ਆਪਣੇ ਪਰਿਵਾਰਿਕ ਮੈਂਬਰ ਦੇ ਅਕਾਲ ਚਲਾਣੇ ਤੋ ਸੋਗ ਵਿੱਚ ਆਇਆ ਪਰਿਵਾਰ ਸਸਕਾਰ ਵਾਸਤੇ ਹੁੰਦਾ ਹੈ ਤੰਗ ਪਰੇਸ਼ਾਨ : ਕੁਲਜੀਤ ਸਿੰਘ ਬੇਦੀ
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੋਹਾਲੀ ਦੇ ਨਵੇਂ ਸੈਕਟਰਾਂ ਵਿੱਚ ਇੱਕ ਹੋਰ ਸ਼ਮਸ਼ਾਨ ਘਾਟ ਬਣਾਉਣ ਲਈ ਬੇਨਤੀ ਕੀਤੀ ਹੈ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੌਜੂਦਾ ਸਮੇਂ ਮੋਹਾਲੀ ਵਿੱਚ ਬਲੌਂਗੀ ਦੇ ਨੇੜੇ ਇੱਕੋ ਹੀ ਸ਼ਮਸ਼ਾਨ ਘਾਟ ਹੈ। ਮੋਹਾਲੀ ਦੀ ਜਨਸੰਖਿਆ ਬਹੁਤ ਵੱਧ ਚੁੱਕੀ ਹੈ ਅਤੇ ਉਸ ਹਿਸਾਬ ਨਾਲ ਮੌਤ ਦਰ ਵੀ ਵਧੀ ਹੈ। ਉਹਨਾਂ ਕਿਹਾ ਕਿ ਮੋਹਾਲੀ ਵਿੱਚ ਇਕਲੌਤਾ ਸ਼ਮਸ਼ਾਨ ਘਾਟ ਹੋਣ ਕਾਰਨ ਅਤੇ ਮੋਹਾਲੀ ਦਾ ਲਗਾਤਾਰ ਵਿਸਤਾਰ ਹੋਣ ਕਾਰਨ ਸ਼ਮਸ਼ਾਨ ਘਾਟ ਵਿੱਚ ਸਸਕਾਰ ਕਰਨ ਆਏ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਮੋਹਾਲੀ ਜ਼ੀਰਕਪੁਰ ਤੱਕ ਪੁੱਜ ਚੁੱਕਿਆ ਹੈ ਅਤੇ ਦੂਜੇ ਪਾਸੇ ਬਲੌਂਗੀ ਬੜ ਮਾਜਰਾ ਅਤੇ ਨੇੜੇ ਦੇ ਪਿੰਡਾਂ ਦੇ ਲੋਕ ਵੀ ਆਪਣੇ ਨੇੜਲਿਆਂ ਦੇ ਅੰਤਿਮ ਸੰਸਕਾਰ ਕਰਨ ਵਾਸਤੇ ਇਸੇ ਸ਼ਮਸ਼ਾਨ ਘਾਟ ਵਿੱਚ ਆਉਂਦੇ ਹਨ। ਹੋਰ ਤਾਂ ਹੋਰ ਖਰੜ ਵਿੱਚ ਇੱਕ ਸ਼ਮਸ਼ਾਨ ਘਾਟ ਹੋਣ ਦੇ ਬਾਵਜੂਦ ਉਥੇ ਵੀ ਜਿਆਦਾ ਪ੍ਰੈਸ਼ਰ ਹੋਣ ਕਾਰਨ ਖਰੜ ਦੇ ਲੋਕ ਵੀ ਇੱਥੇ ਸ਼ਮਸ਼ਾਨ ਘਾਟ ਵਿੱਚ ਸਸਕਾਰ ਵਾਸਤੇ ਆਉਂਦੇ ਹਨ। ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਸਕਾਰ ਕਰਨ ਲਈ ਆਉਣ ਵਾਲੇ ਪਰਿਵਾਰਾਂ ਨਾਲ ਵੱਡੀ ਗਿਣਤੀ ਗੱਡੀਆਂ ਹੋਣ ਕਾਰਨ ਅਕਸਰ ਇੱਥੇ ਜਾਮ ਲੱਗ ਜਾਂਦੇ ਹਨ। ਸ਼ਮਸ਼ਾਨ ਘਾਟ ਵਿੱਚ ਅੰਦਰ ਪਾਰਕਿੰਗ ਬਹੁਤ ਵੱਡੀ ਹੋਣ ਦੇ ਬਾਵਜੂਦ ਲੋਕਾਂ ਨੂੰ ਬਾਹਰ ਸੜਕ ਉੱਤੇ ਵੀ ਗੱਡੀਆਂ ਖੜੀਆਂ ਕਰਨੀਆਂ ਪੈਂਦੀਆਂ ਹਨ
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਸ ਦੇ ਚਲਦੇ ਇਹ ਸੜਕ ਉੱਤੇ ਟਰੈਫਿਕ ਵੀ ਬਹੁਤ ਵੱਧ ਜਾਂਦਾ ਹੈ ਅਤੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਇਸ ਦਾ ਇੱਕੋ ਇੱਕ ਹੱਲ ਇਹ ਹੈ ਕਿ ਮੋਹਾਲੀ ਦੇ ਨਵੇਂ ਸੈਕਟਰਾਂ ਵਾਲੇ ਪਾਸੇ ਇੱਕ ਹੋਰ ਸ਼ਮਸ਼ਾਨ ਘਾਟ ਉਸਾਰਿਆ ਜਾਵੇ ਤਾਂ ਜੋ ਆਪਣੇ ਪਰਿਵਾਰਕ ਮੈਂਬਰ ਦੇ ਹਮੇਸ਼ਾ ਲਈ ਚਲੇ ਜਾਣ ਤੋਂ ਬਾਅਦ ਪਹਿਲਾਂ ਹੀ ਦੁਖੀ ਪਰਿਵਾਰ ਸਸਕਾਰ ਵਾਸਤੇ ਹੋਰ ਦੁਖੀ ਅਤੇ ਪਰੇਸ਼ਾਨ ਨਾ ਹੋਵੇ।
ਉਹਨਾਂ ਗਮਾਡਾ ਦੇ ਮੁੱਖ ਪ੍ਰਸ਼ਾਸਨ ਨੂੰ ਇਹ ਵੀ ਬੇਨਤੀ ਕੀਤੀ ਕਿ ਨਵਾਂ ਸ਼ਮਸ਼ਾਨ ਘਾਟ ਨਵੀਨਤਮ ਤਕਨੀਕ ਨਾਲ ਇਲੈਕਟਰਿਕ ਮਸ਼ੀਨ ਨਾਲ ਵੀ ਲੈਸ ਹੋਵੇ ਤਾਂ ਜੋ ਜਿਨਾਂ ਲੋਕਾਂ ਨੇ ਇਲੈਕਟਰਿਕ ਮਸ਼ੀਨ ਰਾਹੀਂ ਆਪਣੇ ਪਰਿਵਾਰਕ ਮੈਂਬਰਾਂ ਦਾ ਸਸਕਾਰ ਕਰਨਾ ਹੋਵੇ ਉਹਨਾਂ ਨੂੰ ਇਹ ਸਹੂਲਤ ਹਾਸਲ ਹੋ ਸਕੇ। ਉਹਨਾਂ ਕਿਹਾ ਕਿ ਨਵੇਂ ਸ਼ਮਸ਼ਾਨ ਘਾਟ ਦੀ ਪਾਰਕਿੰਗ ਵੀ ਜਿਆਦਾ ਵੱਡੀ ਬਣਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਗੱਡੀਆਂ ਇੱਥੇ ਪਾਰਕ ਹੋ ਸਕਣ ਅਤੇ ਜਾਮ ਲੱਗਣ ਦੀ ਨੌਬਤ ਨਾ ਆਵੇ।