‘ਪਾਣੀ ਦੀ ਬਰਬਾਦੀ ਨਾ ਰੋਕੀ ਗਈ ਤਾਂ ਚੰਡੀਗੜ੍ਹ ਵੀ ਬਣ ਜਾਵੇਗਾ ਬੰਗਲੌਰ’
ਚੰਡੀਗੜ੍ਹ;
ਚੰਡੀਗੜ੍ਹ ‘ਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਪਾਣੀ ਦੀ ਵੱਧ ਰਹੀ ਬਰਬਾਦੀ ਨੂੰ ਲੈ ਕੇ ਚੰਡੀਗੜ੍ਹ ਦੇ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਭਾਜਪਾ ਸਰਕਾਰ ਦੀ ਲਾਪਰਵਾਹੀ ‘ਤੇ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਸ਼ਹਿਰ ਵਿੱਚ 24 ਘੰਟੇ ਪਾਣੀ ਮੁਹੱਈਆ ਕਰਵਾਉਣ ਦਾ ਲਗਾਤਾਰ ਵਾਅਦਾ ਕੀਤਾ ਜਾਂਦਾ ਸੀ, ਵੋਟਾਂ ਅਤੇ ਤਾੜੀਆਂ ਬਟੋਰਨ ਲਈ ਭਾਜਪਾ ਨੇ ਸ਼ਹਿਰ ਨੂੰ ਕਈ ਹਜ਼ਾਰ ਕਰੋੜ ਦੇ ਕਰਜ਼ੇ ਦੇ ਬੋਝ ਹੇਠ ਦੱਬ ਕੇ ਇੱਕ ਫਰਾਂਸੀਸੀ ਕੰਪਨੀ ਨਾਲ ਸਮਝੌਤਾ ਕੀਤਾ, ਪਰ ਅਜੇ ਲੰਮਾ ਸਫ਼ਰ ਬਾਕੀ ਹੈ। ਪਾਣੀ ਲਈ ਕਿੰਨਾ ਸਮਾਂ ਲੱਗੇਗਾ ਇਹ ਤਾਂ ਵਕਤ ਹੀ ਦਸੇਗਾ? ਇਸ ਦੇ ਨਾਲ ਹੀ ਚੰਡੀਗੜ੍ਹ ਦੇ ਲੋਕਾਂ ਨੂੰ ਮਹਿੰਗੇ ਬਿੱਲਾਂ ਦੀ ਮਾਰ ਝੱਲਣੀ ਪਵੇਗੀ।
“ਪਾਣੀ ਜੀਵਨ ਹੈ, ਇਸ ਦੀ ਬਰਬਾਦੀ ਨੂੰ ਰੋਕਣ ਲਈ ਪਹਿਲਾ ਕਦਮ ਚੁੱਕਣਾ ਚਾਹੀਦਾ ਹੈ। ਜੇਕਰ ਚੰਡੀਗੜ੍ਹ ‘ਚ 38 ਫੀਸਦੀ ਪਾਣੀ ਬਰਬਾਦ ਹੋ ਰਿਹਾ ਹੈ, ਤਾਂ ਇਹ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਇੱਥੇ ਵੀ ਬੇਂਗਲੁਰੂ ਦੇ ਹਾਲਾਤ ਬਣਨ ‘ਚ ਜ਼ਿਆਦਾ ਸਮਾਂ ਨਹੀਂ ਲੱਗੇਗਾ।”
ਪਵਨ ਬਾਂਸਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਅਸੀਂ ਸੱਤਾ ਵਿੱਚ ਆਉਂਦੇ ਹੀ ਸਭ ਤੋਂ ਪਹਿਲਾਂ ਪਾਣੀ ਦੀ ਹਰ ਬੂੰਦ ਦੀ ਬਰਬਾਦੀ ਨੂੰ ਰੋਕਾਂਗੇ। ਇਸ ਦੇ ਲਈ ਰੈਪਿਡ ਐਕਸ਼ਨ ਫੋਰਸ ਦਾ ਗਠਨ ਕੀਤਾ ਜਾਵੇਗਾ। ਕਿਉਂਕਿ ਜੇਕਰ ਅੱਜ ਪਾਣੀ ਨਹੀਂ ਬਚਾਇਆ ਗਿਆ ਤਾਂ ਕੱਲ੍ਹ ਨੂੰ ਵੀ ਨਹੀਂ ਬਚਾਇਆ ਜਾ ਸਕੇਗਾ।