ਮੋਹਾਲੀ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਸੂਬੇ ਅਤੇ ਸੂਬੇ ਦੇ ਲੋਕਾਂ ਨਾਲੋਂ ਕੇਜਰੀਵਾਲ ਵੱਧ ਪਿਆਰਾ ਹੈ।
ਅੱਜ ਸਥਾਨਕ ਸੈਕਟਰ 66 ਵਿਖੇ ਆਯੋਜਿਤ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਹਲਕੇ ਵਿੱਚ ਹੀ ਜਹਰੀਲੀ ਸ਼ਰਾਬ ਨੇ ਇੰਨਾ ਵੱਡਾ ਕਹਿਰ ਵਰਤਾਇਆ ਹੈ ਹੈ ਪਰ ਮੁੱਖ ਮੰਤਰੀ ਨੇ ਇਸ ਮਾਮਲੇ ਉੱਪਰ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ। ਜੋ ਕਿ ਬਹੁਤ ਹੀ ਨਮੋਸ਼ੀ ਭਰੀ ਅਤੇ ਸ਼ਰਮਨਾਕ ਗੱਲ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਹਿੱਤ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿੱਚ ਸੁਰੱਖਿਤ ਹਨ ਉਹਨਾਂ ਕਿਹਾ ਕਿ ਪੰਜਾਬ ਵਿੱਚ ਸਰਗਰਮ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਰਿਮੋਟ ਕੰਟਰੋਲ ਦਿੱਲੀ ਦੇ ਹੱਥ ਵਿੱਚ ਹੈ ਅਤੇ ਉਹ ਦਿੱਲੀ ਤੋਂ ਆਏ ਹੁਕਮਾਂ ਦੇ ਮੁਤਾਬਕ ਹੀ ਚਲਦੀਆਂ ਹਨ ਪਰੰਤੂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਹੈ ਅਤੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਹਿੱਤ ਸਾਨੂੰ ਸਭ ਤੋਂ ਵੱਧ ਪਿਆਰੇ ਹਨ।
ਡਾਕਟਰ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪਾਰਟੀ ਨੇ ਪੰਜਾਬ ਦੇ ਅਤੇ ਪੰਥ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰਕੇ ਕਦੇ ਕੋਈ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ।
ਉਹਨਾਂ ਕਿਹਾ ਕਿ ਅੱਜ ਪੰਜਾਬ ਇੱਕ ਖਤਰਨਾਕ ਮੋੜ ਤੇ ਖੜਾ ਹੈ ਪੰਜਾਬ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ ਦੇ ਇਹਨਾਂ ਹਾਲਾਤਾਂ ਵਿੱਚ ਵੀ ਜਦੋਂ ਪੰਜਾਬ ਦਾ ਮੁੱਖ ਮੰਤਰੀ ਗੀਤ ਗਾ ਰਿਹਾ ਹੋਵੇ ਤਾਂ ਪੰਜਾਬ ਦੇ ਲੋਕ ਆਪ ਹੀ ਅੰਦਾਜ਼ਾ ਲਗਾਉਣ ਕਿ ਸੂਬਾ ਕਿੱਥੇ ਖੜ੍ਹਾ ਹੈ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਦਿੱਲੀ ਵਾਂਗ ਹੀ ਪੰਜਾਬ ਵਿੱਚ ਲਾਗੂ ਕੀਤੀ ਗਈ ਸ਼ਰਾਬ ਦੀ ਨੀਤੀ ਦੀ ਜਾਂਚ ਕਰਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਦਿੱਲੀ ਨਾਲੋਂ ਵੀ ਵੱਡਾ ਸ਼ਰਾਬ ਘਪਲਾ ਸਾਹਮਣੇ ਆਵੇਗਾ।
ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਪਣੇ ਪੰਜਾਬ ਦੀ ਹਿਤੈਸ਼ੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵੱਧ ਤੋਂ ਵੱਧ ਮੈਂਬਰ ਪਾਰਲੀਮੈਂਟ ਵਿੱਚ ਜਿਤਾ ਕੇ ਭੇਜਣ ਤਾਂ ਜੋ ਪੰਜਾਬ ਅਤੇ ਸਿੱਖ ਪੰਥ ਦੀ ਆਵਾਜ਼ ਰਾਸ਼ਟਰੀ ਪੱਧਰ ਤੇ ਬੁਲੰਦ ਹੋ ਸਕੇ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਅਤੇ ਸੀਨੀਅਰ ਅਕਾਲੀ ਆਗੂ ਬੀਬੀ ਕੁਲਦੀਪ ਕੌਰ ਕੰਗ ਨੇ ਵੀ ਸੰਬੋਧਨ ਕੀਤਾ।
ਰਮਨ ਅਰੋੜਾ ਅਤੇ ਹਰਮਿੰਦਰ ਧਿਮਾਨ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਔਰਤਾਂ ਅਤੇ ਨੌਜਵਾਨਾਂ ਤੋਂ ਇਲਾਵਾ ਸੋਨੀ ਸੋਨੀ ਬੜੀ ਜਨਰਲ ਸਕੱਤਰ ਯੂਥ ਅਕਾਲੀ ਦਲ ਪੰਜਾਬ, ਤਰਨਪ੍ਰੀਤ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਮੋਹਾਲੀ, ਹਰਜਿੰਦਰ ਸਿੰਘ ਬਲੌਂਗੀ, ਰੁਸਤਮ ਸਰਪੰਚ, ਸੀਨੀਅਰ ਅਕਾਲੀ ਲੀਡਰ ਰਮਨਦੀਪ ਬਾਵਾ, ਗੁਰਵਿੰਦਰ ਸਿੰਘ ਬੈਦਵਾਨ ,ਜਗਦੀਪ ਬੜੀ, ਰਮਨ ਅਰੋੜਾ ਫੇਜ਼ 2, ਪਰਮਿੰਦਰ ਸਿੰਘ ਲਵਲੀ, ਹਰਦੀਪ ਧੀਮਾਨ ਸੈਕਟਰ 66, ਰੋਕੀ ਬਰਾੜ, ਸੱਬੀ, ਮਨਪ੍ਰੀਤ ਸਿੰਘ ਬਰਾੜ, ਸੰਦੀਪ ਸੰਨੀ, ਸੁਖਜਿੰਦਰ ਸਿੰਘ ਸੋਨੂੰ, ਰਾਜਨ। ਜਗਤਾਰ ਸਿੰਘ ਲਾਂਡਰਾਂ ਮੈਂਬਰ ਪੰਚਾਇਤ ਅਤੇ ਗੁਰਪ੍ਰੀਤ ਸਿੰਘ ਲਾਂਡਰਾਂ ਮੈਂਬਰ ਪੰਚਾਇਤ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ