ਨਵਜਨਮੀਆਂ ਧੀਆਂ ਤੇ ਉਹਨਾਂ ਦੀਆਂ ਮਾਵਾਂ ਦਾ ਸਨਮਾਨ
ਵਿਲੱਖਣ ਕਾਰਗੁਜ਼ਾਰੀ ਵਾਲੀਆਂ ਔਰਤਾਂ ਦਾ ਵੀ ਕੀਤਾ ਸਨਮਾਨ
ਚੰਡੀਗੜ੍ਹ:
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਵਰਗ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ। ਇਸ ਤਹਿਤ ਨੇਤਰਹੀਣ ਦਿਵਿਆਂਗਜਨਾਂ ਦੇ ਅਟੈਂਡੈਂਟਾਂ ਨੂੰ ਸਰਕਾਰੀ ਬੱਸਾਂ ਵਿੱਚ ਕਿਰਾਏ ਸਬੰਧੀ ਛੋਟ ਅਤੇ ਦਿਵਿਆਂਗਜਨਾਂ ਲਈ ਸਰਕਾਰੀ ਨੌਕਰੀਆਂ ਦੇ ਇਮਤਿਹਾਨਾਂ ਸਬੰਧੀ ਫੀਸ ਸਬੰਧੀ ਛੋਟ ਜਲਦੀ ਲਾਗੂ ਕੀਤੀ ਜਾਵੇਗੀ।
ਇਹ ਐਲਾਨ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਸੈਕਟਰ 67 ਸਥਿਤ ਸੰਸਥਾ ਨਾਈਪਰ ਵਿਖੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਸਬੰਧੀ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਨੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਨਵ ਨਿਯੁਕਤ 09 ਸੁਪਰਵਾਈਜ਼ਰ ਤੇ 09 ਕਲਰਕਾਂ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਵਿੱਚ 14
ਸਟੈਨੋਜ਼ ਨੂੰ ਨਿਯੁਕਤੀ ਪੱਤਰ ਵੀ ਸੌਂਪੇ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਨੇ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਤੇ ਵਿੱਤ ਕਾਰਪੋਰੇਸ਼ਨ ਵੱਲੋਂ ਅਨੁਸੂਚਿਤ ਜਾਤੀਆਂ ਦੇ 82 ਲਾਭਪਾਤਰੀਆਂ ਨੂੰ 1.66 ਕਰੋੜ ਰੁਪਏ ਦੇ ਕਰਜ਼ੇ ਅਤੇ ਬੈਕਫਿੰਕੋ ਵੱਲੋਂ ਪੱਛੜੀਆਂ ਸ਼੍ਰੇਣੀਆਂ ਦੇ 17 ਲਾਭਪਾਤਰੀਆਂ ਨੂੰ 32.45 ਲੱਖ ਰੁਪਏ ਦੇ ਕਰਜ਼ੇ ਵੀ ਵੰਡੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੁਰਾਤਨ ਸਮਿਆਂ ਵਿੱਚ ਔਰਤਾਂ ਨਾਲ ਬਹੁਤ ਧੱਕਾ ਕੀਤਾ ਜਾਂਦਾ ਸੀ ਤੇ ਉਸ ਵਰਤਾਰੇ ਦੇ ਅੰਸ਼ ਅੱਜ ਵੀ ਦਿਸਦੇ ਹਨ। ਆਪਣੇ ਆਪ ਨੂੰ ਤਰਜੀਹ ਨਾ ਦੇਣ ਕਰ ਕੇ ਅੱਜ ਵੀ ਸਰੀਰ ਵਿੱਚ ਖੂਨ ਦੀ ਕਮੀਂ ਦੇ ਜਿਹੜੇ ਕੇਸ ਆਉਂਦੇ ਹਨ, ਉਹਨਾਂ ਵਿੱਚ ਔਰਤਾਂ ਦੀ ਬਹੁਗਿਣਤੀ ਹੁੰਦੀ ਹੈ। ਔਰਤ ਸਦਾ ਸਬਰ ਤੇ ਸਹਿਜ ਨਾਲ ਹੀ ਸੰਘਰਸ਼ ਕਰਦੀ ਰਹੀ ਹੈ। ਇਤਿਹਾਸ ਵਿੱਚ ਮਾਈ ਭਾਗੋ ਤੇ ਰਾਣੀ ਲਕਸ਼ਮੀ ਬਾਈ ਵਰਗੀਆਂ ਔਰਤਾਂ ਨੇ ਆਪਣੀ ਵੱਖਰੀ ਥਾਂ ਬਣਾਈ ਹੈ, ਜਿਨ੍ਹਾਂ ਤੋਂ ਸੇਧ ਲੈਣ ਦੀ ਲੋੜ ਹੈ।
ਵਿਭਾਗ ਦਾ ਟੀਚਾ ਹੈ ਕਿ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰਾਂ ਸਦਕਾ ਔਰਤਾਂ ਮਜ਼ਬੂਤ ਹੋਣਗੀਆਂ ਤੇ ਅੱਗੇ ਉਹ ਸਮਾਜ ਨੂੰ ਹੋਰ ਮਜ਼ਬੂਤ ਕਰਨਗੀਆਂ। ਕੈਬਨਿਟ ਮੰਤਰੀ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਦੀ ਪੂਰਤੀ ਹਿਤ ਵੀ ਪ੍ਰਕਿਰਿਆ ਜਾਰੀ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਔਰਤ ਕੋਲ ਸਭ ਤੋਂ ਵੱਡੀ ਤਾਕਤ ਸਿੱਖਿਆ ਹੈ ਤੇ ਆਉਣ ਵਾਲੀਆਂ ਬੱਚੀਆਂ ਨੂੰ ਸਿੱਖਿਆ ਤੋਂ ਕਿਸੇ ਵੀ ਹਾਲ ਵਾਂਝਾ ਨਹੀਂ ਰੱਖਿਆ ਜਾਣਾ ਚਾਹੀਦਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਾਪੇ ਆਪਣੀਆਂ ਬੱਚੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ।
ਜਾਰੀ ਕੀਤੇ ਕਰਜ਼ਿਆਂ ਬਾਰੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਐਸ.ਸੀ. ਅਤੇ ਬੀ.ਸੀ ਕਾਰਪੋਰੇਸ਼ਨ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਕਰਜ਼ੇ ਦੇ ਕੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਆਰਥਿਕ ਸਸ਼ਕਤੀਕਰਨ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।
ਪੰਜਾਬ ਸਰਕਾਰ ਵੱਲੋਂ ਇਹ ਕਰਜ਼ੇ ਬਹੁਤ ਹੀ ਘੱਟ ਵਿਆਜ ਦਰਾਂ ‘ਤੇ ਉਪਲੱਬਧ ਕਰਵਾਏ ਜਾਂਦੇ ਹਨ। ਇਹਨਾਂ ਕਰਜ਼ਿਆਂ ਦਾ ਉਦੇਸ਼ ਹਾਸ਼ੀਆਗ੍ਰਸਤ ਭਾਈਚਾਰਿਆਂ ਦੇ ਵਿਅਕਤੀਆਂ ਨੂੰ ਸ਼ਕਤੀ ਪ੍ਰਦਾਨ ਕਰਨਾ ਹੈ। ਉਨ੍ਹਾਂ ਨੂੰ ਆਪਣੇ ਕਾਰੋਬਾਰਾਂ ਨੂੰ ਸਥਾਪਿਤ ਕਰਨ ਦੇ ਯੋਗ ਬਣਾਉਣਾ ਹੈ, ਜਿਸ ਨਾਲ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ।
ਸਮਾਗਮ ਦੌਰਾਨ ਗਰਭਵਤੀ ਔਰਤਾਂ ਦੀ ਗੋਦ ਭਰਾਈ ਦੀ ਰਸਮ ਅਦਾ ਕੀਤੀ ਗਈ। ਇਸ ਦੇ ਨਾਲ ਹੀ 40 ਨਵ ਜਨਮੀਆਂ ਬੱਚੀਆਂ ਤੇ ਉਹਨਾਂ ਦੀਆਂ ਮਾਵਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਸਮਾਜ ਵਿੱਚ ਵਿਲੱਖਣ ਕਾਰਗੁਜ਼ਾਰੀ ਵਾਲੀਆਂ ਔਰਤਾਂ ਦਾ ਵੀ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿੱਚ ਸ਼੍ਰੀਮਤੀ ਯੋਗਿਤਾ ਵਰਮਾ, ਡਾ. ਨਵਪ੍ਰੀਤ ਕੌਰ, ਸਿਮਰਪ੍ਰੀਤ ਕੌਰ, ਹਰਿੰਦਰ ਕੌਰ, ਦੀਪਤੀ ਤੇ ਰਮਜੋਤ ਕੌਰ ਸ਼ਾਮਲ ਸਨ। ਇਸ ਮੌਕੇ ਜਯੋਤੀ ਸਰੂਪ ਕੰਨਿਆ ਆਸਰਾ ਟਰੱਸਟ ਦੀਆਂ ਬੱਚੀਆਂ ਵੱਲੋਂ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ, ਜਿਸ ਦੀ ਦਰਸ਼ਕਾਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਦਮਨਜੀਤ ਸਿੰਘ ਮਾਨ, ਸੰਯੁਕਤ ਸਕੱਤਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਸ਼੍ਰੀ ਅਨੰਦ ਸਾਗਰ ਸ਼ਰਮਾ, ਡਿਪਟੀ ਡਾਇਰੈਕਟਰ ਸੁਖਦੀਪ ਸਿੰਘ ਤੇ ਰੁਪਿੰਦਰ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ, ਜ਼ਿਲ੍ਹਾ ਸਮਾਜਕ ਨਿਆਂ ਤੇ ਅਧਿਕਾਰਤਾ ਅਫ਼ਸਰ ਸ਼੍ਰੀ ਅਸ਼ੀਸ਼ ਕਥੂਰੀਆ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।