ਵੀਰਵਾਰ ਨੂੰ ਸੈਕਟਰ 66/80 ਦੀਆਂ ਟ੍ਰੈਫਿਕ ਲਾਈਟਾਂ ‘ਤੇ ਯੋਗ ਪਾਏ ਤਕਨੀਕੀ ਬੋਲੀਕਾਰਾਂ ਦੁਆਰਾ ਦਿੱਤਾ ਗਿਆ ਲਾਈਵ ਡੈਮੋ
ਪਹਿਲੇ ਪੜਾਅ ਵਿੱਚ 20 ਜੰਕਸ਼ਨ/ਚੌਂਕ ਕਵਰ ਕੀਤੇ ਜਾਣਗੇ
ਐਸ.ਏ.ਐਸ.ਨਗਰ :
ਸਿਟੀ ਸਰਵੀਲੈਂਸ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੀ ਮਦਦ ਨਾਲ ਮੋਹਾਲੀ ਸ਼ਹਿਰ ਵਿੱਚ ਸੜਕੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਕਾਨੂੰਨ-ਵਿਵਸਥਾ ਤੇ ਨਿਗਰਾਨੀ ਬਣਾਈ ਰੱਖਣ ਦੇ ਨਾਲ-ਨਾਲ ਟ੍ਰੈਫਿਕ ਉਲੰਘਣਾਵਾਂ ਨੂੰ ਰੋਕਣ ਲਈ, ਵੀਰਵਾਰ ਨੂੰ ਮੋਹਾਲੀ ਦੇ ਸੈਕਟਰ 66/88 ਦੀਆਂ ਟ੍ਰੈਫਿਕ ਲਾਈਟਾਂ ਤੇ ਯੋਗ ਪਾਏ ਗਏ ਤਕਨੀਕੀ ਬੋਲੀਕਾਰਾਂ ਦੁਆਰਾ ਲਾਈਵ ਡੈਮੋ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਮੋਹਾਲੀ ਸ਼ਹਿਰ ਵਿੱਚ ਸਿਟੀ ਸਰਵੇਲੈਂਸ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੀ ਸਪਲਾਈ, ਇੰਸਟਾਲੇਸ਼ਨ, ਟੈਸਟਿੰਗ ਅਤੇ ਕਮਿਸ਼ਨਿੰਗ ਦਾ ਕੰਮ ਕੀਤਾ ਜਾ ਰਿਹਾ ਹੈ। ਇਹ ਪ੍ਰਣਾਲੀ ਜ਼ਿਲ੍ਹਾ ਪੁਲਿਸ ਨੂੰ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਅਤੇ ਟ੍ਰੈਫਿਕ ਉਲੰਘਣਾਵਾਂ ਜਿਵੇਂ ਕਿ ਰੈੱਡ ਲਾਈਟ ਜੰਪਿੰਗ, ਓਵਰ ਸਪੀਡਿੰਗ, ਟ੍ਰਿਪਲ ਰਾਈਡਿੰਗ, ਬਿਨਾਂ ਹੈਲਮੇਟ ਆਦਿ ਲਈ ਈ-ਚਲਾਨ ਵਿੱਚ ਮਦਦ ਕਰੇਗੀ।
ਉਸਨੇ ਅੱਗੇ ਕਿਹਾ ਕਿ ਈ-ਚਲਾਨ ਪਲੇਟਫਾਰਮ ਨੂੰ ਐਨ ਆਈ ਸੀ ਅਧਾਰਿਤ ਡਾਟਾਬੇਸ ਜਿਵੇਂ ਵਾਹਨ/ਸਾਰਥੀ ਨਾਲ ਜੋੜਿਆ ਜਾਵੇਗਾ। ਪਹਿਲੇ ਪੜਾਅ ਵਿੱਚ, ਇਹ ਸਿਸਟਮ ਐਸ.ਏ.ਐਸ.ਨਗਰ ਦੇ ਮੋਹਾਲੀ ਸ਼ਹਿਰ ਵਿੱਚ 20 ਵੱਖ-ਵੱਖ ਜੰਕਸ਼ਨਾਂ/ਸਥਾਨਾਂ ‘ਤੇ ਲਗਾਇਆ ਜਾਵੇਗਾ। ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ ਲਗਭਗ 8.50 ਕਰੋੜ ਰੁਪਏ ਹੈ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਨੂੰ ਪਹਿਲਾਂ ਹੀ ਫੰਡ ਜਾਰੀ ਕੀਤੇ ਜਾ ਚੁੱਕੇ ਹਨ।
ਜੈਨ ਨੇ ਕਿਹਾ ਕਿ ਇਸ ਕੰਮ ਲਈ ਤਕਨੀਕੀ ਬੋਲੀ ਖੋਲ੍ਹ ਦਿੱਤੀ ਗਈ ਹੈ ਅਤੇ ਯੋਗ ਬੋਲੀਕਾਰ ਮੈਸਰਜ਼ ਦੂਰ ਸੰਚਾਰ ਸਿਸਟਮ, ਪੰਚਕੂਲਾ ਅਤੇ ਮੈਸਰਜ਼ ਵਿਜ਼ੂਅਲ ਟੈਕਨਾਲੋਜੀਜ਼ ਪ੍ਰਾ. ਲਿਮਟਿਡ, ਨੋਇਡਾ ਨੇ ਅੱਜ ਸੈਕਟਰ 66/80 ਮੋਹਾਲੀ ਦੀਆਂ ਟ੍ਰੈਫਿਕ ਲਾਈਟਾਂ ਵਿਖੇ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਮੁੱਖ ਇੰਜੀਨੀਅਰ ਰਣਜੋਧ ਸਿੰਘ, ਕਾਰਜਕਾਰੀ ਇੰਜੀਨੀਅਰ ਜਸਵਿੰਦਰ ਸਿੰਘ, ਆਰ.ਟੀ.ਏ. ਮੋਹਾਲੀ ਪਰਦੀਪ ਸਿੰਘ ਢਿੱਲੋਂ ਅਤੇ ਨਗਰ ਨਿਗਮ ਮੋਹਾਲੀ ਦੇ ਅਧਿਕਾਰੀਆਂ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ ਦੀ ਮੌਜੂਦਗੀ ਵਿੱਚ ਲਾਏ ਜਾਣ ਵਾਲੇ ਉਪਕਰਨਾਂ ਦਾ ਲਾਈਵ ਪ੍ਰਦਰਸ਼ਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਲਾਈਵ ਡੈਮੋ ਦੀ ਸਫ਼ਲਤਾ ਦੇ ਅਧਾਰ ਤੇ ਬੋਲੀਕਾਰਾਂ ਦੀਆਂ ਵਿੱਤੀ ਬੋਲੀਆਂ ਅਗਲੇ ਹਫ਼ਤੇ ਖੋਲ੍ਹ ਦਿੱਤੀਆਂ ਜਾਣਗੀਆਂ। ਕੰਮ ਦੀ ਅਲਾਟਮੈਂਟ ਦੀ ਮਿਤੀ ਤੋਂ 6 ਮਹੀਨਿਆਂ ਦੇ ਅੰਦਰ ਇਹ ਕੰਮ ਪੂਰਾ ਕਰ ਲਿਆ ਜਾਵੇਗਾ। ਇਸ ਪ੍ਰਣਾਲੀ ਦੀ 24×7 ਨਿਗਰਾਨੀ ਲਈ ਕਮਾਂਡ ਐਂਡ ਕੰਟਰੋਲ ਸੈਂਟਰ, ਪੁਲਿਸ ਸਟੇਸ਼ਨ, ਸੋਹਾਣਾ, ਸੈਕਟਰ 79, ਐਸ.ਏ.ਐਸ.ਨਗਰ ਦੀ ਇਮਾਰਤ ਵਿੱਚ ਸਥਾਪਿਤ ਕੀਤਾ ਜਾਵੇਗਾ।