ਡੀ ਸੀ ਆਸ਼ਿਕਾ ਜੈਨ ਨੇ ਮੁਹਾਲੀ ਨੂੰ ਰੈਪੀਡੋ ਸੁਵਿਧਾ ਦੇਣ ਲਈ ਸੀ ਈ ਓ ਪੰਜਾਬ ਦਾ ਕੀਤਾ ਧੰਨਵਾਦ
ਸਾਹਿਬਜ਼ਾਦਾ ਅਜੀਤ ਸਿੰਘ ਨਗਰ : Lok sabha election 2024;
ਆਗਾਮੀ ਲੋਕ ਸਭਾ ਚੋਣਾਂ-2024 ਵਿੱਚ ਮਤਦਾਨ ਪ੍ਰਤੀਸ਼ਤਤਾ ਵਿੱਚ ਵਾਧਾ ਕਰਨ ਲਈ ਆਪਣੇ ਚੱਲ ਰਹੇ ਉਪਰਾਲਿਆਂ ਵਿੱਚ, ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਨੇ ਦਿਵਿਆਂਗ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਦੀ ਮੁਫਤ ਆਵਾਜਾਈ ਲਈ ਰੈਪੀਡੋ (ਰੋਪਨ ਟ੍ਰਾਂਸਪੋਰਟੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ) ਦੀਆਂ ਸਵੈ-ਇੱਛੁਕ ਸੇਵਾਵਾਂ ਦਾ ਲਾਭ ਲੈਣ ਦਾ ਨਿਰਣਾ ਲਿਆ ਹੈ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ, ਜੋ ਖੁਦ ਜ਼ਿਲ੍ਹੇ ਵਿੱਚ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਐਸਵੀਈਈਪੀ) ਮੁਹਿੰਮ ਦੀ ਅਗਵਾਈ ਕਰ ਰਹੇ ਹਨ, ਨੇ ਦੱਸਿਆ ਕਿ ਰੈਪੀਡੋ ਨੇ ਪੰਜਾਬ ਦੇ ਮੁੱਖ ਚੋਣ ਅਫ਼ਸਰ, ਸ੍ਰੀ ਸਿਬਿਨ ਸੀ ਨੂੰ ਪੰਜਾਬ ਵਿੱਚ ਚੋਣਾਂ ਵਾਲੇ ਦਿਨ ਦਿਵਿਆਂਗ ਅਤੇ ਬਜ਼ੁਰਗ ਮਤਦਤਾਵਾਂ ਨੂੰ ਚੋਣ ਬੂਥਾਂ ਤੱਕ ਲੈ ਕੇ ਜਾਣ ਅਤੇ ਵਾਪਿਸ ਲਿਆਉਣ ਲਈ ਮਹਾਰਾਸ਼ਟਰ, ਗੁਜਰਾਤ ਅਤੇ ਝਾਰਖੰਡ ਦੀ ਤਰਾਂ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕਰਨ ਲਈ ਸੰਪਰਕ ਕੀਤਾ ਹੈ।
ਪੰਜਾਬ ਦੇ ਸੀ.ਈ.ਓ. ਨੇ ਰੈਪੀਡੋ ਦੁਆਰਾ ਪੇਸ਼ ਕੀਤੇ ਪ੍ਰਸਤਾਵ ਨੂੰ ਆਪਣੀ ਸਹਿਮਤੀ ਦੇ ਦਿੱਤੀ ਹੈ ਅਤੇ ਪੰਜ ਜ਼ਿਲ੍ਹਿਆਂ ਨੂੰ ਚੋਣਾਂ ਵਾਲੇ ਦਿਨ ਸੇਵਾਵਾਂ ਦੀ ਵਰਤੋਂ ਤੇ ਵਿਚਾਰ ਕਰਨ ਲਈ ਕਿਹਾ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਜੈਨ ਨੇ ਐਸ.ਏ.ਐਸ.ਨਗਰ (ਮੁਹਾਲੀ) ਜ਼ਿਲ੍ਹੇ ਨੂੰ ਰੈਪੀਡੋ ਦੀ ਪੇਸ਼ਕਸ਼ ਵਾਲੇ ਲਾਭਪਾਤਰੀ ਜ਼ਿਲ੍ਹਿਆਂ ਵਿੱਚੋਂ ਇੱਕ ਮੰਨਣ ਲਈ ਪੰਜਾਬ ਦੇ ਮੁੱਖ ਚੋਣ ਅਫ਼ਸਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੈਪੀਡੋ ਵੱਲੋਂ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਆਵਾਜਾਈ ਸੇਵਾਵਾਂ ਉਨ੍ਹਾਂ ਵੋਟਰਾਂ ਲਈ ਸਹਾਈ ਹੋਣਗੀਆਂ ਜਿਨ੍ਹਾਂ ਨੂੰ ਇਸਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਹਾਇਕ ਰਿਟਰਨਿੰਗ ਅਫਸਰ-ਕਮ-ਐਸਡੀਐਮਜ਼, ਖੇਤਰੀ ਟਰਾਂਸਪੋਰਟ ਅਫਸਰ ਅਤੇ ਦਿਵਿਆਂਗ ਵੋਟਰਾਂ ਲਈ ਨੋਡਲ ਅਫਸਰ ਨੂੰ ਦਿਵਿਆਂਗ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਲਈ ਸਬੰਧਤ ਪੋਲਿੰਗ ਬੂਥਾਂ ਤੱਕ ਮੁਫਤ ਰਾਈਡ ਦੀ ਸੁਚੱਜੀ ਵਰਤੋਂ ਲਈ ਰੈਪੀਡੋ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ ਹੈ।
ਪੰਜਾਬ ਦੇ ਹੋਰ ਜ਼ਿਲ੍ਹਿਆਂ ਜਿਨ੍ਹਾਂ ਨੂੰ ਰੈਪੀਡੋ ਦੀ ਪੇਸ਼ਕਸ਼ ਵਿੱਚ ਸ਼ਾਮਿਲ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪਟਿਆਲਾ, ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਸ਼ਾਮਲ ਹਨ।