ਡਾਕਟਰ ਮਨਮੋਹਨ ਸਿੰਘ ਵੱਲੋਂ ਖਿੱਚੀ ਲਕੀਰ ਸਾਹਮਣੇ ਬੌਣੇ ਬਣੇ ਸੱਤਾ ਧਿਰ ਦੇ ਆਗੂ: ਡਿਪਟੀ ਮੇਅਰ
ਡਾਕਟਰ ਮਨਮੋਹਨ ਸਿੰਘ ਦੇ ਨਾਂ ਤੇ ਦਿੱਲੀ ਵਿੱਚ ਯਾਦਗਾਰ ਬਣਾਉਣ, ਭਾਰਤ ਰਤਨ ਦੇਣ ਦੀ ਕੀਤੀ ਮੰਗ
ਮੋਹਾਲੀ:
ਇੱਕ ਪਾਸੇ ਮਹਾਨ ਸ਼ਖਸ਼ੀਅਤ ਡਾਕਟਰ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਦੇ ਅਕਾਲ ਚਲਾਣੇ ਉੱਤੇ ਪੂਰਾ ਸੰਸਾਰ ਸ਼ੋਕ ਮਨਾ ਰਿਹਾ ਹੈ ਅਤੇ ਦੂਜੇ ਪਾਸੇ ਸਾਡੇ ਮੁਲਕ ਦੇ ਸੱਤਾਧਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੇ ਸਸਕਾਰ ਲਈ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲੀਕਾ ਅਰਜੁਨ ਖੜਗੇ ਵੱਲੋਂ ਰਾਜ ਘਾਟ ਵਿਖੇ ਉਹਨਾਂ ਦੇ ਸਸਕਾਰ ਦੀ ਬੇਨਤੀ ਨੂੰ ਅਣਗੌਲਿਆ ਕਰਕੇ ਆਪਣੀ ਸਰਕਾਰ ਦਾ ਹੀ ਕੱਦ ਘਟਾਇਆ ਹੈ ਅਤੇ ਭਾਰਤ ਦੇ ਲੋਕ ਕਦੇ ਇਸ ਗੱਲ ਨੂੰ ਨਹੀਂ ਭੁੱਲਣਗੇ ਤੇ ਨਾ ਹੀ ਮੌਜੂਦਾ ਸਰਕਾਰ ਨੂੰ ਮੁਆਫ ਕਰਨਗੇ। ਇਸ ਕਾਰਵਾਈ ਲਈ ਸੱਤਾਧਾਰੀ ਕੇਂਦਰ ਸਰਕਾਰ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱਟ ਹੈ। ਇਹ ਗੱਲ ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇੱਕ ਬਿਆਨ ਵਿੱਚ ਕਹੀ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਫਰਕ ਸਾਫ ਦਿਖਾਈ ਦਿੰਦਾ ਹੈ। ਜਿੱਥੇ ਡਾਕਟਰ ਮਨਮੋਹਨ ਸਿੰਘ ਗਰੀਬਾਂ ਅਤੇ ਮੱਧ ਵਰਗੀ ਪਰਿਵਾਰਾਂ ਦੇ ਪ੍ਰਧਾਨ ਮੰਤਰੀ ਸਨ ਉੱਥੇ ਮੌਜੂਦਾ ਸਰਕਾਰ ਅਮੀਰਾਂ ਦੀ ਸਰਕਾਰ ਹੈ। ਇਹੀ ਕਾਰਨ ਹੈ ਕਿ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਗਰੀਬ ਹੋਰ ਗਰੀਬ। ਉਹਨਾਂ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੇ ਮਜ਼ਦੂਰਾਂ ਵਾਸਤੇ ਮਨਰੇਗਾ ਸਕੀਮ ਲਿਆਂਦੀ, ਆਧਾਰ ਕਾਰਡ ਲਿਆਂਦਾ, ਆਪਣੀ ਹੀ ਸਰਕਾਰ ਦੀ ਆਲੋਚਨਾ ਹੋਣ ਦੇ ਬਾਵਜੂਦ ਸੂਚਨਾ ਦਾ ਅਧਿਕਾਰ ਲਿਆਂਦਾ, ਸਭ ਤੋਂ ਵੱਡੀ ਗੱਲ ਭਾਰਤ ਦੇ ਹੱਕ ਵਿੱਚ ਅੰਤਰਰਾਸ਼ਟਰੀ ਪਰਮਾਣੂ ਸਮਝੌਤਾ ਕੀਤਾ ਅਤੇ ਆਪਣੇ ਵਿੱਤੀ ਫੈਸਲਿਆਂ ਨਾਲ ਦੇਸ਼ ਨੂੰ ਗਰਕ ਵਿੱਚ ਜਾਣ ਤੋਂ ਬਚਾਇਆ ਅਤੇ ਬੁਲੰਦੀਆਂ ਤੇ ਪਹੁੰਚਾਇਆ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਅੱਜ ਗਰੀਬਾਂ ਨੂੰ ਪੰਜ ਕਿਲੋ ਰਾਸ਼ਨ ਵੰਡ ਕਿ ਆਪਣੇ ਪਿੱਠ ਥਾਪੜਦੇ ਫਿਰਦੇ ਹਨ, ਉਸ ਦਾ ਰਾਈਟ ਟੂ ਫੂਡ ਦਾ ਅਧਿਕਾਰ ਵੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਹੀ ਲਿਆਂਦਾ ਸੀ। ਉਹਨਾਂ ਕਿਹਾ ਕਿ ਦੇਸ਼ ਦੇ ਇਸ ਮਹਾਨ ਸਪੂਤ ਨਾਲ ਅਜਿਹਾ ਵਿਤਕਰਾ ਭਾਰਤੀ ਜਨਤਾ ਪਾਰਟੀ ਨੂੰ ਸ਼ੋਭਾ ਨਹੀਂ ਦਿੰਦਾ।
ਉਹਨਾਂ ਕਿਹਾ ਕਿ ਖਾਸ ਤੌਰ ਤੇ ਇਹ ਵਿਤਕਰਾ ਸਿੱਖਾਂ ਨਾਲ ਕੀਤਾ ਗਿਆ ਹੈ ਜੋ ਦੇਸ਼ ਵਿੱਚ ਘੱਟ ਗਿਣਤੀ ਹਨ ਜਿਸ ਕਾਰਨ ਨਾ ਸਿਰਫ ਸਮੁੱਚੇ ਪੰਜਾਬੀਆਂ ਸਗੋਂ ਪੂਰੇ ਦੇਸ਼ ਵਿੱਚ ਬਹੁਤ ਭਾਰੀ ਰੋਸ ਹੈ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਦੇ ਇਸ ਕਦਮ ਨਾਲ ਡਾਕਟਰ ਮਨਮੋਹਨ ਸਿੰਘ ਦਾ ਕਦ ਹੋਰ ਵਧਿਆ ਹੀ ਹੈ ਅਤੇ ਡਾਕਟਰ ਮਨਮੋਹਨ ਸਿੰਘ ਵੱਲੋਂ ਖਿੱਚੀ ਗਈ ਲਕੀਰ ਦੇ ਸਾਹਮਣੇ ਮੌਜੂਦਾ ਸੱਤਾਧਾਰੀ ਸਥਿਰ ਦੇ ਸਾਰੇ ਆਗੂ ਪੌਣੇ ਹੋ ਕੇ ਰਹਿ ਗਏ ਹਨ।
ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸੰਸਦ ਦੇ ਅੰਦਰ ਅਤੇ ਬਾਹਰ ਜਲੀਲ ਕਰਨ ਦਾ ਯਤਨ ਕਰਦੀ ਰਹੀ ਹੈ ਪਰ ਅੰਤਰਰਾਸ਼ਟਰੀ ਪੱਧਰ ਤੇ ਡਾਕਟਰ ਮਨਮੋਹਨ ਸਿੰਘ ਵਰਗੀ ਸੱਚੀ ਸੁੱਚੀ ਅਤੇ ਇਮਾਨਦਾਰ ਸ਼ਖਸ਼ੀਅਤ ਨੂੰ ਬਦਨਾਮ ਕਰਨ ਦੇ ਸਾਰੇ ਯਤਨ ਨਾਕਾਮਯਾਬ ਰਹੇ ਹਨ। ਉਹਨਾਂ ਕਿਹਾ ਕਿ ਸਮੁੱਚੀ ਦੁਨੀਆਂ ਦੇ ਵੱਡੇ ਆਗੂ ਅੱਜ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦੇ ਰਹੀ ਹੈ ਅਤੇ ਸਲਾਮ ਕਰ ਰਹੇ ਹਨ।
ਉਹਨਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਡਾਕਟਰ ਮਨਮੋਹਨ ਸਿੰਘ ਦੀ ਯਾਦਗਾਰ ਦਿੱਲੀ ਵਿੱਚ ਬਣਾਈ ਜਾਵੇ, ਉਹਨਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ ਅਤੇ ਉਹਨਾਂ ਵੱਲੋਂ ਆਰੰਭ ਕੀਤੀਆਂ ਗਈਆਂ ਸਕੀਮਾਂ ਦਾ ਨਾਂ ਡਾਕਟਰ ਮਨਮੋਹਨ ਸਿੰਘ ਦੇ ਨਾਂ ਉੱਤੇ ਰੱਖਿਆ ਜਾਵੇ।