Follow us

16/03/2025 7:53 am

Search
Close this search box.
Home » News In Punjabi » ਚੰਡੀਗੜ੍ਹ » ਵਾਰਤਕ ਪੁਸਤਕ ‘ਏਹ ਕੇਹੀ ਰੁੱਤ ਆਈ’ ’ਤੇ ਵਿਚਾਰ ਚਰਚਾ ਕਾਰਵਾਈ

ਵਾਰਤਕ ਪੁਸਤਕ ‘ਏਹ ਕੇਹੀ ਰੁੱਤ ਆਈ’ ’ਤੇ ਵਿਚਾਰ ਚਰਚਾ ਕਾਰਵਾਈ

ਸਾਹਿਬਜ਼ਾਦਾ ਅਜੀਤ ਸਿੰਘ ਨਗਰ :

ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੇ ਪ੍ਰਸਾਰ ਅਤੇ ਪ੍ਰਚਾਰ ਹਿੱਤ ਅਰੰਭੀਆਂ ਗਤੀਵਿਧੀਆਂ ਤਹਿਤ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਅੱਜ ਸ਼੍ਰੀਮਤੀ ਪ੍ਰਭਜੋਤ ਕੌਰ ਢਿੱਲੋਂ ਦੀ ਲਿਖੀ ਵਾਰਤਕ ਪੁਸਤਕ ‘ਏਹ ਕੇਹੀ ਰੁੱਤ ਆਈ’ ਨੂੰ ਲੋਕ ਅਰਪਣ ਕੀਤਾ ਗਿਆ ਅਤੇ ਵਿਚਾਰ ਚਰਚਾ ਕਰਵਾਈ ਗਈ।

ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਜੀ.ਕੇ. ਸਿੰਘ ਧਾਲੀਵਾਲ ਆਈ.ਏ.ਐੱਸ (ਸੇਵਾਮੁਕਤ) ਸਨ। ਸਮਾਗਮ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਨ ਸਿੰਘ ਵੱਲੋਂ ਕੀਤੀ ਗਈ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਗੁਰਦਰਸ਼ਨ ਸਿੰਘ ਬਾਹੀਆ ਵੱਲੋਂ ਸ਼ਿਰਕਤ ਕੀਤੀ ਗਈ।

ਸਮਾਗਮ ਦੇ ਆਰੰਭ ਵਿੱਚ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਕਿਹਾ ਕਿ ਇਹ ਪੁਸਤਕ ਸਾਡੇ ਆਲ਼ੇ-ਦੁਆਲ਼ੇ ਫ਼ੈਲੀਆਂ ਹੋਈਆਂ ਸਮਾਜਿਕ ਬੁਰਾਈਆਂ ਦੇ ਦਰਦ ਦੀ ਚੀਸ ਨੂੰ ਅਨੁਭਵ ਕਰਨ ਦਾ ਅਹਿਸਾਸ ਕਰਵਾਉਂਦੀ ਹੈ।

ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ‘ਏਹ ਕੇਹੀ ਰੁੱਤ ਆਈ’ ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਦੀਪਕ ਮਨਮੋਹਨ ਸਿੰਘ ਵੱਲੋਂ ‘ਏਹ ਕੇਹੀ ਰੁੱਤ ਆਈ’ ਦੀ ਲੇਖਿਕਾ ਨੂੰ ਵਧਾਈ ਦਿੰਦਿਆਂ ਆਖਿਆ ਕਿ ਪੁਸਤਕ ਸੰਖੇਪ ਜਾਣਕਾਰੀ ਅਤੇ ਸਾਦਗੀ ਭਰਪੂਰ ਬਿਰਤਾਂਤ ਪੱਖੋਂ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ।

ਜੇ.ਕੇ.ਸਿੰਘ ਵੱਲੋਂ ਪੁਸਤਕ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਮਾਜਿਕ ਨਿਘਾਰਾਂ ’ਤੇ ਉਂਗਲ ਧਰਦੀ ਲੋਕਾਈ ਨੂੰ ਚੇਤੰਨ ਕਰਨ ਦਾ ਰਸਤਾ ਦਿਖਾਉਂਦੀ ਹੈ। ਸ਼੍ਰੀ ਗੁਰਦਰਸ਼ਨ ਸਿੰਘ ਬਾਹੀਆ ਨੇ ਆਖਿਆ ਕਿ ਪੁਸਤਕ ਵਿੱਚ ਜਾਣਕਾਰੀ, ਸੇਧ ਅਤੇ ਮਨੋਰੰਜਨ ਪੱਖੋਂ ਪਾਠਕ ਦੀ ਸੁਹਜ-ਬੋਧ ਦੀ ਤ੍ਰਿਪਤੀ ਕਰਦੀ ਹੈ।

ਪਰਚਾ ਲੇਖਕ ਪ੍ਰੋ. ਗੁਰਜੋਧ ਕੌਰ ਵੱਲੋਂ ਕਿਹਾ ਗਿਆ ਕਿ ਇਹ ਪੁਸਤਕ ਸਮਾਜਿਕ ਕੁਰੀਤੀਆਂ ਦੇ ਖ਼ਾਤਮੇ ਵੱਲ ਉਲਾਂਘ ਪੁੱਟਦੀ ਇਸ ਤੋਂ ਬਾਹਰ ਨਿਕਲਣ ਦਾ ਰਸਤਾ ਵੀ ਦਿਖਾਉਂਦੀ ਹੈ। ਪੁਸਤਕ ਦੀ ਲੇਖਿਕਾ ਪ੍ਰਭਜੋਤ ਕੌਰ ਢਿੱਲੋਂ ਵੱਲੋਂ ਕਿਹਾ ਗਿਆ ਕਿ ਜ਼ਿੰਦਗੀ ’ਚ ਹੱਡੀ-ਹੰਢਾਈਆਂ ਤਕਲੀਫ਼ਾਂ ਨੇ ਉਹਨਾਂ ਨੂੰ ਲਿਖਣ ਦੇ ਰਾਹ ਪਾਇਆ।

ਸਮਾਜ ਅੰਦਰ ਅੱਖੀਂ ਵਾਪਰਦਾ ਜੋ ਵੀ ਵੇਖਿਆ ਹੈ ਉਹ ਸਭ ਮੇਰੀ ਲਿਖਤਾਂ ਦੇ ਹਿੱਸੇ ਆਇਆ ਹੈ ਅਤੇ ਮੈਂ ਇਸ ਪੁਸਤਕ ਵਿੱਚ ਆਪਣੇ ਲਿਖਣ ਦਾ ਧਰਮ ਪੁਗਾਇਆ ਹੈ। ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਪੁਸਤਕ ਵਿਚਲੇ ਇਹ ਨਿਬੰਧ ਸਮਾਜਕ ਮਸਲਿਆਂ ਦੀ ਫ਼ਿਕਰਮੰਦੀ ਕਰਦੇ ਹਨ। ਬਲਕਾਰ ਸਿੰਘ ਸਿੱਧੂ ਵੱਲੋਂ ਕਿਹਾ ਕਿ ਪੁਸਤਕ ਦੀ ਭਾਸ਼ਾ ਸੌਖੀ ਅਤੇ ਸਮਝਣਯੋਗ ਹੋਣ ਕਰਕੇ ਇਸ ਦਾ ਰੋਚਕਤਾ ਵਾਲਾ ਪੱਖ ਹਮੇਸ਼ਾ ਭਾਰੂ ਰਹਿੰਦਾ ਹੈ। ਸੁਰਿੰਦਰ ਗਿੱਲ ਵੱਲੋਂ ਪੁਸਤਕ ਬਾਰੇ ਲੇਖਿਕਾ ਨੂੰ ਮੁਬਾਰਕਬਾਦ ਦਿੱਤੀ ਗਈ। 

ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ। 

ਇਸ ਵਿਚਾਰ ਚਰਚਾ ਵਿੱਚ ਸੰਜੀਵਨ ਸਿੰਘ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਡਾ. ਜਸਪਾਲ ਜੱਸੀ, ਸੁਧਾ ਜੈਨ ਸੁਦੀਪ, ਜਗਤਾਰ ਭੁੱਲਰ, ਗੁਰਪ੍ਰੀਤ ਸਿੰਘ ਨਿਆਮੀਆਂ, ਭੁਪਿੰਦਰ ਸਿੰਘ ਮਲਿਕ, ਕਰਨਲ ਅਮਰਜੀਤ ਸਿੰਘ, ਲੈਫਟੀਨੈਂਟ ਕਰਨਲ ਬਚਿੱਤਰ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਮਨਜੀਤ ਪਾਲ ਸਿੰਘ, ਰਵਿੰਦਰ ਸਿੰਘ, ਆਰ.ਐੱਸ.ਜਿੰਦਲ, ਗੁਰਚਰਨ ਸਿੰਘ, ਕੰਵਰ ਜਤਿੰਦਰ ਸਿੰਘ ਬੇਦੀ, ਭੁਪਿੰਦਰ ਸਿੰਘ ਭਾਗੋਮਾਜਰਾ,ਆਦਿ ਵੱਲੋਂ ਵੀ ਸ਼ਿਰਕਤ ਕੀਤੀ ਗਈ।

ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਨੂੰ ਸਮੂਹ ਪ੍ਰਧਾਨਗੀ ਮੰਡਲ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਸਮਾਗਮ ਵਿੱਚ ਪਹੁੰਚੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਮੈਡਮ ਦਿਲਪ੍ਰੀਤ ਚਹਿਲ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal