ਚੰਡੀਗੜ੍ਹ : ਬਿਜਲੀ ਵਿਭਾਗ ਚੰਡੀਗੜ੍ਹ ਦੇ ਨਿੱਜੀਕਰਨ ਖ਼ਿਲਾਫ਼ ਅੱਜ 42ਵੇਂ ਦਿਨ ਸ਼ਹਿਰ ਵਾਸੀਆਂ ਨੇ ਸੈਕਟਰ 45 ਵਿੱਚ ਰੋਸ ਪ੍ਰਦਰਸ਼ਨ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ।
ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਦੇ ਵਸਨੀਕਾਂ ਤੋਂ ਇਲਾਵਾ ਇਸ ਵਿੱਚ ਸਥਾਨਕ ਸੈਕਟਰ ਵਾਸੀਆਂ ਨੇ ਵੀ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਅੱਜ ਦਾ ਇਹ ਰੋਸ ਮਾਰਚ ਸਰਕਾਰੀ ਡਿਸਪੈਂਸਰੀ ਤੋਂ ਸ਼ੁਰੂ ਹੋਇਆ ਇਹ ਰੋਸ ਮਾਰਚ ਸੈਕਟਰ 45 ਡੀ ਦੇ ਰਿਹਾਇਸ਼ੀ ਖੇਤਰਾਂ ਦੇ ਵਿੱਚ ਦੀ ਹੁੰਦਾ ਹੋਇਆ ਉਸੇ ਸਥਾਨ ਤੇ ਆ ਕੇ ਸਮਾਪਤ ਹੋਇਆ ।
ਨੌਜਵਾਨ ਕਿਸਾਨ ਏਕਤਾ ਦੇ ਪ੍ਰਧਾਨ ਕਿਰਪਾਲ ਸਿੰਘ , ਪੇਂਡੂ ਸੰਘਰਸ਼ ਕਮੇਟੀ ਦੇ ਆਗੂ ਰਜਿੰਦਰ ਸਿੰਘ ਬੁੜੈਲ ਅਤੇ ਸੀ.ਆਈ. ਟੀ.ਯੂ ਦੇ ਸੈਕਟਰੀ ਦਿਨੇਸ਼ ਕੁਮਾਰ ਦੀ ਅਗਵਾਈ ‘ਚ ਕੱਢੇ ਗਏ ਇਸ ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਉਪਰੋਕਤ ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਚੰਡੀਗੜ੍ਹ ਵਾਸੀਆਂ ਨਾਲ ਧ੍ਰੋਹ ਕਮਾ ਰਿਹਾ ਹੈ।
ਉਹਨਾਂ ਕਿਹਾ ਕਿ ਬਿਜਲੀ ਵਿਭਾਗ ਚੰਡੀਗੜ੍ਹ ਜੋ ਕਿ ਸਸਤੀ ਬਿਜਲੀ ਮੁਹੱਈਆ ਕਰਾ ਕੇ ਵੀ ਕਰੋੜਾਂ ਰੁਪਏ ਦਾ ਮੁਨਾਫ਼ਾ ਕਮਾ ਰਿਹਾ ਹੈ । ਇਸ ਦੇ ਨਾਲ ਨਾਲ ਉਹ ਸ਼ਹਿਰ ਵਾਸੀਆਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਵਧੀਆ ਸਹੂਲਤਾਂ ਦੇਣ ਬਦਲੇ ਬੈਸਟ ਯੂਟੀਲਿਟੀ ਦਾ ਐਵਾਰਡ ਵੀ ਲੈਂਦਾ ਆ ਰਿਹਾ ਹੈ। ਇਸ ਸਭ ਦੇ ਬਾਵਜੂਦ ਵੀ ਚੰਡੀਗੜ੍ਹ ਪ੍ਰਸ਼ਾਸਨ ਇਸ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਦੇਣ ਲਈ ਕਿਉਂ ਬਜ਼ਿਦ ਹੈ, ਇਸ ਗੱਲ ਦੀ ਚੰਡੀਗੜ੍ਹ ਵਾਸੀਆਂ ਨੂੰ ਸਮਝ ਨਹੀਂ ਆ ਰਹੀ।
ਬੁਲਾਰਿਆਂ ਨੇ ਕਿਹਾ ਕਿ ਅਰਬਾਂ ਰੁਪਏ ਦੀ ਸੰਪੱਤੀ ਵਾਲਾ ਵਿਭਾਗ ਕੌਡੀਆਂ ਦੇ ਭਾਅ ਕਿਸੇ ਨਿੱਜੀ ਕੰਪਨੀ ਨੂੰ ਦੇ ਦੇਣਾ ਸਿੱਧਾ ਸਿੱਧਾ ਵੱਡੇ ਸਕੈਂਡਲ ਵੱਲ ਇਸ਼ਾਰਾ ਕਰਦਾ ਹੈ। ਬੁਲਾਰਿਆਂ ਨੇ ਕੇਂਦਰੀ ਏਜੰਸੀਆਂ ਤੋਂ ਮੰਗ ਕੀਤੀ ਹੈ ਕਿ ਕਰੋੜਾਂ ਰੁਪਏ ਦੇ ਮੁਨਾਫ਼ੇ ਵਾਲੇ ਵਿਭਾਗ ਨੂੰ ਵੇਚਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜਾਂਚ ਹੋਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਪ੍ਰਸ਼ਾਸਨ ਦੀ ਇਹ ਕਾਰਵਾਈ ਚੰਡੀਗੜ੍ਹ ਦੇ ਲੋਕਾਂ ਦੀਆਂ ਜੇਬਾਂ ਤੇ ਸਿੱਧਾ ਡਾਕਾ ਹੈ । ਜਿਸ ਨੂੰ ਸ਼ਹਿਰ ਵਾਸੀ ਬਰਦਾਸ਼ਤ ਨਹੀਂ ਕਰਨਗੇ। ਬੁਲਾਰਿਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਚੰਡੀਗੜ੍ਹ ਦੇ ਲੋਕ ਸੜਕਾਂ ਤੇ ਨਿਕਲ ਆਉਣ ਪ੍ਰਸ਼ਾਸਨ ਨੂੰ ਆਪਣਾ ਨਿੱਜੀਕਰਨ ਦਾ ਫੈਸਲਾ ਵਾਪਸ ਲੈਣ ਵੱਲ ਕਦਮ ਵਧਾਉਣਾ ਚਾਹੀਦਾ ਹੈ।
ਨੌਜਵਾਨ ਕਿਸਾਨ ਏਕਤਾ ਦੇ ਪ੍ਰਧਾਨ ਕਿਰਪਾਲ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਉਹ ਸ਼ਹਿਰ ਵਿੱਚ ਇੱਕ ਵੱਡਾ ਰੋਸ ਵਿਖਾਵਾ ਕਰਨ ਜਾ ਰਹੇ ਹਨ ਜਿਸ ਵਿੱਚ ਸਮੁੱਚੇ ਸ਼ਹਿਰ ਵਾਸੀ ਵੱਧ ਚੜ ਕੇ ਹਿੱਸਾ ਲੈਣਗੇ।
ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਉਹ ਨਿੱਜੀਕਰਨ ਦਾ ਫੈਸਲਾ ਤੁਰੰਤ ਵਾਪਸ ਲੈਣ। ਅੱਜ ਦੇ ਇਸ ਰੋਸ ਮਾਰਚ ਵਿੱਚ ਸੈਕਟਰ 45 ਤੋਂ ਦਵਿੰਦਰ ਸਿੰਘ, ਦਿਲਬਾਗ ਰਾਏ, ਹਰਿੰਦਰ ਸਿੰਘ ਗਿੱਲ ,ਵਿਨੋਦ ਕੁਮਾਰ ਅਤੇ ਸੈਕਟਰ 38 ਤੋ ਰਜਿੰਦਰ ਸਿੰਘ , ਧੀਰਜ ਗੁਪਤਾ ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਸਮੇਤ ਨੌਜਵਾਨਾਂ , ਬਜ਼ੁਰਗਾਂ , ਬੱਚਿਆਂ ਅਤੇ ਔਰਤਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।