ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਸਾਨਾਂ ਜਾਂ ਗਰੀਬਾਂ ਦੀ ਗੱਲ ਨਹੀਂ ਕਰ ਰਹੇ ਸਗੋਂ ਇਕ ਧਾਰਮਿਕ ਭਾਈਚਾਰੇ ਦੇ ਲੋਕਾਂ ਨੂੰ ਦੂਜੇ ਖਿਲਾਫ ਲੜਾਉਣ ਲਈ ਭੜਕਾ ਰਹੇ ਹਨ
ਕੁਰੂਕਸ਼ੇਤਰ ਵਿਚ ਇਨੈਲੋ ਦੀ ਰੈਲੀ ਪ੍ਰਭਾਵਸ਼ਾਲੀ ਰੈਲੀ ਨੂੰ ਕੀਤਾ ਸੰਬੋਧਨ, ਅਭੈ ਚੌਟਾਲਾ ਵੱਲੋਂ ਕੁਰੂਕਸ਼ੇਤਰ ਸੀਟ ਤੋਂ ਨਾਮਜ਼ਦਗੀ ਦਾਖਲ ਕਰਨ ਵੇਲੇ ਨਾਲ ਗਏ
ਕੁਰੂਕਸ਼ੇਤਰ/ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਕਿਹਾ ਕਿ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਕਿਸੇ ਇਕ ਧਰਮ ਦੀ ਗੱਲ ਨਹੀਂ ਕਰਨੀ ਚਾਹੀਦੀ ਤੇ ਜ਼ੋਰ ਦੇ ਕੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਸਾਨਾਂ ਤੇ ਗਰੀਬਾਂ ਦੀ ਗੱਲ ਨਹੀਂ ਕਰ ਰਹੇ ਸਗੋਂ ਇਕ ਧਾਰਮਿਕ ਭਾਈਚਾਰੇ ਦੇ ਲੋਕਾਂ ਨੂੰ ਦੂਜੇ ਨਾਲ ਲੜਾਉਣ ਲਈ ਭੜਕਾਉਣ ’ਤੇ ਲੱਗੇ ਹੋਏ ਹਨ।
ਅਕਾਲੀ ਦਲ ਦੇ ਪ੍ਰਧਾਨ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਉਹ ਇਨੈਲੋ ਦੇ ਸਕੱਤਰ ਜਨਰਲ ਅਭੈ ਚੌਟਾਲਾ ਦੇ ਨਾਲ ਉਹਨਾਂ ਦੇ ਕੁਰੂਕਸ਼ੇਤਰ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਉਹਨਾਂ ਦੇ ਨਾਲ ਵੀ ਗਏ।
ਰੈਲੀ ਨੂੰ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡਾ ਦੇਸ਼ ਹਰੇਕ ਦਾ ਹੈ ਭਾਵੇਂ ਉਹ ਹਿੰਦੂ, ਸਿੱਖ, ਇਸਾਈ ਜਾਂ ਮੁਸਲਿਮ ਹੋਵੇ। ਦੇਸ਼ ਦਾ ਪ੍ਰਧਾਨ ਮੰਤਰੀ ਹਰੇਕ ਦਾ ਪ੍ਰਤੀਨਿਧ ਹੈ ਤੇ ਉਸਨੂੰ ਸਿਰਫ ਇਕ ਧਾਰਮਿਕ ਭਾਈਚਾਰੇ ਦਾ ਵਕੀਲ ਨਹੀਂ ਬਣਨਾ ਚਾਹੀਦਾ। ਉਹਨਾਂ ਨੂੰ ਦੋ ਜਾਂ ਤਿੰਨ ਵਪਾਰੀਆਂ ਦਾ ਪ੍ਰਤੀਨਿਧ ਨਹੀਂ ਬਣਲਾ ਚਾਹੀਦਾ ਸਗੋਂ ਕਰੋੜਾਂ ਕਿਸਾਨਾਂ ਤੇ ਗਰੀਬਾਂ ਦੀ ਭਲਾਈ ਵਾਸਤੇ ਕੰਮ ਕਰਨਾ ਚਾਹੀਦਾ ਹੈ।
ਇਨੈਲੋ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਉਹਨਾਂ ਕਿਹਾ ਕਿ ਉਹ ਵੀ ਅਕਾਲੀ ਦਲ ਵਾਂਗੂ ਖੇਤਰੀ ਪਾਰਟੀ ਹੈ। ਉਹਨਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਹਮੇਸ਼ਾ ਅਕਾਲੀ ਦਲ ਲਈ ਖੜ੍ਹੇ ਹੁੰਦੇ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਭਾਜਪਾ ਵਰਗੀਆਂ ਕੌਮੀ ਪਾਰਟੀਆਂ ਨੇ ਕਿਸਾਨਾਂ ਜਾਂ ਉਹਨਾਂ ਦੇ ਭਾਈਵਾਲ ਅਕਾਲੀ ਦਲ ਨਾਲ ਸਲਾਹ ਮਸ਼ਵਰਾ ਕੀਤੇ ਬਗੈਰ ਤਿੰਨ ਖੇਤੀ ਕਾਨੂੰਨ ਬਣਾ ਦਿੱਤੇ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਅਸੀਂ ਐਨ ਡੀ ਏ ਸਰਕਾਰ ਛੱਡਣ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਭਾਈ ਸਾਹਿਬ ਅਭੈ ਸਿੰਘ ਚੌਟਾਲਾ ਨੇ ਵੀ ਵਿਧਾਨ ਸਭਾ ਤੋਂ ਅਸਤੀਫਾ ਦਿੱਤਾ। ਅਸੀਂ ਦੋਵਾਂ ਨੇ ਅਜਿਹਾ ਇਸ ਕਰ ਕੇ ਕੀਤਾ ਕਿਉਂਕਿ ਅਸੀਂ ਕਿਸਾਨਾਂ ਦਾ ਦਰਦ ਸਮਝਦੇ ਹਾਂ ਤੇ ਅੰਨਦਾਤਾ ਦੇ ਹਿੱਤਾਂ ਦੀ ਰਾਖੀ ਵਾਸਤੇ ਵਚਨਬੱਧ ਹਾਂ।
ਸਰਦਾਰ ਬਾਦਲ ਨੇ ਦੱਸਿਆ ਕਿ ਕਿਵੇਂ ਭਾਜਪਾ ਨੇ ਅਕਾਲੀ ਦਲ ਵੱਲੋਂ ਐਨ ਡੀ ਏ ਸਰਕਾਰ ਛੱਡਣ ਤੋਂ ਬਾਅਦ ਇਸ ਨਾਲ ਜੰਗ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਕਿ ਮਹਾਰਾਸ਼ਟਰ ਵਿਚ ਭਾਜਪਾ ਸਰਕਾਰ ਨੇ ਤਖਤ ਸ੍ਰੀ ਹਜ਼ੂਰ ਸਾਹਿਬ ’ਤੇ ਆਰ ਐਸ ਐਸ ਦਾ ਕਬਜ਼ਾ ਕਰਵਾ ਦਿੱਤਾ। ਇਸੇ ਤਰੀਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਣਵਾ ਦਿੱਤੀ ਗਈ।
ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਚੌਕਸ ਕੀਤਾ ਕਿ ਉਹ ਕਾਂਗਰਸ ਤੇ ਆਪ ਦੋਵਾਂ ਤੋਂ ਸੁਚੇਤ ਰਹਿਣ। ਉਹਨਾਂ ਕਿਹਾ ਕਿ ਸਿੱਖ ਕਦੇ ਵੀ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲੇ ਅਤੇ 1984 ਵਿਚ ਕਾਂਗਰਸ ਵੱਲੋਂ ਕਰਵਾਏ ਸਿੱਖ ਕਤਲੇਆਮ ਲਈ ਇੰਦਰਾ ਗਾਂਧੀ ਨੂੰ ਮੁਆਫ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਜਿਥੋਂ ਤੱਕ ਆਪ ਦਾ ਸਵਾਲ ਹੈ, ਹਰਿਆਣਾ ਦੇ ਲੋਕ ਆਪਣੇ ਗੁਆਂਢੀਆਂ ਤੋਂ ਹੀ ਸਲਾਹ ਲੈ ਲੈਣ ਕਿ ਕਿਵੇਂ ਆਪ ਨੇ ਪੰਜਾਬੀਆਂ ਨਾਲ ਕੀਤੇ ਸਾਰੇ ਵਾਅਦੇ ਵਿਸਾਰ ਦਿੱਤੇ ਹਨ। ਉਹਨਾਂ ਕਿਹਾ ਕਿ ਜਿਸ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿਚ 92 ਸੀਟਾਂ ਮਿਲੀਆਂ ਸਨ, ਇਸ ਵਾਰ ਪਾਰਲੀਮਾਨੀ ਚੋਣਾਂ ਵਿਚ ਉਹਨਾਂ ਦਾ ਸਫਾਇਆ ਹੋ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਅਕਾਲੀ ਦਲ ਅਤੇ ਇਨੈਲੋ ਦਰਮਿਆਨ ਸਾਂਝ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਦੋਵੇਂ ਪਾਰਟੀਆਂ ਦਹਾਕਿਆਂ ਤੋਂ ਆਪਸ ਵਿਚ ਜੁੜੀਆਂ ਹਨ ਅਤੇ ਮਰਹੂਮ ਚੌਧਰੀ ਦੇਵੀ ਲਾਲ ਤੇ ਸਰਦਾਰ ਪਕਾਸ਼ ਸਿੰਘ ਬਾਦਲ ਨੇ ਅਨਿੱਖੜਵਾਂ ਗਠਜੋੜ ਕੀਤਾ ਸੀ। ਇਸ ਮੌਕੇ ਅਕਾਲੀ ਦਲ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਸ਼ਰਨਜੀਤ ਸਿੰਘ ਸਹੋਤਾ ਵੀ ਹਾਜ਼ਰ ਸਨ।