ਚੰਡੀਗੜ੍ਹ : ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਇੱਕ ਹੋਰ ਵਿਧਾਇਕ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਗ੍ਰਿਫਤਾਰ ਕਰ ਲਿਆ ਹੈ।
‘ਆਪ’ ਵਿਧਾਇਕ ‘ਤੇ 40 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦਾ ਦੋਸ਼ ਹੈ। ਰਿਪੋਰਟ ਮੁਤਾਬਕ ਈਡੀ ਨੇ ਇਸ ਮਾਮਲੇ ਵਿੱਚ ਜਸਵੰਤ ਸਿੰਘ ਨੂੰ 3-4 ਵਾਰ ਸੰਮਨ ਭੇਜੇ ਸਨ। ਪਰ ਉਹ ਪੁੱਛਗਿੱਛ ਲਈ ਪੇਸ਼ ਨਹੀਂ ਹੋਏ ।
ਸੋਮਵਾਰ ਨੂੰ ਈਡੀ ਨੇ ਜਸਵੰਤ ਸਿੰਘ ਗੱਜਣ ਮਾਜਰਾ ਅਮਰਗੜ੍ਹ ਤੋਂ ਵਿਧਾਇਕ ਨੂੰ
ਉਸ ਸਮੇਂ ਹਿਰਾਸਤ ਵਿੱਚ ਲੈ ਲਿਆ, ਜਦੋਂ ਉਹ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ । ਬਾਅਦ ਵਿੱਚ ਗ੍ਰਿਫ਼ਤਾਰੀ ਦੀ ਖ਼ਬਰ ਆਈ। ਈਡੀ ਦੀ ਟੀਮ ਗੱਜਣ ਮਾਜਰਾ ਨੂੰ ਜਲੰਧਰ ਲੈ ਗਈ ਹੈ।
ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਵਿੱਚ ਈਡੀ ਨੇ ਜਸਵੰਤ ਸਿੰਘ ਗੱਜਣ ਮਾਜਰਾ ਦੇ ਘਰ ਛਾਪਾ ਮਾਰਿਆ ਸੀ। ਈਡੀ ਦੇ ਅਧਿਕਾਰੀਆਂ ਨੇ ਕਰੀਬ 14 ਘੰਟੇ ਤੱਕ ਉਸ ਦੇ ਘਰ ਛਾਂਣਪੁਣ ਕੀਤੀ ਸੀ ।
ਉਦੋਂ ਗੱਜਣ ਮਾਜਰਾ ਨੇ ਦੱਸਿਆ ਸੀ ਕਿ ਈਡੀ ਦੀ ਟੀਮ ਉਸ ਦੇ ਘਰੋਂ 32 ਲੱਖ ਰੁਪਏ ਨਕਦ ਅਤੇ ਤਿੰਨ ਮੋਬਾਈਲ ਫੋਨ ਲੈ ਗਈ ਸੀ। ਸੀਬੀਆਈ ਨੇ ਇਸ ਮਾਮਲੇ ਵਿੱਚ ‘ਆਪ’ ਵਿਧਾਇਕ ਦੀ ਰਿਹਾਇਸ਼ ‘ਤੇ ਵੀ ਛਾਪਾ ਮਾਰਿਆ ਸੀ।
‘ਆਪ’ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ, “ਇਹ ਸਪੱਸ਼ਟ ਨਹੀਂ ਹੈ ਕਿ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਜਨਤਕ ਮੀਟਿੰਗ ਤੋਂ ਕਿਉਂ ਨਜ਼ਰਬੰਦ ਕੀਤਾ ਗਿਆ ਹੈ। ਉਹ ‘ਆਪ’ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਇਸ ਨਾਲ ਸਾਡੀ ਬਦਨਾਮੀ ਹੋ ਰਹੀ ਹੈ।” ਅਜਿਹਾ ਕਰਨਾ ਭਾਜਪਾ ਦੀ ਸਾਜ਼ਿਸ਼ ਹੈ। … ਜਿਸ ਤਰ੍ਹਾਂ ਈਡੀ ਨੇ ਉਸ ਨੂੰ ਜਨਤਕ ਮੀਟਿੰਗ ਦੌਰਾਨ ਚੁੱਕਿਆ, ਉਹ ‘ਆਪ’ ਨੂੰ ਬਦਨਾਮ ਕਰਨ ਅਤੇ ਜ਼ਬਰਦਸਤੀ ਕਰਨ ਦੀ ਭਾਜਪਾ ਦੀ ਰਣਨੀਤੀ ਨੂੰ ਦਰਸਾਉਂਦਾ ਹੈ।”