ਚੰਡੀਗੜ੍ਹ: ਨਗਰ ਨਿਗਮ ਦੇ ਲਈ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਦੇ ਲਈ 30 ਜਨਵਰੀ ਨੂੰ ਹੋਈ ਚੋਣ ਵਿੱਚ ਬੀਜੇਪੀ ਵਲੋਂ ਕੀਤੀ ਗਈ ਲੋਕਤੰਤਰ ਦੀ ਹੱਤਿਆ ਅਤੇ ਧੱਕੇਸ਼ਾਹੀ ਖਿਲਾਫ਼ ਆਮ ਆਦਮੀ ਪਾਰਟੀ (ਆਪ) ਵਲੋਂ ਅੱਜ ਦੂਜੇ ਦਿਨ ਵੀ ਸੈਕਟਰ 17 ਵਿੱਚ ਚੰਡੀਗੜ੍ਹ ਨਗਰ ਨਿਗਮ ਦੇ ਸਾਹਮਣੇ ਕੌਂਸਲਰ ਦਮਨਪ੍ਰੀਤ ਸਿੰਘ, ਆਪ ਦੇ ਸੀਨੀਅਰ ਆਗੂ ਮੀਨਾ ਸ਼ਰਮਾਂ, ਸੁਖਰਾਜ ਸੰਧੂ, ਮਨਮੋਹਨ ਪਾਠਕ ਅਤੇ ਦੇਸਰਾਜ ਸਨਾਵਰ ਵਲੋਂ ਭੁੱਖ ਹੜਤਾਲ ਕੀਤੀ ਗਈ ਅਤੇ ਵੱਡੀ ਗਿਣਤੀ ਵਿੱਚ ਵਲੰਟੀਅਰ ਵੀ ਸ਼ਾਮਿਲ ਹੋਏ।
ਡਾ. ਐਸ.ਐਸ. ਆਹਲੂਵਾਲੀਆ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਵਲੋਂ ਪੁਲਿਸ ਪ੍ਰਸ਼ਾਸ਼ਨ ਨੂੰ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਕਿ ਜੋ 30 ਜਨਵਰੀ ਨੂੰ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵਾਲੇ ਦਿਨ ਬੀਜੇਪੀ ਵਲੋਂ ਆਪਣੇ ਨੋਮੀਨੇਟਡ ਕੌਂਸਲਰ ਅਨਿਲ ਮਸ਼ੀਹ (ਪ੍ਰੀਜ਼ਾਇਡਿੰਗ ਅਫ਼ਸਰ) ਅਤੇ ਕੌਂਸਲਰਾਂ ਦੇ ਰਾਂਹੀ ਆਪ ਦੇ ਮੇਅਰ ਉਮੀਦਵਾਰ ਕੁਲਦੀਪ ਕੁਮਾਰ ਦੀਆਂ 8 ਵੋਟਾਂ ਨੂੰ ਰੱਦ ਕਰਵਾਇਆ ਗਿਆ ਹੈ, ਉਨ੍ਹਾਂ ਉਤੇ ਸਖਤ ਕਾਰਵਾਈ ਕੀਤੀ ਜਾਵੇ। ਇਸ ਦੇ ਲਈ ਉਨ੍ਹਾਂ ਵਲੋਂ ਪਿਛਲੇ ਦਿਨੀਂ ਚੰਡੀਗੜ੍ਹ ਪੁਲਿਸ ਨੂੰ ਇਸਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ, ਪਰ ਪੁਲਿਸ ਵਲੋਂ ਹਾਲੇ ਤੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਲਈ ਉਨ੍ਹਾਂ ਵਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਚੰਡੀਗੜ੍ਹ ਦੇ ਲੋਕ ਬੀਜੇਪੀ ਵਲੋਂ ਕੀਤੀ ਗਈ ਲੋਕਤੰਤਰ ਦੀ ਹੱਤਿਆ ਨੂੰ ਕਦੇ ਵੀ ਬਰਦਾਸਤ ਨਹੀਂ ਕਰਨਗੇ। ਇਸ ਦੀ ਸਜਾ ਉਨ੍ਹਾਂ ਨੂੰ ਦਵਾ ਕੇ ਰਹਿਣਗੇ। ਉਨ੍ਹਾਂ ਕਿਹਾ ਕਿ ਬੀਜੇਪੀ ਵਲੋਂ ਪੁਲਿਸ ਪ੍ਰਸ਼ਾਸ਼ਨ ਦੇ ਰਾਂਹੀ ਉਨ੍ਹਾਂ ਦੀ ਭੁੱਖ ਹੜਤਾਲ ਨੂੰ ਜਬਰਦਸਤੀ ਖਤਮ ਕਰਵਾਇਆ ਜਾ ਰਿਹਾ ਹੈ। ਪੁਲਿਸ ਵਲੋਂ ਅੱਜ ਉਨ੍ਹਾਂ ਨਾਲ ਧੱਕਾ–ਮੁੱਕੀ ਕਰਕੇ ਪੁਲਿਸ ਥਾਣਾ, ਸੈਕਟਰ 39 ਵਿੱਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਭੁੱਖ ਹੜਤਾਲ ਹਰ ਰੋਜ਼ ਕੀਤੀ ਜਾਵੇਗੀ, ਜਦੋਂ ਤੱਕ ਕਿ ਲੋਕਤੰਤਰ ਦੀ ਹੱਤਿਆ ਕਰਨ ਵਾਲਿਆਂ ਨੂੰ ਸਜਾ ਨਹੀਂ ਮਿਲ ਜਾਂਦੀ।
ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਲੋਕਤੰਤਰ ਦਾ ਘਾਣ ਕਰਨ ਵਾਲਿਆਂ ਨੂੰ ਸਜਾ ਦਵਾਉਣ ਦੇ ਲਈ ਆਮ ਆਦਮੀ ਪਾਰਟੀ ਦੇ ਵਲੋਂ ਚੰਡੀਗੜ੍ਹ ਸ਼ਹਿਰ ਵਿੱਚ ਕੈਂਡਲ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਇਸ ਕੈਂਡਲ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਲਈ ਅਪੀਲ ਵੀ ਕੀਤੀ।
