02 ਅਤੇ 03 ਦਸੰਬਰ ਨੂੰ ਬੂਥ ਪੱਧਰ ‘ਤੇ ਲੱਗਣਗੇ ਕੈਂਪ
ਐੱਸ.ਏ.ਐੱਸ. ਨਗਰ ;
ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ 2024 ਦੇ ਮੱਦੇਨਜ਼ਰ ਜ਼ਿਲ੍ਹਾ ਸਵੀਪ ਟੀਮ ਵੱਲੋਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਵੱਖੋ ਵੱਖ ਗਤੀਵਿਧੀਆਂ ਰਾਹੀਂ ਵੱਖ ਵੱਖ ਵਿਦਿਅਕ ਅਦਾਰਿਆਂ ਵੱਲੋਂ ਵੋਟਰ ਪੰਜੀਕਰਨ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ।
ਇਸ ਬਾਬਤ ਜ਼ਿਲ੍ਹਾ ਨੋਡਲ ਅਫਸਰ (ਸਵੀਪ) ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਵੱਖ ਵੱਖ ਵਿਦਿਅਕ ਸੰਸਥਾਵਾਂ ਵੱਲੋਂ ਮਹਿੰਦੀ, ਪੋਸਟਰ, ਪ੍ਰਸ਼ਨੋਤਰੀ, ਭਾਸ਼ਣ, ਰੈਲੀਆਂ ਅਤੇ ਸ਼ੋਸ਼ਲ ਮੀਡੀਆ ਰਾਹੀਂ ਵੋਟਰਾਂ ਨੂੰ ਵੋਟਾਂ ਬਨਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਗਿੰਨੀ ਦੁੱਗਲ ਦੇ ਸਹਿਯੋਗ ਨਾਲ ਸਕੂਲਾਂ ਦੇ ਵੋਟਰ ਸਾਖਰਤਾ ਕਲੱਬਾਂ ਵੱਲੋਂ ਲਗਾਤਾਰ ਪ੍ਰੋਗਰਾਮ ਉਲੀਕੇ ਜਾ ਰਹੇ ਹਨ।
ਜ਼ਿਲ੍ਹੇ ਦੀਆਂ ਸਮੂਹ ਤਕਨੀਕੀ ਸੰਸਥਾਵਾਂ ਵਿੱਚ 100 ਫ਼ੀਸਦ ਵੋਟਰ ਪੰਜੀਕਰਨ ਦੇ ਸੁਨੇਹੇ ਦੀ ਅਗਵਾਈ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਦੇ ਪ੍ਰਿੰਸੀਪਲ ਰਾਜੀਵ ਪੁਰੀ ਦੀ ਟੀਮ ਨੇ ਸੰਭਾਲੀ ਹੋਈ ਹੈ।
ਪ੍ਰੋ. ਅਨਟਾਲ ਨੇ ਦੱਸਿਆ ਕਿ ਵੋਟਰ ਰਜਿਸਟ੍ਰੇਸ਼ਨ ਦਾ ਸੁਨੇਹਾ ਦੇਣ ਲਈ 01 ਅਤੇ 02 ਦਸੰਬਰ ਨੂੰ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਵਿਸ਼ੇਸ਼ ਰੂਪ ਵਿੱਚ ਤਿਆਰ ਮੋਬਾਈਲ ਵੈਨ ਚਲਾ ਕੇ ਵੀ ਸੁਨੇਹਾ ਦਿੱਤਾ ਜਾਵੇਗਾ ਤਾਂ ਜੋ 02 ਅਤੇ 03 ਦਸੰਬਰ ਨੂੰ ਬੂਥ ਪੱਧਰ ‘ਤੇ ਲੱਗਣ ਵਾਲੇ ਕੈਂਪਾਂ ਰਾਹੀਂ ਵੱਧ ਤੋਂ ਵੱਧ ਵੋਟਰ ਰਜਿਸਟ੍ਰੇਸ਼ਨ ਕਰਵਾਈ ਜਾ ਸਕੇ।
