Follow us

27/12/2024 5:32 pm

Search
Close this search box.
Home » News In Punjabi » ਚੰਡੀਗੜ੍ਹ » ਲੋਕਾਂ ਲਈ ਜਵਾਬਦੇਹ ਅਤੇ ਅਸਰਦਾਰ ਵਿਵਸਥਾ ਕਾਇਮ ਕਰਨ ਵਾਸਤੇ ਪੰਜਾਬ ਪੁਲਿਸ ਨੂੰ ਆਧੁਨਿਕ ਲੀਹਾਂ ’ਤੇ ਪਾਇਆ-ਮੁੱਖ ਮੰਤਰੀ

ਲੋਕਾਂ ਲਈ ਜਵਾਬਦੇਹ ਅਤੇ ਅਸਰਦਾਰ ਵਿਵਸਥਾ ਕਾਇਮ ਕਰਨ ਵਾਸਤੇ ਪੰਜਾਬ ਪੁਲਿਸ ਨੂੰ ਆਧੁਨਿਕ ਲੀਹਾਂ ’ਤੇ ਪਾਇਆ-ਮੁੱਖ ਮੰਤਰੀ

ਐਸ.ਐਚ.ਓਜ਼ ਲਈ 410 ਨਵੇਂ ਹਾਈ-ਟੈੱਕ ਵਾਹਨਾਂ ਨੂੰ ਹਰੀ ਝੰਡੀ ਵਿਖਾਈ

ਪਹਿਲੀ ਵਾਰ ਹੇਠਲੇ ਪੱਧਰ ਉਤੇ ਪੁਲਿਸ ਨੂੰ ਨਵੇਂ ਵਾਹਨ ਦਿੱਤੇਸਪਲਾਈ ਲਾਈਨ ਤੋੜ ਕੇ ਪੰਜਾਬ ਨੂੰ ਮੁਕੰਮਲ ਤੌਰ ਉਤੇ ਨਸ਼ਾ ਮੁਕਤ ਬਣਾਉਣ ਦਾ ਅਹਿਦ ਦੁਹਰਾਇਆ

ਚੰਡੀਗੜ੍ਹ :


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਵਾਸੀਆਂ ਨੂੰ ਕਾਰਗਰ, ਜਵਾਬਦੇਹ ਅਤੇ ਪ੍ਰਭਾਵਸ਼ਾਲੀ ਪੁਲਿਸ ਸੇਵਾ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਨੇ ਪੰਜਾਬ ਪੁਲਿਸ ਨੂੰ ਆਧੁਨਿਕ ਲੀਹਾਂ ‘ਤੇ ਪਾਇਆ ਹੈ।


ਅੱਜ ਇੱਥੇ 410 ਨਵੇਂ ਹਾਈ-ਟੈੱਕ ਵਾਹਨਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਐਸ.ਐਚ.ਓਜ਼ (ਥਾਣਾ ਮੁਖੀਆਂ) ਨੂੰ ਨਵੇਂ ਵਾਹਨ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਪੁਰਾਣੀ ਵਿਵਸਥਾ ਦੇ ਉਲਟ ਕੀਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਜ਼ਮੀਨੀ ਪੱਧਰ ‘ਤੇ ਨਵੇਂ ਵਾਹਨ ਸਿਰਫ ਉੱਚ ਅਧਿਕਾਰੀਆਂ ਨੂੰ ਦਿੱਤੇ ਜਾਂਦੇ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਵਿੱਚ ਐਸ.ਐਚ.ਓ. ਪੰਜਾਬ ਪੁਲਿਸ ਦਾ ਅਸਲ ਚਿਹਰਾ ਹਨ ਕਿਉਂ ਜੋ ਉਹ ਸਿੱਧੇ ਤੌਰ ‘ਤੇ ਲੋਕਾਂ ਨਾਲ ਜੁੜੇ ਹੋਏ ਹਨ।


ਮੁੱਖ ਮੰਤਰੀ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਨੇ ਪੰਦਰਵਾੜੇ ਦੇ ਅੰਦਰ ਮੌਤ ਦਰ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪਹਿਲਾਂ ਔਸਤਨ 17 ਮੌਤਾਂ ਪ੍ਰਤੀ ਦਿਨ ਹੁੰਦੀਆਂ ਸਨ, ਜਦਕਿ ਇਕ ਫਰਵਰੀ ਨੂੰ ਜਦੋਂ ਤੋਂ ਇਸ ਫੋਰਸ ਨੂੰ ਸੜਕਾਂ ਉਤੇ ਤਾਇਨਾਤ ਕੀਤਾ ਗਿਆ ਹੈ, ਤੋਂ ਲੈ ਕੇ 15 ਦਿਨਾਂ ਦੇ ਅੰਦਰ 13 ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਅਜੇ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਗਿਣਤੀ ਹੋਰ ਘਟਾਈ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਜ਼ਿਲ੍ਹਾ ਪੁਲਿਸ ਤੋਂ ਬੋਝ ਘਟਾਉਣ ਅਤੇ ਉਨ੍ਹਾਂ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ ਕਰਨ ਵਿੱਚ ਸਹਾਈ ਹੋਵੇਗੀ।


ਮੁੱਖ ਮੰਤਰੀ ਨੇ ਕਿਹਾ ਕਿ ਇਕ ਪਾਸੇ ਸੂਬੇ ਵਿੱਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਰੋਕਣ ਅਤੇ ਦੂਜੇ ਪਾਸੇ ਸੂਬੇ ਦੀਆਂ ਸੜਕਾਂ ‘ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸੂਬਾ ਸਰਕਾਰ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਪਣੀ ਕਿਸਮ ਦੀ ਪਹਿਲੀ ਵਿਸ਼ੇਸ਼ ਫੋਰਸ ਪੰਜਾਬ ਵਿੱਚ ਰੋਜ਼ਾਨਾ ਸੜਕ ਹਾਦਸਿਆਂ ਵਿੱਚ ਅਜਾਈਂ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਅਹਿਮ ਭੂਮਿਕਾ ਨਿਭਾ ਰਹੀ ਹੈ ਅਤੇ ਇਸ ਫੋਰਸ ਨੂੰ ਅੰਨ੍ਹੇਵਾਹ ਡਰਾਈਵਿੰਗ ਕਰਨ, ਸੜਕਾਂ ‘ਤੇ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਹੋਰ ਕੰਮਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸ਼ੁਰੂਆਤੀ ਤੌਰ ‘ਤੇ ਅਤਿ-ਆਧੁਨਿਕ ਯੰਤਰਾਂ ਨਾਲ ਲੈਸ 129 ਵਾਹਨ ਹਰ 30 ਕਿਲੋਮੀਟਰ ਬਾਅਦ ਸੜਕਾਂ ‘ਤੇ ਤਾਇਨਾਤ ਕੀਤੇ ਗਏ ਹਨ ਅਤੇ ਇਨ੍ਹਾਂ ਵਾਹਨਾਂ ਕੋਲ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਐਮਰਜੈਂਸੀ ਇਲਾਜ ਮੁਹੱਈਆ ਕਰਵਾਉਣ ਲਈ ਪੂਰੀ ਮੈਡੀਕਲ ਕਿੱਟ ਵੀ ਮੌਜੂਦ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਦੁਸ਼ਮਣ ਤਾਕਤਾਂ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਨਾਪਾਕ ਮਨਸੂਬੇ ਘੜ ਰਹੀਆਂ ਹਨ ਪਰ ਪੰਜਾਬ ਪੁਲਿਸ ਨੇ ਹਮੇਸ਼ਾ ਹੀ ਅਜਿਹੀਆਂ ਸਾਜ਼ਿਸ਼ਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਦਰਪੇਸ਼ ਵੱਡੀਆਂ ਚੁਣੌਤੀਆਂ ‘ਤੇ ਕਾਬੂ ਪਾਉਣ ਲਈ ਇਹ ਜ਼ਰੂਰੀ ਹੈ ਕਿ ਪੁਲਿਸ ਫੋਰਸ ਨੂੰ ਜਾਂਚ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਆਧੁਨਿਕ ਲੋੜਾਂ ਨਾਲ ਲੈਸ ਕੀਤਾ ਜਾਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਪੁਲਿਸ ਨੂੰ ਵਿਗਿਆਨਕ ਲੀਹਾਂ ‘ਤੇ ਅਪਗ੍ਰੇਡ ਕਰਨ ਅਤੇ ਆਧੁਨਿਕ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਆਉਣ ਵਾਲੇ ਸਮੇਂ ਵਿੱਚ ਵੀ ਦੇਸ਼ ਦੀ ਨਿਰਸਵਾਰਥ ਸੇਵਾ ਦੀ ਆਪਣੀ ਸ਼ਾਨਦਾਰ ਵਿਰਾਸਤ ਨੂੰ ਬਰਕਰਾਰ ਰੱਖੇਗੀ।


ਮੁੱਖ ਮੰਤਰੀ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਦੇ ਮਨੋਰਥ ਨਾਲ ਔਰਤਾਂ ਦੀ ਸੁਰੱਖਿਆ ਅਤੇ ਹਿਫਾਜ਼ਤ ਲਈ ਅੱਠ ਵਿਸ਼ੇਸ਼ ਮਹਿਲਾ ਥਾਣੇ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸੀਨੀਅਰ ਪੁਲੀਸ ਕਪਤਾਨ ਵਜੋਂ ਮਹਿਲਾ ਅਧਿਕਾਰੀ ਤਾਇਨਾਤ ਹਨ ਅਤੇ 10 ਤੋਂ ਵੱਧ ਜ਼ਿਲ੍ਹਿਆਂ ਵਿੱਚ ਮਹਿਲਾ ਡਿਪਟੀ ਕਮਿਸ਼ਨਰ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿੱਚ ਲੜਕੀਆਂ ਦੀ ਭਲਾਈ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਉਪਰਾਲਿਆਂ ਦੇ ਲੋੜੀਂਦੇ ਨਤੀਜੇ ਸਾਹਮਣੇ ਆ ਰਹੇ ਹਨ।


ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ 90 ਫੀਸਦੀ ਘਰਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ, 40 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ, ਲੋਕਾਂ ਨੂੰ ਸਿਹਤ ਅਤੇ ਸਿੱਖਿਆ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਪਹਿਲਕਦਮੀਆਂ ਆਮ ਆਦਮੀ ਦੀ ਭਲਾਈ ਲਈ ਹਨ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।


ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੁਲਿਸ ਦੀ ਕਮੀ ਨੂੰ ਦੂਰ ਕਰਨ ਲਈ ਆਉਣ ਵਾਲੇ ਚਾਰ ਸਾਲਾਂ ਲਈ ਪੰਜਾਬ ਪੁਲਿਸ ਵਿੱਚ ਹਰ ਸਾਲ 1800 ਕਾਂਸਟੇਬਲ ਅਤੇ 300 ਸਬ-ਇੰਸਪੈਕਟਰ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 2100 ਅਸਾਮੀਆਂ ਲਈ ਹਰ ਸਾਲ ਲਗਭਗ 2.50 ਲੱਖ ਉਮੀਦਵਾਰਾਂ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਗੇ, ਇਸ ਲਈ ਸਾਰੇ ਚਾਹਵਾਨ ਪ੍ਰੀਖਿਆਰਥੀ ਪ੍ਰੀਖਿਆਵਾਂ ਪਾਸ ਕਰਨ ਲਈ ਅਕਾਦਮਿਕ ਤਿਆਰੀ ਦੇ ਨਾਲ-ਨਾਲ ਸਰੀਰਕ ਫਿਟਨੈੱਸ ਵੱਲ ਧਿਆਨ ਦੇਣਗੇ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾਣ ਅਤੇ ਨਸ਼ਿਆਂ ਦੀ ਅਲਾਮਤ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਮਿਲ ਰਹੀ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ‘ਵਿਹਲਾ ਮਨ, ਸ਼ੈਤਾਨ ਦਾ ਘਰ ਹੁੰਦਾ ਹੈ’, ਇਸ ਲਈ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਕੰਮ ਅਤੇ ਖੇਡਾਂ ਵਿੱਚ ਲੱਗੇ ਰਹਿਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਸਾਰੇ ਨੌਜਵਾਨ ਸਿਹਤ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਹੋਣ ਤਾਂ ਕਿ ਸਮਾਜ ਵਿੱਚ ਨਸ਼ਿਆਂ ਦੀ ਅਲਾਮਤ ਲਈ ਕੋਈ ਥਾਂ ਨਾ ਬਚੇ।


ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਛੇਤੀ ਹੀ ਨਸ਼ਾ ਮੁਕਤ ਸੂਬਾ ਬਣ ਜਾਵੇਗਾ ਕਿਉਂਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਲਈ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ਪਰ ਨਸ਼ੇ ਤੋਂ ਗ੍ਰਸਤ ਵਿਅਕਤੀਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ।


ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਜਵਾਨਾਂ ਦੇ ਪਰਿਵਾਰਾਂ ਦੀ ਭਲਾਈ ਦੇ ਉਦੇਸ਼ ਨਾਲ ਇਕ ਹੋਰ ਪਹਿਲਕਦਮੀ ਕਰਦਿਆਂ ਸੂਬਾ ਸਰਕਾਰ ਨੇ ‘ਗੁਲਦਸਤਾ’ ਨਾਮ ਦਾ ਸਮਾਗਮ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਪੁਲਿਸ ਦੇ ਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਹੀ ਸ਼ਿਰਕਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਹਨ ਕਿਉਂਕਿ ਪੁਲਿਸ ਮੁਲਾਜ਼ਮਾਂ ਦਾ ਜ਼ਿਆਦਾਤਰ ਸਮਾਂ ਡਿਊਟੀ ਵਿੱਚ ਲੰਘ ਜਾਂਦਾ ਹੈ ਜਿਸ ਕਰਕੇ ਪਰਿਵਾਰ ਅਕਸਰ ਅਣਗੌਲੇ ਰਹਿ ਜਾਂਦੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮਾਗਮ ਦਾ ਉਦੇਸ਼ ਇਨ੍ਹਾਂ ਪਰਿਵਾਰਾਂ ਨੂੰ ਇਕੱਠੇ ਕਰਨਾ ਹੈ ਤਾਂ ਕਿ ਉਹ ਸਾਰੀਆਂ ਪ੍ਰੇਸ਼ਾਨੀਆਂ ਤੋਂ ਸੁਰਖਰੂ ਹੋ ਕੇ ਇਕੱਠਿਆਂ ਸਮਾਂ ਬਤੀਤ ਕਰ ਸਕਣ।


ਇਸ ਦੌਰਾਨ ਮੁੱਖ ਮੰਤਰੀ ਨੇ ਏ.ਐਸ.ਆਈ. ਹਰਦੇਵ ਸਿੰਘ, ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਅਤੇ ਕਾਂਸਟੇਬਲ ਸ਼ਾਲੂ ਰਾਣਾ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇ ਚੈੱਕ ਸੌਂਪੇ। ਇਨ੍ਹਾਂ ਤਿੰਨਾਂ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਦੌਰਾਨ ਵਾਪਰੇ ਹਾਦਸੇ ਵਿੱਚ ਮੌਤ ਹੋ ਗਈ ਸੀ।

dawn punjab
Author: dawn punjab

Leave a Comment

RELATED LATEST NEWS

Top Headlines

ਹਲਵਾਰਾ ਤੋਂ ਏਅਰਲਾਈਨ ਦੇ ਸੰਚਾਲਨ ਲਈ ਬੋਲੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ

ਹਲਵਾਰਾ ਤੋਂ ਏਅਰਲਾਈਨ ਦੇ ਸੰਚਾਲਨ ਲਈ ਬੋਲੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ: ਰਵਨੀਤ ਸਿੰਘ ਕੇਂਦਰੀ ਰੇਲ ਰਾਜ ਮੰਤਰੀ ਫੂਡ ਪ੍ਰੋਸੈਸਿੰਗ

Live Cricket

Rashifal