬਤ ਹੋਵੇਗਾ।
ਇਸ ਸਮਾਰਟ ਹੱਬ ਵਿੱਚ ਮੋਬਾਈਲ ਅਤੇ ਲੈਪਟਾਪ ਚਾਰਜਿੰਗ, ਸੀ ਸੀ ਟੀ ਵੀ ਨਿਗਰਾਨੀ, ਲਾਈਵ ਮੌਸਮ ਦੱਸਣ ਦੀ ਸਕ੍ਰੀਨ, ਰਾਤ ਨੂੰ ਲਾਈਟ ਇਲੂਮੀਨੇਸ਼ਨ, ਬੈਕਲਿਟ ਬਿਲਬੋਰਡ ਅਤੇ ਬ੍ਰਾਂਡਿੰਗ ਲਈ ਸਕ੍ਰੀਨ (ਮਹੱਤਵਪੂਰਨ ਸੰਦੇਸ਼ਾਂ ਲਈ ਐਲ ਈ ਡੀ) ਤੋਂ ਇਲਾਵਾ ਬੈਠਣ ਦਾ ਖੇਤਰ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਇਹ ਨਵੀਂ ਤਰ੍ਹਾਂ ਦਾ ਉਤਪਾਦ ਆਪਣੀ ਕਿਸਮ ਦਾ ਪਹਿਲਾ ਉਤਪਾਦ ਹੈ, ਜੋ ਸਾਡੇ ਵਾਤਾਵਰਣ ਨੂੰ ਸੁਰੱਖਿਅਤ ਰੱਖਦੇ ਹੋਏ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਹਰਿਆਲੀ, ਵਧੇਰੇ ਟਿਕਾਊ ਪ੍ਰਬੰਧਨ ਵੱਲ ਇੱਕ ਕਦਮ ਹੈ।
ਏ ਐਲ ਪੀ ਨਿਸ਼ੀਕਾਵਾ ਦੇ ਮੈਨੇਜਿੰਗ ਡਾਇਰੈਕਟਰ ਪਵਨਦੀਪ ਸਿੰਘ ਆਨੰਦ ਨੇ ਇਸ ਸੀ ਐਸ ਆਰ ਪ੍ਰਾਜੈਕਟ ਦੀ ਸਫ਼ਲਤਾ ਤੋਂ ਬਾਅਦ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨਾਲ ਮੁਲਾਕਾਤ ਕਰਦਿਆਂ ਅਜਿਹੇ ਹੋਰ ਪ੍ਰਾਜੈਕਟਾਂ ਲਈ ਆਪਣੀ ਕੰਪਨੀ ਦੇ ਸਹਿਯੋਗ ਦਾ ਭਰੋਸਾ ਦਿੱਤਾ। ਡਿਪਟੀ ਕਮਿਸ਼ਨਰ ਨੇ ਵਿਲੱਖਣ ਲੋਕ ਹਿੱਤ ਪ੍ਰਾਜੈਕਟ ਲਈ ਫੰਡ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਏਨਵਿਨੋਵਾ ਸਮਾਰਟ ਟੈਕ, ਜੋ ਕਿ ਯੂਨੀਵਰਸਟੀ ਇੰਸਟੀਚਿਊਟ ਆਫ਼ ਇਜੀਨੀਅਰਿੰਗ ਤੇ ਟੈਕਨੋਲੋਜੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪਾਸ ਆਊਟ ਦੋ ਨੌਜਵਾਨ ਇੰਜੀਨੀਅਰਾਂ ਇਸ਼ਾਂਤ ਬਾਂਸਲ ਅਤੇ ਅਰਜੁਨ ਮਿੱਤਲ ਦੁਆਰਾ ਸਥਾਪਤ ਇੱਕ ਨਵਾਂ ਸਟਾਰਟਅੱਪ ਹੈ, ਅੱਜ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਕੈਂਪਸ ਤੋਂ ਬਾਅਦ ਆਪਣੇ ਦੂਜੇ ਸਫਲ ਪ੍ਰੋਜੈਕਟ ਨੂੰ ਲੈ ਕੇ ਬਹੁਤ ਖੁਸ਼ ਸਨ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਕੁੱਲ ਲਾਗਤ 3.50 ਲੱਖ ਰੁਪਏ ਹੈ ਜਿਸ ਵਿੱਚ 10 ਮੋਬਾਈਲ ਚਾਰਜਿੰਗ ਪੁਆਇੰਟ, 4 ਲੈਪਟਾਪ ਚਾਰਜਿੰਗ ਸਾਕਟਾਂ ਤੋਂ ਇਲਾਵਾ ਮੋਬਾਈਲ ਲਈ 2 ਵਾਇਰਲੈੱਸ ਚਾਰਜਿੰਗ ਪੁਆਇੰਟ ਵੀ ਹਨ। ਇਸੇ ਤਰ੍ਹਾਂ, ਇਸ ਵਿੱਚ 8 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇਹ ਪ੍ਰੋਜੈਕਟ ਤਿੰਨ ਦਿਨਾਂ ਦੇ ਬੈਕਅੱਪ ਸਮੇਤ 1.1 ਕਿਲੋਵਾਟ ਦੀ ਸਮਰੱਥਾ ਵਾਲੀ ਸੂਰਜੀ ਊਰਜਾ ‘ਤੇ ਆਧਾਰਿਤ ਹੈ। ਉਹਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਗਲਾ ਜਨਤਕ ਖੇਤਰ ਦਾ ਪ੍ਰੋਜੈਕਟ ਆਈ ਆਈ ਟੀ ਰੋਪੜ ਵਿਖੇ ਸਥਾਪਤ ਕੀਤਾ ਜਾਣਾ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਚ ਮੁੱਖ ਮੰਤਰੀ ਫੀਲਡ ਅਫ਼ਸਰ ਇੰਦਰ ਪਾਲ, ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਅਰਸ਼ਜੀਤ ਸਿੰਘ ਆਦਿ ਹਾਜ਼ਰ ਸਨ।