ਵਾਰਡ ਨੰ: 15 ਜ਼ੀਰਕਪੁਰ, ਅਮਲਾਲਾ, ਰਾਮਗੜ੍ਹ ਰੁੜਕੀ ਅਤੇ ਬੇਹੜਾ ਵਿੱਚ ਲਾਏ ਕੈਂਪਾਂ ਦਾ ਕੀਤਾ ਦੌਰਾ
ਅਮਲਾਲਾ ਵਿਖੇ ਕੀਤੀ ਘਰ-ਘਰ ਰਾਸ਼ਨ ਦੀ ਵੰਡ ਦੀ ਸ਼ੁਰੂਆਤ
ਅੱਜ ਡੇਰਾਬਸੀ ਸਬ ਡਵੀਜ਼ਨ ਦੇ ਵਾਰਡ ਨੰ: 15 ਜ਼ੀਰਕਪੁਰ, ਅਮਲਾਲਾ, ਰਾਮਗੜ੍ਹ ਰੁੜਕੀ ਅਤੇ ਬੇਹੜਾ ਵਿੱਚ ਲਾਏ ਕੈਂਪਾਂ ਵਿੱਚ ਵੱਡੀ ਗਿਣਤੀ ਵਿੱਚ ਆਏ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਹਿੱਤ ਸ਼ਮੂਲੀਅਤ ਕਰਨ ਉਪਰੰਤ ਉਨ੍ਹਾਂ ਕਿਹਾ ਕਿ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵਲੋਂ ਲੋਕਾਂ ਵਾਸਤੇ ਰੋਜ਼ਾਨਾ ਲਏ ਜਾ ਰਹੇ ਇਤਿਹਾਸਕ ਫੈਸਲਿਆਂ ਦੀ ਲੜੀ ਵਿੱਚ “ਆਪ ਦੀ ਸਰਕਾਰ ਆਪ ਦੇ ਦਵਾਰ” ਤਹਿਤ ਲਗਾਏ ਗਏ ਕੈਂਪਾਂ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ। ਲੋਕਾਂ ਵੱਲੋਂ ਇੱਕੋ ਛੱਤ ਥੱਲੇ ਮਿਲ ਰਹੀਆਂ ਇਨ੍ਹਾਂ ਸਰਕਾਰੀ ਸੇਵਾਵਾਂ ਦਾ ਵੱਡੇ ਪੱਧਰ ਤੇ ਲਾਭ ਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਵਾਰਡ ਨੰ: 15 ਜ਼ੀਰਕਪੁਰ, ਅਮਲਾਲਾ, ਰਾਮਗੜ੍ਹ ਰੁੜਕੀ ਅਤੇ ਬੇਹੜਾ ਵਿਖੇ ਲਗੇ ਕੈਂਪਾਂ ਮੌਕੇ ਤੇ ਪਹੁੰਚ ਕੇ ਖੁਦ ਲੋਕਾ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਮੌਕੇ ਹੀ ਹੱਲ ਕਰਵਾਉਣ ਲਈ ਆਖਿਆ।
ਉਨ੍ਹਾਂ ਕਿਹਾ ਕਿ ਹੁਣ ਵੱਖ-ਵੱਖ ਤਰ੍ਹਾਂ ਦੀਆਂ 43 ਸੇਵਾਵਾਂ ਆਪਣੇ ਘਰਾਂ ਨੇੜੇ ਹਾਸਲ ਕਰਨ ਲਈ ਹੈਲਪ ਲਾਈਨ ਨੰਬਰ 1076 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਉਹ ਸਹੂਲਤਾਂ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਘਰਾਂ ਤੱਕ ਮੁਹੱਈਆ ਕਰਵਾਈਆਂ ਜਾਣਗੀਆਂ।
ਐਮ ਐੱਲ ਏ ਰੰਧਾਵਾ ਨੇ ਇਹ ਵੀ ਕਿਹਾ ਕਿ ਆਮ ਲੋਕਾਂ ਨੂੰ ਸਰਕਾਰ ਦੇ ਲੋਕ ਹਿੱਤੂ ਫੈਸਲਿਆਂ ਬਾਰੇ ਵੱਧ ਤੋਂ ਵੱਧ ਜਾਣੂ ਕਰਵਾਉਣ ਵਾਸਤੇ, ਪੰਜਾਬ ਸਰਕਾਰ ਵੱਲੋਂ ਪ੍ਰਚਾਰ ਵੈਨਾਂ ਵੀ ਭੇਜੀਆਂ ਗਈਆਂ ਹਨ ਜੋ ਕਿ ਪਿੰਡਾਂ ਦੇ ਲੋਕਾਂ ਵਿੱਚ ਕੈਂਪਾਂ ਦੌਰਾਨ ਵੱਧ ਤੋਂ ਵੱਧ ਪ੍ਰਚਾਰ ਕਰਨਗੀਆਂ ਤਾਂ ਜੋ ਕੋਈ ਵੀ ਨਾਗਰਿਕ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ।
ਇਨ੍ਹਾਂ ਕੈਂਪਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ‘ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ‘ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਐਮ ਐਲ ਏ ਰੰਧਾਵਾ ਨੇ ਅੱਜ ਅਮਲਾਲਾ ਪਿੰਡ ਵਿੱਚ ਪੰਜਾਬ ਸਰਕਾਰ ਦੀ ਘਰ ਘਰ ਰਾਸ਼ਨ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਅਤੇ ਕਿਹਾ ਕਿ ਇਸ ਮੁਹਿੰਮ ਤਹਿਤ ਸਮੁੱਚੇ ਹਲਕੇ ਵਿੱਚ ਘਰ ਘਰ ਜਾ ਕੇ ਰਾਸ਼ਨ ਦੀ ਨਿਯਮਿਤ ਵੰਡ ਯਕੀਨੀ ਬਣਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਸਰਕਾਰ ਵੱਲੋਂ ਮਿਲਦੇ ਰਾਸ਼ਨ ਦੀ ਪ੍ਰਾਪਤੀ ਲਈ ਡਿਪੂਆਂ ਦੇ ਵਾਰ ਵਾਰ ਗੇੜੇ ਨਾ ਲਾਉਣੇ ਪੈਣ ਅਤੇ ਘਰ ਬੈਠੇ ਹੀ ਪੂਰਾ ਰਾਸ਼ਨ ਮਿਲ ਸਕੇ।