ਐੱਸ ਏ ਐੱਸ ਨਗਰ : ਪੰਜਾਬ ਰਾਜ ਵਿੱਚ ਖਰੀਫ਼ ਸੀਜ਼ਨ 2023-24 ਸ਼ੁਰੂ ਹੋਣ ਦੇ ਮੱਦੇਨਜ਼ਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਅੰਦਾਜ਼ਨ 54812 ਮੀਟ੍ਰਿਕ ਟਨ ਝੋਨਾ ਆ ਚੁੱਕਾ ਹੈ, ਜਿਸ ਵਿੱਚੋਂ 51063 ਐਮ.ਟੀ. ਝੋਨਾ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤਾ ਜਾ ਚੁੱਕਾ ਹੈ।
98.43 ਕਰੋੜ ਦੀ ਅਦਾਇਗੀ 24 ਘੰਟਿਆਂ ਦੇ ਵਿੱਚ-ਵਿੱਚ ਸਿੱਧੇ ਤੌਰ ‘ਤੇ ਕਿਸਾਨਾਂ ਦੇ ਖਾਤਿਆਂ ਵਿੱਚ ਕੀਤੀ ਗਈ
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਿਆਂਦੀ ਜਾ ਰਹੀ ਝੋਨੇ ਦੀ ਫ਼ਸਲ ਨੂੰ ਖਰੀਦਣ ਅਤੇ ਖਰੀਦ ਉਪਰੰਤ ਉਸ ਦੀ ਲਿਫਟਿੰਗ ਅਤੇ ਸੁਰੱਖਿਅਤ ਭੰਡਾਰਣ ਲਈ ਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀ ਹਰ ਇੱਕ ਮੰਡੀ ਵਿੱਚ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਫ਼ਸਲ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਮੰਡੀ ਵਿਚੋਂ ਚੁੱਕ ਕੇ ਭੰਡਾਰ ਕਰਨ ਵਾਲੀ ਥਾਂ ‘ਤੇ ਲਿਜਾਣ ਲਈ ਸਰਕਾਰ ਵੱਲੋਂ ਲੇਬਰ, ਲੇਬਰ-ਕਾਰਟੇਜ, ਟਰਾਂਸਪੋਰਟੇਸ਼ਨ ਦੇ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਖਰੀਦ ਕੀਤੀ ਗਈ ਜੀਰੀ ਦੀ ਲਿਫਟਿੰਗ 72 ਘੰਟਿਆਂ ਦੇ ਹਿਸਾਬ ਨਾਲ 115 ਪ੍ਰਤੀਸ਼ਤ ਹੈ। ਸਮੂਹ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਫ਼ਸਲ ਦੇ ਐਮ.ਐਸ.ਪੀ. (ਘੱਟੋ ਘੱਟ ਸਮਰਥਨ ਮੁੱਲ) ਦੀ 100 ਪ੍ਰਤੀਸ਼ਤ ਅਦਾਇਗੀ, ਜੋ ਕਿ 98.43 ਕਰੋੜ ਬਣਦੀ ਹੈ, 24 ਘੰਟਿਆਂ ਦੇ ਵਿੱਚ-ਵਿੱਚ ਸਿੱਧੇ ਤੌਰ ‘ਤੇ ਕਿਸਾਨਾਂ ਦੇ ਖਾਤਿਆਂ ਵਿੱਚ ਕਰ ਦਿੱਤੀ ਗਈ ਹੈ।
ਜ਼ਿਲ੍ਹੇ ਦੀਆਂ ਮੰਡੀਆਂ ਚੋਂ ਝੋਨੇ ਦੀ ਚੁਕਾਈ ਵ੍ਹੀਕਲ ਟਰੈਕਿੰਗ ਸਿਸਟਮ ਨਾਲ ਲੈਸ ਵਾਹਨਾਂ ਨਾਲ ਹੀ ਕਰਨੀ ਲਾਜ਼ਮੀ
ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਐਸ.ਏ.ਐਸ ਨਗਰ ਸ੍ਰੀਮਤੀ (ਡਾ.) ਨਵਰੀਤ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕੇਵਲ ਉਨ੍ਹਾਂ ਟਰੱਕਾਂ ਰਾਹੀਂ ਹੀ ਝੋਨੇ ਦੀ ਲਿਫਟਿੰਗ ਕਰਵਾਈ ਜਾ ਰਹੀ ਹੈ, ਜਿਨ੍ਹਾਂ ਟਰੱਕਾਂ ਵਿੱਚ ਵ੍ਹੀਕਲ ਟਰੈਕਿੰਗ ਸਿਸਟਮ ( ਵੀ ਟੀ ਐਸ) ਲੱਗਿਆ ਹੋਵੇ ਤਾਂ ਜੋ ਜੀ.ਪੀ.ਐਸ. ਸਿਸਟਮ ਰਾਹੀਂ ਵਾਹਨ ਦੀ ਸਥਿਤੀ (ਮੂਵਮੇਂਟ) ਤੇ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਜਿਲ੍ਹਾ ਐਸ.ਏ.ਐਸ ਨਗਰ ਦੀਆਂ ਪੰਜ ਮੰਡੀਆਂ ਦਾਉਂ ਮਾਜਰਾ, ਸਨੇਟਾ, ਅਮਲਾਲਾ, ਟਿਵਾਣਾ ਅਤੇ ਕੱਚੀ ਮੰਡੀ ਕੁਰਾਲੀ ਵਿੱਚ ਮੰਡੀ ਬੋਰਡ ਵਲੋਂ ਤਜਰਬੇ (ਪਾਇਲਟ ਪ੍ਰਜੈਕਟ) ਦੇ ਆਧਾਰ ‘ਤੇ ਬਾਇਓਮੀਟ੍ਰਿਕ ਅਧਾਰਿਤ ਖਰੀਦ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਪੰਜ ਮੰਡੀਆਂ ਵਿੱਚ ਕਿਸਾਨਾਂ ਦੀ ਬਾਇਓਮੀਟ੍ਰਿਕ ਪਛਾਣ ਦੀ ਪ੍ਰੀਕਿਰਿਆ ਪੂਰੀ ਕਰਨ ਉਪਰੰਤ ਹੀ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਇਹ ਪ੍ਰੀਕਿਰਿਆ ਇਨ੍ਹਾਂ ਮੰਡੀਆਂ ਚ ਨਿਰਵਿਘਨ ਚੱਲ ਰਹੀ ਹੈ।
ਦਾਉਂਮਾਜਰਾ,ਸਨੇਟਾ, ਅਮਲਾਲਾ, ਟਿਵਾਣਾ ਅਤੇ ਕੱਚੀ ਮੰਡੀ ਕੁਰਾਲੀ ਵਿਖੇ ਤਜਰਬੇ ਦੇ ਆਧਾਰ ਤੇ ਬਾਇਓਮੀਟ੍ਰਿਕ ਅਧਾਰਿਤ ਖਰੀਦ ਪ੍ਰਣਾਲੀ ਸ਼ੁਰੂ
ਉਨ੍ਹਾਂ ਦੱਸਿਆ ਕਿ ਕਲ੍ਹ ਤੱਕ ਤੱਕ ਮੰਡੀ ਦਾਉਂ ਮਾਜਰਾ ਵਿੱਚ 796 ਐਮ.ਟੀ., ਸਨੇਟਾ ਵਿੱਚ 710 ਐਮ.ਟੀ., ਅਮਲਾਲਾ ਵਿੱਚ 958 ਐਮ.ਟੀ., ਟਿਵਾਣਾ ਵਿੱਚ 130 ਐਮ.ਟੀ. ਅਤੇ ਕੱਚੀ ਮੰਡੀ ਕੁਰਾਲੀ ਵਿੱਚ 2974 ਐਮ.ਟੀ. ਝੋਨੇ ਦੀ ਖਰੀਦ ਕਿਸਾਨਾਂ ਦੀ ਬਾਇਓਮੀਟ੍ਰਿਕ ਸ਼ਨਾਖ਼ਤ ਪ੍ਰਕਿਰਿਆ ਪੂਰੀ ਕਰਨ ਉਪਰੰਤ ਸਫ਼ਲਤਾਪੂਰਵਕ ਕੀਤੀ ਜਾ ਚੁੱਕੀ ਹੈ।
