ਕਾਂਗਰਸ ਹਾਈ ਕਮਾਨ ਦਾ ਕੀਤਾ ਧੰਨਵਾਦ, ਪੰਜਾਬ ਦੀਆਂ ਸਮੂਹ ਸੀਟਾਂ ਉੱਤੇ ਕਾਂਗਰਸ ਕਰੇਗੀ ਭਾਰੀ ਬਹੁਮਤ ਨਾਲ ਜਿੱਤ : ਕੁਲਜੀਤ ਸਿੰਘ ਬੇਦੀ
ਮੋਹਾਲੀ:
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਾਂਗਰਸ ਹਾਈ ਕਮਾਨ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਪਾਰਟੀ ਟਿਕਟ ਸਾਬਕਾ ਮੰਤਰੀ ਵਿਜੇ ਇੰਦਰ ਸਿੰਘਲਾ ਨੂੰ ਦੇਣ ਦਾ ਨਿੱਘਾ ਸਵਾਗਤ ਅਤੇ ਧੰਨਵਾਦ ਕੀਤਾ ਹੈ। ਇਸ ਦੇ ਨਾਲ ਨਾਲ ਡਿਪਟੀ ਮੇਅਰ ਮੋਹਾਲੀ ਨੇ ਲੁਧਿਆਣਾ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ, ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਅਤੇ ਗੁਰਦਾਸਪੁਰ ਤੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਲੋਕ ਸਭਾ ਦੀ ਟਿਕਟ ਦੇਣ ਦਾ ਧੰਨਵਾਦ ਕੀਤਾ ਹੈ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਕਈ ਅਹਿਮ ਸਿਪਾਹੀ ਅਤੇ ਜਰਨੈਲ ਇਹਨਾਂ ਸੀਟਾਂ ਉੱਤੇ ਭਾਵੇਂ ਚੋਣ ਲੜਨ ਦੇ ਚਾਹਵਾਨ ਹੋ ਸਕਦੇ ਹਨ ਪਰ ਪਾਰਟੀ ਹਾਈ ਕਮਾਨ ਵੱਲੋਂ ਜਿਸ ਵੀ ਆਗੂ ਨੂੰ ਟਿਕਟ ਦਿੱਤੀ ਗਈ ਹੈ ਉਸ ਆਗੂ ਨੂੰ ਜਤਾਉਣਾ ਹਰ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਦਾ ਫਰਜ਼ ਹੈ ਅਤੇ ਟਿਕਟਾਂ ਦੇ ਐਲਾਨ ਹੋਣ ਦੇ ਨਾਲ ਹੀ ਸਮੂਹ ਕਾਂਗਰਸੀ ਕਮਰ ਕੱਸੇ ਕਰਕੇ ਮੈਦਾਨ ਵਿੱਚ ਆ ਗਏ ਹਨ
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹ ਅਨੰਦਪੁਰ ਸਾਹਿਬ ਹਲਕੇ ਦੇ ਪ੍ਰਮੁੱਖ ਸ਼ਹਿਰ ਮੋਹਾਲੀ ਦੇ ਵਸਨੀਕ ਹਨ ਅਤੇ ਸਮੂਹ ਕਾਂਗਰਸੀ ਵਰਕਰਾਂ ਨੂੰ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਲਾਮ ਬੰਦ ਕਰਨਗੇ। ਉਹਨਾਂ ਕਿਹਾ ਕਿ ਵਿਜੇੰਦਰ ਸਿੰਗਲਾ ਨੂੰ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਭਾਰੀ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ ਉੱਤੇ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰੇਗੀ ਅਤੇ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ।
ਉਹਨਾਂ ਕਿਹਾ ਕਿ ਅੱਜ ਦੇਸ਼ ਦਾ ਲੋਕਤੰਤਰ ਸੰਵਿਧਾਨ ਸਭ ਕੁਝ ਖਤਰੇ ਵਿੱਚ ਹੈ ਇਸ ਦੀ ਜਿੰਮੇਵਾਰ ਫਿਰਕੂ ਪਾਰਟੀ ਭਾਰਤੀ ਜਨਤਾ ਪਾਰਟੀ ਹੈ। ਉਹਨਾਂ ਕਿਹਾ ਕਿ ਦੇਸ਼ ਨੂੰ ਬਚਾਉਣਾ ਬਹੁਤ ਜਰੂਰੀ ਹੈ ਅਤੇ ਦੇਸ਼ ਦੇ ਲੋਕ ਇਹ ਗੱਲ ਭਲੀ ਭਾਂਤ ਸਮਝ ਚੁੱਕੇ ਹਨ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਵੀ ਇਹ ਗੱਲ ਸਮਝ ਆ ਚੁੱਕੀ ਹੈ ਕਿ ਇਸ ਵਾਰ ਉਸ ਦੀਆਂ ਜੁਮਲੇਬਾਜ਼ੀਆਂ ਅਤੇ ਹਿੰਦੂ-ਮੁਸਲਮਾਨ ਕੰਮ ਨਹੀਂ ਆਉਣਾ। ਉਹਨਾਂ ਕਿਹਾ ਕਿ ਲੋਕ ਆਪਸੀ ਭਾਈਚਾਰਾ ਚਾਹੁੰਦੇ ਹਨ ਵਿਕਾਸ ਅਤੇ ਸ਼ਾਂਤੀ ਚਾਹੁੰਦੇ ਹਨ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਤੇ ਵੰਡੀਆਂ ਪਾ ਕੇ ਦੇਸ਼ ਤੇ ਰਾਜ ਕਰਨਾ ਚਾਹੁੰਦੀ ਹੈ ਇਸ ਲਈ ਦੇਸ਼ ਦੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਇਸ ਵਾਰ ਸੱਤਾ ਤੋਂ ਬੇਦਖਲ ਕਰ ਦੇਣਗੇ।