ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਆਪਣੇ ਅਪਮਾਨਜਨਕ ਭਾਸ਼ਣਾਂ ਲਈ ਜਵਾਬਦੇਹ ਠਹਿਰਾਏ ਜਾਣਗੇ ਤੇ ਕਿਸੇ ਵੀ ਹੀਲੇ ਉਹ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਕਸ ਨੂੰ ਢਾਹ ਲਾਉਣ ਲਈ ਫੌਜਦਾਰੀ ਮਾਣਹਾਨੀ ਦੇ ਕੇਸ ਤੋਂ ਬਚ ਨਹੀਂ ਸਕਦੇ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਹਿੱਲ ਗਏ ਹਨ। ਇਸੇ ਲਈ ਉਹ ਘਟੀਆ ਸ਼ਬਦਾਵਲੀ ਤੇ ਟਿੱਪਣੀਆਂ ਕਰਨ ’ਤੇ ਉਤਰ ਆਏ ਤੇ ਆਪਣੀ ਝੂਠੀ ਬਹਾਦਰੀ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਹਨਾਂ ਕਿਹਾ ਕਿ ਉਹ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਉਹਨਾਂ ਨੂੰ ਇਹ ਸਮਝਣਾ ਪਵੇਗਾ ਕਿ ਉਹਨਾਂ ਦੇ ਆਕਾ ਅਰਵਿੰਦ ਕੇਜਰੀਵਾਲ ਨੂੰ ਵੀ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗਣੀ ਪਈ ਹੈ ਤੇ ਉਹਨਾਂ ਨੂੰ ਵੀ ਇਸੇ ਨਤੀਜੇ ਦਾ ਸਾਹਮਣਾ ਕਰਨਾ ਪਵੇਗਾ।
ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਮੁੱਖ ਮੰਤਰੀ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਬਠਿੰਡਾ ਦੇ ਤਿੰਨ ਵਾਰ ਐਮ ਪੀ ਚੁਣੇ ਗਏ ਤੇ ਦੋ ਵਾਰ ਕੈਬਨਿਟ ਮੰਤਰੀ ਰਹੇ ਸਰਦਾਰਨੀ ਹਰਸਿਮਰਤ ਕੌਰ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਖਿਲਾਫ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨ।
ਉਹਨਾਂ ਕਿਹਾ ਕਿ ਬਜਾਏ ਸਿਆਸੀ ਵਿਰੋਧੀਆਂ ਦਾ ਮਖੌਲ ਉਡਾਉਣ ਦੇ ਮੁੱਖ ਮੰਤਰੀ ਨੂੰ ਆਪਣੀ ਮਾਤਾ ਤੇ ਪਤਨੀ ਦੀ ਰਾਖੀ ਲਈ ਤਿੰਨ ਬਟਾਲੀਅਨਾਂ ਦੀ ਜ਼ਿੰਮੇਵਾਰੀ ਦੇਣ ਸਮੇਤ ਆਪਣੇ ਕੰਮਾਂ ਲਈ ਸਵੈ ਪੜਚੋਲ ਕਰਨੀ ਚਾਹੀਦੀ ਹੈ।
ਉਹਨਾਂ ਕਿਹਾਕਿ ਜਿਸ ਤਰੀਕੇ ਮੁੱਖ ਮੰਤਰੀ ਨੇ ਆਪਣੀ ਮੱਧ ਪ੍ਰਦੇਸ਼ ਤੇ ਹੋਰ ਚੋਣਾਂ ਵਾਲੇ ਰਾਜਾਂ ਦੀ ਫੇਰੀ ਨੂੰ ਸਹੀ ਠਹਿਰਾਇਆ ਹੈ, ਉਹ ਵੀ ਗਲਤ ਹੈ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਮੁੱਖ ਮੰਤਰੀ ਦੇ ਕਿਸੇ ਵੀ ਹੋਰ ਰਾਜ ਦੇ ਦੌਰੇ ’ਤੇ ਇਤਰਾਜ਼ ਨਹੀਂ ਹੈ। ਅਸੀਂ ਤਾਂ ਸਿਰਫ ਇਸ ਗੱਲ ’ਤੇ ਇਤਰਾਜ਼ ਕਰ ਰਹੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਕਿਵੇਂ ਆਪਣੇ ਆਕਾ ਸ੍ਰੀ ਅਰਵਿੰਦ ਕੇਜਰੀਵਾਲ ਦੇ ਡ੍ਰਾਈਵਰ ਬਣ ਗਏ ਹਨ ਤੇ ਸ੍ਰੀ ਕੇਜਰੀਵਾਲ ਦੇ ਚੋਣ ਪ੍ਰੋਗਰਾਮਾਂ ਵਾਸਤੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਨੂੰ ਲੁਟਾਇਆ ਜਾ ਰਿਹਾ ਹੈ।
ਅਕਾਲੀ ਦਲ ਦੇ ਬੁਲਾਰੇ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਦੱਸਣ ਕਿ ਉਹਨਾਂ ਨੇ ਆਪਣੇ ਬੇਸ਼ਕੀਮਤੀ ਹੀਰੇ ਮੰਤਰੀ ਤੇ ਵਿਧਾਇਕਾਂ ਖਿਲਾਫ ਕੀ ਕਾਰਵਾਈ ਕੀਤੀ ਹੈ ਜੋ ਭ੍ਰਿਸ਼ਟਾਚਾਰ ਦੇ ਨਾਲ-ਨਾਲ ਅਨੈਤਿਕ ਕੰਮਾਂ ਵਿਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਹਰ ਕਿਸੇ ਨੇ ਵੇਖਿਆ ਹੈ ਕਿ ਕਿਵੇਂ ਡਾ. ਵਿਜੇ ਸਿੰਗਲਾ ਤੇ ਸਰਦਾਰ ਫੌਜਾ ਸਿੰਘ ਸਰਾਰੀ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਦਬਾ ਦਿੱਤੇ ਗਏ ਹਨ ਤੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਤੇ ਵਿਧਾਇਕ ਸ੍ਰੀ ਗੋਲਡੀ ਕੰਬੋਜ ਵੱਲੋਂ ਅਨੈਤਿਕ ਕੰਮਾਂ ਲਈ ਵੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਹਾਲੇ ਤੱਕ ਉਸ ਕੈਬਨਿਟ ਮੰਤਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਿਸ ’ਤੇ ਇਕ ਬੇਵੱਸ ਪੀੜਤ ਦਾ ਸਰੀਰਕ ਸੋਸ਼ਣ ਕਰਨ ਦੇ ਦੋਸ਼ ਲੱਗੇ ਹਨ ਜਦੋਂ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਹੈ ਕਿ ਕਾਨੂੰਨ ਮੁਤਾਬਕ ਮੰਤਰੀ ਦਾ ਨਾਂ ਵੀ ਜਨਤਕ ਕੀਤਾ ਜਾਵੇ ਤੇ ਉਸ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾਕਿ ਇਸ ਸਭ ਤੋਂ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਮਾੜੇ ਅਨਸਰਾਂ ਦੀ ਪੁਸ਼ਤਪਨਾਹੀ ਕਰ ਰਹੇ ਹਨ ਜਦੋਂ ਕਿ ਦਾਅਵੇ ਕਰ ਰਹੇ ਹਨ ਕਿ ਉਹ ਇਕ ਕੱਟੜ ਇਮਾਨਦਾਰ ਸਰਕਾਰ ਚਲਾ ਰਹੇ ਹਨ।
ਐਡਵੋਕੇਟ ਕਲੇਰ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਖਿਲਾਫ ਮਾਣਹਾਨੀ ਵਾਲੀਆਂ ਕਾਰਵਾਈਆਂ ’ਤੇ ਸਪਸ਼ਟੀਕਰਨ ਦੇਣ ਤੇ ਕਿਹਾ ਕਿ ਕੋਈ ਵੀ ਝੂਠੀ ਦਲੇਰੀ ਤੇ ਬਹਾਦਰੀ ਉਹਨਾਂ ਨੂੰ ਮਾਣਹਾਨੀ ਦੇ ਕੇਸ ਤੋਂ ਬਚਾ ਨਹੀਂ ਸਕਦੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ 1 ਨਵੰਬਰ ਨੂੰ ਪੀ ਏ ਯੂ ਲੁਧਿਆਣਾ ਵਿਖੇ ’ਇਕ ਆਦਮੀ ਦੇ ਸ਼ੋਅ’ ਦੌਰਾਨ ਦਾਅਵਾ ਕੀਤਾ ਸੀ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਦੇ ਚੌਧਰੀ ਦੇਵੀ ਨਾਲ ਅਦਲਾ ਬਦਲੀ ਦੇ ਸਮਝੌਤੇ ਵਜੋਂ ਇਕ ਸਮਝੌਤਾ ਕੀਤਾ ਸੀ ਜਿਸ ਤਹਿਤ 1998 ਵਿਚ ਬਾਦਲ ਪਰਿਵਾਰ ਦੇ ਬਾਲਾਸਰ ਫਾਰਮ ਹਾਊਸ ਲਈ ਪੰਜਾਬ ਦੇ ਦਰਿਆਈ ਪਾਣੀ ਲਿਜਾਣ ਲਈ ਇਕ ਵਿਸ਼ੇਸ਼ ਨਹਿਰ ਉਸਾਰੀ ਗਈ ਸੀ।
ਉਹਨਾਂ ਕਿਹਾ ਕਿ ਸਰਦਾਰ ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਾਲਾਸਰ ਨਹਿਰ 1955 ਵਿਚ ਉਸਾਰੇ ਗਏ ਬੀ ਐਮ ਐਲ ਸਿੰਜਾਈ ਸਿਸਟਮ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਬਾਦਲ ਪਰਿਵਾਰ ਦੇ ਬੱਸ ਕਾਰੋਬਾਰ ਬਾਰੇ ਝੂਠੇ ਦਾਅਵੇ ਕੀਤੇ ਗਏ ਤੇ ਇਸ ਕਾਰੋਬਾਰ ਨੂੰ ਗੈਰ ਕਾਨੂੰਨੀ ਦਰਸਾਉਣ ਦਾ ਯਤਨ ਕੀਤਾ ਗਿਆ।
ਉਹਨਾਂ ਕਿਹਾ ਕਿ ਸੱਚਾਈ ਤੋਂ ਪਰਾਂ ਕੁਝ ਵੀ ਨਹੀਂ ਹੋ ਸਕਦਾ ਤੇ ਹਾਲ ਹੀ ਵਿਚ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਦੀ ਉਹ ਨੀਤੀ ਰੱਦ ਕੀਤੀ ਹੈ ਜਿਸ ਤਹਿਤ ਪ੍ਰਾਈਵੇਟ ਤੇ ਸਰਕਾਰੀ ਬੱਸ ਕੰਪਨੀਆਂ ਲਈ ਪਰਮਿਟ ਦਿੱਤੇ ਗਏ ਸਨ।