ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕੰਮ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ
ਡੇਰਾਬੱਸੀ/ਐਸਏਐਸ ਨਗਰ :
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨਾਲ ਸਬੰਧਤ ਡੇਰਾਬੱਸੀ-ਬਰਵਾਲਾ ਸੜਕ ਦੇ 7.20 ਕਿਲੋਮੀਟਰ ਲੰਬੇ ਹਿੱਸੇ ਦੀ ਮੁਰੰਮਤ ਕਰਨ ਲਈ ਸਨਅਤਕਾਰ-ਸਰਕਾਰਮਿਲਨੀ ਦੌਰਾਨ ਉਦਯੋਗਿਕ ਐਸੋਸੀਏਸ਼ਨਾਂ ਨਾਲ ਕੀਤੇ ਵਾਅਦੇ ਅਨੁਸਾਰ 7.20 ਕਿਲੋਮੀਟਰ ਲੰਬੀ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਜਾਣਕਾਰੀ ਡੀਸੀ ਆਸ਼ਿਕਾ ਜੈਨ ਨੇ ਅੱਜ ਡੇਰਾਬੱਸੀ ਵਿਖੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਮੁਰੰਮਤ ਅਤੇ ਮਜ਼ਬੂਤੀ ਦੇ ਕੰਮ ਦੀ ਅਨੁਮਾਨਤ ਰਕਮ 19.4 ਕਰੋੜ ਰੁਪਏ ਰੱਖੀ ਗਈ ਹੈ। ਮੁਰੰਮਤ ਵਿੱਚ ਸੜਕ ਦੇ ਨਾਲ ਇੱਕ 5 ਕਿਲੋਮੀਟਰ ਲੰਬੀ ਡਰੇਨ, ਕੁੱਲ 1.25 ਕਿਲੋਮੀਟਰ ਦੇ ਤਿੰਨ ਹਿੱਸਿਆਂ ਵਿੱਚ ਪੱਧਰ ਉੱਚਾ ਕਰਨਾ, ਸੜਕ ਦੇ ਇੱਕ ਨੁਕਸਾਨੇ ਗਏ ਪੁਲ ਨੂੰ ਬਦਲਣਾ ਅਤੇ 50 ਐਮਐਮ ਦੀ ਬਜਰੀ ਦੀ ਤਹਿ ਵਿਛਾਉਣ ਤੋਂ ਪਹਿਲਾਂ ਟੋਇਆਂ ਵਾਲੇ ਹਿੱਸਿਆਂ ਦਾ ਪੈਚ ਵਰਕ ਸ਼ਾਮਲ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਸੜਕ ਦੇ ਅੰਤਰਰਾਜੀ ਸੰਪਰਕ ਦੇ ਨਾਲ-ਨਾਲ ਸੜਕ ਦੇ ਦੋਹੀਂ ਪਾਸੀਂ ਉਦਯੋਗ ਸਥਾਪਿਤ ਹੋਣ ਅਤੇ ਹਵਾਈ ਸੈਨਾ ਦੇ ਜਵਾਨਾਂ ਦੀਆਂ ਰਿਹਾਇਸ਼ਾਂ ਹੋਣ ਕਾਰਨ ਇਸ ਸੜਕ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਇਸਦੀ ਮੁਰੰਮਤ ਅੱਠ ਸਾਲ ਪਹਿਲਾਂ ਕੀਤੀ ਗਈ ਹੋਣ ਕਾਰਨ, ਇਸ ਦੀ ਹਾਲਤ ਤੁਰੰਤ ਮੁਰੰਮਤ ਮੰਗਦੀ ਸੀ।
ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਦੇ ਨਾਲ, ਕਾਰਜਕਾਰੀ ਇੰਜਨੀਅਰ ਲੋਕ ਨਿਰਮਾਣ ਵਿਭਾਗ (ਨੈਸ਼ਨਲ ਹਾਈਵੇਜ਼) ਯੁਵਰਾਜ ਸਿੰਘ ਬਿੰਦਰਾ ਨੂੰ ਕਿਹਾ ਕਿ ਉਹ ਸਾਰੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਕੇ ਸੜਕ ਦੇ ਨਵੀਨੀਕਰਨ ਪ੍ਰੋਜੈਕਟ ਦੀ ਸਹੀ ਨਿਗਰਾਨੀ ਨੂੰ ਯਕੀਨੀ ਬਣਾਉਣ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਐਸ.ਡੀ.ਐਮ ਨੂੰ ਕਿਹਾ ਕਿ ਉਹ ਸਥਾਨਕ ਨਗਰ ਕੌਂਸਲ ਨੂੰ ਹਦਾਇਤ ਕਰਕੇ ਸਥਾਨਕ ਦੁਕਾਨਾਂ ਦੇ ਪਾਣੀ ਦੀ ਨਿਕਾਸੀ ਸੜਕ ਦੇ ਨਾਲ ਸੀਵਰੇਜ ਲਾਈਨ ਤੱਕ ਯਕੀਨੀ ਬਣਾਉਣ।