ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਮਿਲੀ ਹਾਰ ਦਾ ਬਦਲਾ ਲੈ ਰਹੀ ਆਮ ਆਦਮੀ ਪਾਰਟੀ ਸਰਕਾਰ : ਡਿਪਟੀ ਮੇਅਰ
ਮੋਹਾਲੀ: ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਬਿਜਲੀ ਦੇ ਰੇਟਾਂ ਵਿੱਚ ਵਾਧਾ ਕਰਨ ਉੱਤੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਆਪਣੇ ਆਪ ਨੂੰ ਆਮ ਆਦਮੀ ਦੇ ਹੱਕ ਦੀ ਸਰਕਾਰ ਦੱਸਣ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੀ ਬਿੱਲੀ ਲੋਕ ਸਭਾ ਚੋਣਾਂ ਖਤਮ ਹੁੰਦਿਆਂ ਸਾਰ ਹੀ ਥੈਲੇ ‘ਚੋਂ ਬਾਹਰ ਆ ਗਈ ਹੈ।
ਉਹਨਾਂ ਕਿਹਾ ਕਿ ਨਾ ਸਿਰਫ ਘਰੇਲੂ ਸਗੋਂ ਸਨਅਤਾਂ ਦੀਆਂ ਬਿਜਲੀ ਦਰਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ ਅਤੇ ਕਿਸਾਨਾਂ ਦੇ ਟਿਊਬਵੈੱਲ ਕਨੈਕਸ਼ਨਾਂ ਦੀਆਂ ਦਰਾਂ ਵਿੱਚ ਵੀ ਵਾਧਾ ਕਰਕੇ ਪੰਜਾਬ ਦੇ ਲੋਕਾਂ ਦਾ ਲੱਕ ਤੋੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਦਾ ਬਦਲਾ ਪੰਜਾਬ ਦੇ ਲੋਕਾਂ ਤੋਂ ਲਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ 300 ਯੂਨਿਟ ਤੱਕ ਬਿਜਲੀ ਮਾਫ ਕਰਨ ਦੀਆਂ ਗੱਲਾਂ ਕਰਕੇ ਆਮ ਲੋਕਾਂ ਨੂੰ ਸਹੂਲਤ ਦੇਣ ਦੀ ਗੱਲ ਕਰਦੀ ਹੈ ਤੇ ਦੂਜੇ ਪਾਸੇ ਬਿਜਲੀ ਦੇ ਰੇਟਾਂ ਵਿੱਚ ਵਾਧਾ ਕਰਕੇ ਲੋਕਾਂ ਦਾ ਕਚੂਮਰ ਕਢਦੀ ਹੈ।
ਉਹਨਾਂ ਕਿਹਾ ਕਿ ਸਰਕਾਰ ਦੇ ਨਵੇਂ ਤੁਗਲਕੀ ਹੁਕਮਾਂ ਅਨੁਸਾਰ ਪਾਵਰਕਾਮ ਵੱਲੋਂ 16 ਜੂਨ ਤੋਂ ਬਿਜਲੀ ਦੀਆਂ ਦਰਾਂ ਵਧਾਈਆਂ ਜਾ ਰਹੀਆਂ ਹਨ। ਇਸ ਦੇ ਤਹਿਤ 2ਕੇਵੀ ਘਰੇਲੂ ਬਿਜਲੀ ਤੱਕ 10 ਤੋਂ 12 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਹੋਇਆ ਹੈ ਅਤੇ ਇੰਡਸਟਰੀ ਲਈ ਬਿਜਲੀ ਦੀਆਂ ਦਰਾਂ ‘ਚ ਵੀ 15 ਪੈਸੇ ਦਾ ਵਾਧਾ ਕੀਤਾ ਗਿਆ ਹੈ, ਨਾਲ ਹੀ ਟਿਊਬਵੈੱਲ ਕੁਨੈਕਸ਼ਨ ਦੀਆਂ ਦਰਾਂ ‘ਚ ਵੀ 15 ਪੈਸੇ ਦਾ ਵਾਧਾ ਹੋਇਆ ਹੈ।
ਉਹਨਾਂ ਕਿਹਾ ਕਿ ਭਾਰੀ ਗਰਮੀ ਦੇ ਇਸ ਮੌਸਮ ਵਿੱਚ ਆਮ ਲੋਕਾਂ ਨੂੰ ਵੀ 300 ਯੂਨਿਟ ਮੁਫਤ ਬਿਜਲੀ ਦਾ ਕੋਈ ਬਹੁਤਾ ਫਾਇਦਾ ਨਹੀਂ ਹੋ ਰਿਹਾ ਕਿਉਂਕਿ 300 ਯੂਨਿਟ ਤੋਂ ਇੱਕ ਯੂਨਿਟ ਵੀ ਉੱਪਰ ਬਿਜਲੀ ਹੋ ਜਾਵੇ ਤਾਂ ਪੂਰਾ ਬਿੱਲ ਭਰਨਾ ਪੈਂਦਾ ਹੈ ਇਸ ਲਈ ਜੇ ਇਸ ਵਾਰ ਬਿੱਲ ਭਰਨਾ ਪਿਆ ਤਾਂ ਵਧੀਆਂ ਹੋਈਆਂ ਦਰਾਂ ਨਾਲ ਹੀ ਭਰਨਾ ਪਵੇਗਾ ਜਿਸ ਨਾਲ ਆਮ ਆਦਮੀ ਤੇ ਹੋਰ ਵਿੱਤੀ ਬੋਝ ਪਵੇਗਾ।
ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਲੋਕਾਂ ਨੂੰ ਢੰਗ ਸਿਰ ਬਿਜਲੀ ਦੀ ਸਪਲਾਈ ਨਹੀਂ ਹੋ ਰਹੀ ਤੇ ਭਾਰੀ ਘੱਟ ਲੱਗ ਰਹੇ ਹਨ ਜਿਸ ਕਾਰਨ ਲੋਕ ਤਰਾਹੀ ਤਰਾਹੀ ਕਰ ਰਹੇ ਹਨ ਅਤੇ ਦੂਜੇ ਪਾਸੇ ਹੁਣ ਬਿਜਲੀ ਦੇ ਰੇਟਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਜੋ ਸਹਿਣ ਯੋਗ ਨਹੀਂ ਹੈ।
ਉਹਨਾਂ ਘਰੇਲੂ ਅਤੇ ਸਨਅਤੀ ਬਿਜਲੀ ਦੀਆਂ ਦਰਾਂ ਵਿੱਚ ਵਾਧੇ ਨੂੰ ਲੋਕਾਂ ਦੀਆਂ ਜੇਬਾਂ ਵਿੱਚ ਡਾਕਾ ਮਾਰਨ ਵਾਲਾ ਦੱਸਿਆ ਹੈ। ਉਹਨਾਂ ਕਿਹਾ ਕਿ ਪਾਵਰ ਕਾਮ ਨਾ ਤਾਂ ਪੰਜਾਬ ਵਿੱਚ ਬਿਜਲੀ ਦੀ ਚੋਰੀ ਨੂੰ ਰੋਕ ਸਕੀ ਹੈ ਅਤੇ ਨਾ ਹੀ ਟਰਾਂਸਮਿਸ਼ਨ ਦੌਰਾਨ ਉਹਦੇ ਨੁਕਸਾਨ ਉੱਤੇ ਕਾਬੂ ਪਾਇਆ ਗਿਆ ਹੈ ਤੇ ਇਸ ਦਾ ਸਾਰਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਜੋ ਇਮਾਨਦਾਰੀ ਨਾਲ ਬਿਜਲੀ ਦੇ ਬਿਲ ਭਰਦੇ ਹਨ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਬਿਜਲੀ ਦੇ ਦਰਾਂ ਵਿੱਚ ਕੀਤੇ ਗਏ ਵਾਧੇ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ।