ਚੰਡੀਗੜ੍ਹ: (ਬਿਊਰੋ ) ਆਸਟ੍ਰੇਲੀਆ ਨੇ ਪੰਜਾਬੀ ਵਿਦਿਆਰਥੀਆਂ ਨੂੰ ਵੀਜ਼ੇ ਦੇਣ ‘ਚ ਸਖ਼ਤਾਈ ਕਰ ਦਿੱਤੀ ਹੈ। ਹਾਲਾਤ ਇਹ ਹਨ ਕਿ ਪੰਜਾਬ ਦੇ 50 ਫੀਸਦੀ ਵਿਦਿਆਰਥੀਆਂ ਨੂੰ ਵੀਜ਼ੇ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਖਾਸ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ +2 ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਨਹੀਂ ਦਿੱਤਾ ਜਾ ਰਿਹਾ ਹੈ।
ਹਾਲਾਤ ਇਹ ਹਨ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ +2 ਦੀ ਪ੍ਰੀਖਿਆ ਪਾਸ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀਆਂ ਨੂੰ ਆਸਟ੍ਰੇਲੀਅਨ ਯੂਨੀਵਰਸਿਟੀ ਨੇ ਆਫਰ ਲੈਟਰ ਦੇਣਾ ਵੀ ਬੰਦ ਕਰ ਦਿੱਤਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨਾ ਇੱਕ ਸੁਪਨਾ ਹੀ ਬਣ ਗਿਆ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਪੜ੍ਹਦੇ ਵਿਦਿਆਰਥੀ ਨੂੰ ਜੇਕਰ ਆਫਰ ਲੈਟਰ ਮਿਲਦਾ ਵੀ ਹੈ ਤਾਂ ਉਸ ਨੂੰ ਜ਼ੁਬਾਨੀ ਇੰਟਰਵਿਊ ਵਿੱਚ ਫੇਲ੍ਹ ਕਰ ਦਿੱਤਾ ਜਾਂਦਾ ਹੈ। ਪੰਜਾਬ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਵੀਜ਼ਾ ਸਫਲਤਾ ਦਰ ਜ਼ੀਰੋ ਫੀਸਦੀ ਹੈ।
ਦਰਅਸਲ, ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਨੂੰ ਜੀਟੀਈ (ਜੇਨੁਇਨ ਟੈਂਪਰੇਰੀ ਐਂਟਰੈਂਟ) ਨੂੰ ਕਲੀਅਰ ਕਰਨਾ ਪੈਂਦਾ ਹੈ ਇਸ ਵਿੱਚ SOP (ਸਟੇਟਮੈਂਟ ਆਫ ਪਰਪਜ), ਵਿੱਤ ਦਸਤਾਵੇਜ਼, ਮੌਖਿਕ ਇੰਟਰਵਿਊ ਸ਼ਾਮਲ ਹਨ। ਇਨ੍ਹਾਂ ਤਿੰਨਾਂ ਨੂੰ ਕਲੀਅਰ ਕਰਨਾ ਜ਼ਰੂਰੀ ਹੈ।
ਅਮਰ ਉਜਾਲਾ ਦੀ ਖ਼ਬਰ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਪਹਿਲੇ ਪੜਾਅ ਵਿੱਚ ਹੀ ਝਟਕਾ ਮਿਲ ਜਾਂਦਾ ਹੈ। ਕੋਈ ਵੀ ਯੂਨੀਵਰਸਿਟੀ ਉਨ੍ਹਾਂ ਨੂੰ ਆਫਰ ਲੈਟਰ ਨਹੀਂ ਦਿੰਦੀ ਭਾਵੇਂ ਉਸ ਦੇ ਅੰਕ 90 ਫੀਸਦੀ ਹੋਣ।
ਪਿਛਲੇ ਸਾਲ ਪੰਜਾਬ ਤੋਂ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 30 ਹਜ਼ਾਰ ਦੇ ਕਰੀਬ ਸੀ।ਪਰ ਇਸ ਸਾਲ ਇਹ 7 ਹਜ਼ਾਰ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕੀ। ਇਹ ਸੱਤ ਹਜ਼ਾਰ ਵਿਦਿਆਰਥੀ ਵੀ ਸੀਬੀਐਸਈ ਬੋਰਡ ਤੋਂ ਪੜ੍ਹੇ ਹੋਏ ਹਨ।