ਦੋ ਦਿਨਾਂ ਵਿੱਚ 2500 ਤੋਂ ਜ਼ਿਆਦਾ ਫ਼ਾਰਮ ਆਏ
01.01.24 ਨੂੰ 18 ਸਾਲ ਜਾਂ ਵਧੇਰੇ ਦੀ ਉਮਰ ਪੂਰੀ ਕਰਦੇ ਨਾਗਰਿਕ 9 ਦਸੰਬਰ ਤੱਕ ਬਣਵਾ ਸਕਦੇ ਹਨ ਵੋਟ
ਐੱਸ ਏ ਐੱਸ ਨਗਰ :
ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2024 ਦੇ ਅਧਾਰ ਤੇ ਮਿਤੀ 27 ਦਸੰਬਰ ਤੋਂ ਸ਼ੁਰੂ ਹੋਈ ਫ਼ੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ ਸ਼ਨੀਵਾਰ ਅਤੇ ਐਤਵਾਰ ਨੂੰ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਪੋਲਿੰਗ ਬੂਥਾਂ ਉਪਰ ਲਗਾਏ ਗਏ ਵਿਸ਼ੇਸ਼ ਕੈਂਪਾਂ ਚ 2500 ਤੋਂ ਵਧੇਰੇ ਵੋਟਰ ਫ਼ਾਰਮ ਪ੍ਰਾਪਤ ਹੋਏ।
ਅੱਜ ਇਨ੍ਹਾਂ ਵਿਸ਼ੇਸ਼ ਬੂਥ ਪੱਧਰੀ ਕੈਂਪਾਂ ਦੀ ਚੈਕਿੰਗ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ- ਕਮ -ਵਧੀਕ ਜ਼ਿਲ੍ਹਾ ਚੋਣ ਅਫਸਰ ਐਸ.ਏ.ਐਸ ਨਗਰ ਵਿਰਾਜ ਐਸ ਤਿੜਕੇ, ਆਈ.ਏ.ਐਸ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਜਿਹਨਾਂ ਨਾਗਰਿਕਾਂ ਦੀ ਉਮਰ 01.01.2024 ਨੂੰ 18 ਸਾਲ ਜਾਂ ਉਪਰ ਹੋ ਗਈ ਹੈ, ਉਹ ਆਪਣੀ ਵੋਟ ਜ਼ਰੂਰ ਬਣਵਾਉਣ। ਇਸ ਤੋਂ ਇਲਾਵਾ ਉਹਨਾਂ ਵਲੋਂ ਦੱਸਿਆ ਗਿਆ ਕਿ ਅਗਲੇ ਸਪੈਸ਼ਲ ਕੈਂਪ ਮਿਤੀ 02.12.2023 ਅਤੇ 03.12.2023 ਨੂੰ ਲਗਾਏ ਜਾਣਗੇ। ਵੋਟ ਬਣਵਾਉਣ ਲਈ ਮੋਬਾਈਲ ਐਪ Voterhelpline ਜਾਂ ਆਨਲਾਈਨ ਪੋਰਟਲ https://voters.eci.gov.in/ ਤੇ ਫਾਰਮ ਨੰ. 6, ਵੋਟਰ ਕਾਰਡ ਚ ਸੋਧ ਕਰਵਾਉਣ ਜਾਂ ਵੋਟਰ ਸ਼ਿਫਟ ਕਰਵਾਉਣ ਲਈ ਫਾਰਮ ਨੰ. 8 ਅਤੇ ਵੋਟ ਕਟਵਾਉਣ ਲਈ ਫਾਰਮ ਨੰ. 7 ਭਰਿਆ ਜਾ ਸਕਦਾ ਹੈ।