ਮੋਹਾਲੀ ਲਈ 100 ਕਰੋੜ ਰੁਪਏ ਦੀ ਗਰਾਂਟ ਦੀ ਕੀਤੀ ਮੰਗ
ਬੁਨਿਆਦੀ ਢਾਂਚੇ ਦੇ ਰੱਖ ਰਖਾਓ ਲਈ ਮੋਹਾਲੀ ਨਗਰ ਨਿਗਮ ਕੋਲ ਨਹੀਂ ਹੈ ਪੂਰੇ ਵਿੱਤੀ ਸਾਧਨ: ਕੁਲਜੀਤ ਸਿੰਘ ਬੇਦੀ
ਮੋਹਾਲੀ : ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ 16ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਪੰਜਾਬ ਸੂਬੇ ਦੀ ਮਿਨੀ ਰਾਜਧਾਨੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਨੂੰ ਘੱਟੋ ਘੱਟ 100 ਕਰੋੜ ਦੀ ਗਰਾਂਟ ਦੇਣ ਦੀ ਬੇਨਤੀ ਕੀਤੀ ਹੈ। ਜ਼ਿਕਰਯੋਗ ਹੈ ਕਿ 16ਵੇਂ ਵਿੱਤ ਕਮਿਸ਼ਨ ਦੀ ਮੀਟਿੰਗ ਭਲਕੇ ਚੰਡੀਗੜ੍ਹ ਹੋਣ ਜਾ ਰਹੀ ਹੈ।
16ਵੇਂ ਵਿੱਤ ਕਮਿਸ਼ਨ ਦਾ ਚੰਡੀਗੜ੍ਹ ਵਿਖੇ ਆਉਣ ‘ਤੇ ਸਵਾਗਤ ਕਰਦੇ ਹੋਏ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਚੰਡੀਗੜ੍ਹ ਟਰਾਈ ਸਿਟੀ ਦੇ ਅਹਿਮ ਸ਼ਹਿਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ, ਜੋ ਕਿ ਪੰਜਾਬ ਦੀ ਮਿਨੀ ਰਾਜਧਾਨੀ ਵਜੋਂ ਵਿਕਸਿਤ ਹੈ ਅਤੇ ਇੱਥੇ ਪੰਜਾਬ ਸੂਬੇ ਦੇ ਅੱਧੇ ਤੋਂ ਵੱਧ ਸੂਬਾ ਦਫਤਰ ਤੇ ਹੈਡ ਕੁਆਰਟਰ ਸਥਿਤ ਹਨ, ਨੂੰ 16ਵੇਂ ਵਿੱਚ ਕਮਿਸ਼ਨ ਦੌਰਾਨ ਘੱਟੋ ਘੱਟ 100 ਕਰੋੜ ਰੁਪਏ ਦੀ ਗਰਾਂਟ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਰੱਖ ਰਖਾਅ ਲਈ ਦਿੱਤਾ ਜਾਵੇ।
ਉਹਨਾਂ ਚੇਅਰਮੈਨ ਸੋਲਵੇਂ ਵਿੱਤ ਕਮਿਸ਼ਨ ਦੇ ਧਿਆਨ ਹੇਠ ਲਿਆਂਦਾ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵੱਡੇ ਪੱਧਰ ਤੇ ਵਿਕਸਿਤ ਹੋ ਚੁੱਕਿਆ ਹੈ ਅਤੇ ਇਸ ਦੇ ਲਗਾਤਾਰ ਹੁੰਦੇ ਵਿਸਤਾਰ ਕਾਰਨ ਇਥੋਂ ਦੀ ਜਨਸੰਖਿਆ ਵੀ ਲਗਭਗ ਦੁਗਣੀ ਹੋ ਚੁੱਕੀ ਹੈ। ਇਸ ਦੇ ਨਾਲ ਨਾਲ ਮੋਹਾਲੀ ਨਗਰ ਨਿਗਮ ਨੇ ਪਹਿਲਾਂ ਹੀ ਮੋਹਾਲੀ ਦੀ ਹੱਦ ਬੰਦੀ ਵਿੱਚ ਵਾਧਾ ਕਰਨ ਦਾ ਮਤਾ ਪਾਸ ਕੀਤਾ ਹੋਇਆ ਹੈ ਜਿਸ ਨਾਲ ਬਲੋਂਗੀ ਸਮੇਤ ਇੱਕ ਵੱਡਾ ਖੇਤਰ ਮੋਹਾਲੀ ਨਗਰ ਨਿਗਮ ਦੇ ਅਧੀਨ ਆਉਣਾ ਹੈ। ਇਹੀ ਨਹੀਂ ਗਮਾਡਾ ਵੱਲੋਂ ਨਵੇਂ ਵਿਕਸਿਤ ਕੀਤੇ ਗਏ ਸੈਕਟਰ ਐਰੋ ਸਿਟੀ, ਆਈਟੀ ਸਿਟੀ ਸਮੇਤ ਪ੍ਰਾਈਵੇਟ ਕਾਲੋਨਾਈਜ਼ਰਾਂ ਵੱਲੋਂ ਵਿਕਸਿਤ ਕੀਤੀਆਂ ਸੁਸਾਇਟੀਆਂ ਅਤੇ ਕਲੋਨੀਆਂ ਵੀ ਨਗਰ ਨਿਗਮ ਦੇ ਅਧੀਨ ਆਉਣੀਆਂ ਹਨ ਜਿਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੋਹਾਲੀ ਦੀ ਜਨਸੰਖਿਆ ਕਿਤੇ ਹੋਰ ਵੱਧ ਜਾਵੇਗੀ ਅਤੇ 4 ਲੱਖ ਦੇ ਕਰੀਬ ਹੋ ਜਾਵੇਗੀ ਇਸ ਲਈ ਇਸ ਵੱਧਦੀ ਜਾ ਰਹੀ ਜਨਸੰਖਿਆ ਦੇ ਹਿਸਾਬ ਨਾਲ ਹੀ ਗਰਾਂਟ ਦਿੱਤੀ ਜਾਵੇ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਦੂਜੀ ਗੱਲ ਇਹ ਹੈ ਕਿ ਮੋਹਾਲੀ ਸ਼ਹਿਰ ਇੱਕ ਸਿੱਖਿਆ ਹਬ, ਆਈਟੀ ਹਬ ਅਤੇ ਮੈਡੀਕਲ ਹਬ ਬਣ ਚੁੱਕਿਆ ਹੈ ਇਸ ਕਰਕੇ ਪੂਰੇ ਸੂਬੇ ਸਮੇਤ ਹੋਰਨਾ ਕਈ ਸੂਬਿਆਂ ਦੇ ਵਿਦਿਆਰਥੀਆਂ, ਨੌਕਰੀ ਕਰਨ ਆਉਣ ਵਾਲੇ ਲੋਕਾਂ ਅਤੇ ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦਾ ਇੱਥੇ ਆਉਣ ਕਾਰਨ ਮੋਹਾਲੀ ਉੱਪਰ ਬਹੁਤ ਦਬਾਅ ਪੈਂਦਾ ਹੈ। ਉਹਨਾਂ ਕਿਹਾ ਕਿ ਦੇਸ਼ ਭਰ ਤੋਂ ਆਉਣ ਵਾਲੇ ਲੋਕ ਇੱਥੋਂ ਦੇ ਬੁਨਿਆਦੀ ਢਾਂਚੇ ਦਾ ਇਸਤੇਮਾਲ ਕਰਦੇ ਹਨ। ਇਸ ਲਈ ਬੁਨਿਆਦੀ ਢਾਂਚੇ ਦੇ ਰੱਖ ਰਖਾਉਣ ਲਈ ਵਾਧੂ ਰਕਮ ਦੀ ਲੋੜ ਪੈਂਦੀ ਹੈ।
ਉਹਨਾਂ ਕਿਹਾ ਕਿ ਤੀਜੀ ਅਹਿਮ ਗੱਲ ਇਹ ਹੈ ਕਿ ਮੋਹਾਲੀ ਵਿੱਚ ਅੰਤਰਰਾਸ਼ਟਰੀ ਹਵਾਈ ਅੱਡਾ ਹੈ। ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਪਤਵੰਤੇ ਸੱਜਣ ਪੰਜਾਬ, ਹਿਮਾਚਲ ਜਾਂ ਜੰਮੂ ਅਤੇ ਕਸ਼ਮੀਰ ਵਿੱਚ ਆਉਣ ਵੇਲੇ ਮੋਹਾਲੀ ਹਵਾਈ ਅੱਡੇ ਉੱਤੇ ਹੀ ਉਤਰਦੇ ਹਨ ਅਤੇ ਮੋਹਾਲੀ ਵਿੱਚੋਂ ਦੀ ਲੰਘਦੇ ਹਨ। ਇਸ ਲਈ ਬੁਨਿਆਦੀ ਢਾਂਚੇ ਨੂੰ ਅਪ ਟੂ ਡੇਟ ਰੱਖਣ ਅਤੇ ਇਸ ਦਾ ਲਗਾਤਾਰ ਰੱਖ ਰਖਾਓ ਕਰਨ ਲਈ ਬਹੁਤ ਵੱਡੇ ਖਰਚੇ ਦੀ ਲੋੜ ਪੈਂਦੀ ਹੈ ਜਦੋਂ ਕਿ ਮੋਹਾਲੀ ਨਗਰ ਨਿਗਮ ਕੋਲ ਆਪਣੇ ਪੱਧਰ ਤੇ ਆਮਦਨ ਦੇ ਕੋਈ ਵੱਡੇ ਸਾਧਨ ਨਹੀਂ ਹਨ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਾਲੀ ਵਿੱਚ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਕੰਮ ਕਰਦੀ ਹੈ ਅਤੇ ਜਾਇਦਾਦ ਨਾਲ ਸੰਬੰਧਿਤ ਨਕਸ਼ਿਆਂ ਤੋਂ ਲੈ ਕੇ ਹਰੇਕ ਕੰਮ ਗਮਾਡਾ ਵੱਲੋਂ ਕੀਤਾ ਜਾਂਦਾ ਹੈ ਅਤੇ ਆਮਦਨ ਵੀ ਗਮਾਡਾ ਨੂੰ ਹੀ ਜਾਂਦੀ ਹੈ ਅਤੇ ਮੋਹਾਲੀ ਨਗਰ ਨਿਗਮ ਨੂੰ ਆਮਦਨ ਦੇ ਰੂਪ ਵਿੱਚ ਪ੍ਰੋਪਰਟੀ ਟੈਕਸ ਦਾ ਹੀ ਆਸਰਾ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹਨਾਂ ਨੇ ਇਸ ਪੱਤਰ ਰਾਹੀਂ ਚੇਅਰਮੈਨ ਸੋਲਵੇਂ ਵਿੱਤ ਕਮਿਸ਼ਨ ਨੂੰ ਪੁਰਜੋਰ ਬੇਨਤੀ ਕੀਤੀ ਹੈ ਕਿ ਉਪਰੋਕਤ ਮਹੱਤਵਪੂਰਨ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਹਾਲੀ ਨਗਰ ਨਿਗਮ ਨੂੰ 16ਵੇਂ ਵਿੱਤ ਕਮਿਸ਼ਨ ਦੇ ਤਹਿਤ ਘੱਟੋ ਘੱਟ ਤਤਕਾਲ ਰੂਪ ਵਿੱਚ 100 ਕਰੋੜ ਰੁਪਏ ਦੀ ਗਰਾਂਟ ਦਿੱਤੀ ਜਾਵੇ।
ਇਸ ਪੱਤਰ ਦਾ ਉਤਾਰਾ ਪ੍ਰਧਾਨ ਮੰਤਰੀ, ਭਾਰਤ ਸਰਕਾਰ, ਵਿੱਤ ਮੰਤਰੀ, ਭਾਰਤ ਸਰਕਾਰ, ਮੁੱਖ ਮੰਤਰੀ, ਪੰਜਾਬ, ਵਿੱਤ ਮੰਤਰੀ, ਪੰਜਾਬ ਅਤੇ ਸਥਾਨਕ ਸਰਕਾਰਾਂ ਵਿਭਾਗ ਮੰਤਰੀ, ਪੰਜਾਬ ਨੂੰ ਭੇਜਿਆ ਗਿਆ ਹੈ।