ਐੱਸ ਏ ਐੱਸ ਨਗਰ, 7 ਅਕਤੂਬਰ, 2023: ਰਾਜ ਪੱਧਰੀ ਬੈਂਕਰ ਕਮੇਟੀ ਵੱਲੋਂ ਪੈਨਸ਼ਨ ਫੰਡ ਰੈਗੂਲੇਟਰੀ ਵਿਕਾਸ ਅਥਾਰਟੀ (ਪੀ ਐਫ ਆਰ ਡੀ ਏ) ਦੀ ਸਰਪ੍ਰਸਤੀ ਹੇਠ ਸ਼ਿਵਾਲਿਕ ਪਬਲਿਕ ਸਕੂਲ, ਫੇਜ਼ 6, ਮੁਹਾਲੀ ਦੇ ਆਡੀਟੋਰੀਅਮ ਵਿੱਚ ਲੋਕ ਜਾਗਰੂਕਤਾ ਹਿੱਤ ਅਟਲ ਪੈਨਸ਼ਨ ਯੋਜਨਾ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਟਲ ਪੈਨਸ਼ਨ ਯੋਜਨਾ (ਏ.ਪੀ.ਵਾਈ) ਦੇ ਲਾਭਾਂ ਬਾਰੇ ਜਾਗਰੂਕਤਾ ਵਧਾਉਣਾ ਅਤੇ ਇਸ ਨੂੰ ਭਾਰਤ ਸਰਕਾਰ ਦੀ ਸੰਤਿ੍ਰਪਤਾ ਮੁਹਿੰਮ ਵਿੱਚ ਸ਼ਾਮਲ ਕਰਨਾ ਸੀ।
ਸਮਾਗਮ ਵਿੱਚ ਗੀਤਿਕਾ ਸਿੰਘ, ਏ.ਡੀ.ਸੀ. (ਦਿਹਾਤੀ ਵਿਕਾਸ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਬੈਂਕਰਾਂ ਨੂੰ ਅਪੀਲ ਕੀਤੀ ਕਿ ਉਹ ਪੂਰੇ ਰਾਜ ਵਿੱਚ ਭਾਰਤ ਸਰਕਾਰ ਦੀ ਵਿੱਤੀ ਲਾਭ ਵਾਲੀਆਂ ਸਕੀਮਾਂ ਦੀ ਸਫਲਤਾ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਦਾ ਲਾਭ ਪੰਜਾਬ ਦੇ ਲੋਕਾਂ ਤੱਕ ਪਹੁੰਚ ਸਕੇ। ਉਸਨੇ ਏ ਪੀ ਵਾਈ ਸਕੀਮ ਵਿੱਚ ਚੰਗੀ ਕਾਰਗੁਜ਼ਾਰੀ ਵਾਲੇ ਬੈਂਕਾਂ ਜਿਵੇਂ ਕਿ ਯੂਨੀਅਨ ਬੈਂਕ ਆਫ਼ ਇੰਡੀਆ ਅਤੇ ਬੈਂਕ ਆਫ਼ ਇੰਡੀਆ ਨੂੰ ਵੀ ਸਨਮਾਨਿਤ ਕੀਤਾ। ਉਨ੍ਹਾਂ ਨੇ ਪੰਜਾਬ ਦੇ ਪਠਾਨਕੋਟ ਅਤੇ ਐਸ ਬੀ ਐਸ ਨਗਰ ਜ਼ਿਲੇ੍ਹ ਦੇ ਐਲ.ਡੀ.ਐਮਜ਼ ਨੂੰ ਵੀ ਸਨਮਾਨਿਤ ਕੀਤਾ।
ਚੀਫ਼ ਜਨਰਲ ਮੈਨੇਜਰ, ਪੈਨਸ਼ਨ ਫੰਡ ਰੈਗੂਲੇਟਰੀ ਵਿਕਾਸ ਅਥਾਰਟੀ, ਪ੍ਰਵੇਸ਼ ਕੁਮਾਰ, ਭਾਰਤ ਸਰਕਾਰ ਦੀ ਨੁਮਾਇੰਦਗੀ ਕਰਦੇ ਹੋਏ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਰੀਟਾ ਜੁਨੇਜਾ, ਸਰਕਲ ਹੈੱਡ ਪੀ.ਐਨ.ਬੀ ਮੋਹਾਲੀ, ਅਖਿਲ ਮੰਗਲ, ਏ ਜੀ ਐਮ, ਐਸ ਐਲ ਬੀ ਸੀ ਪੰਜਾਬ, ਐਮ ਕੇ ਭਾਰਦਵਾਜ, ਚੀਫ ਐਲ.ਡੀ.ਐਮ ਮੋਹਾਲੀ, ਅਨੂਪ ਕਿਰਨ ਕੌਰ ਪਿ੍ਰੰਸੀਪਲ ਸ਼ਿਵਾਲਿਕ ਪਬਲਿਕ ਸਕੂਲ ਮੋਹਾਲੀ ਸਮੇਤ ਵੱਖ-ਵੱਖ ਬੈਂਕਾਂ ਦੇ ਮੁਖੀ, ਡੀ.ਸੀ.ਓਜ਼, ਵੱਖ-ਵੱਖ ਬੈਂਕਾਂ ਦੇ ਬ੍ਰਾਂਚ ਮੁਖੀਆਂ ਅਤੇ ਸੰਭਾਵੀ ਏ ਪੀ ਆਈ ਗਾਹਕਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।
ਪੀ ਐਨ ਬੀ ਸਰਕਲ ਹੈੱਡ ਨੇ ਸੁਆਗਤੀ ਭਾਸ਼ਣ ਨਾਲ ਨਾਗਰਿਕਾਂ ਦੇ ਵਿੱਤੀ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਏ ਪੀ ਵਾਈ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਸਮਾਗਮ ਦੌਰਾਨ 350 ਤੋਂ ਵੱਧ ਉਤਸ਼ਾਹੀ ਭਾਗੀਦਾਰਾਂ ਨੇ ਏ ਪੀ ਵਾਈ ਬਾਰੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਜਾਣਕਾਰੀ ਭਰਪੂਰ ਚਰਚਾ ’ਚ ਭਾਗ ਲਿਆ। ਹਾਜ਼ਰੀਨ ਨੂੰ ਇਸ ਸਰਕਾਰੀ ਸਹਾਇਤਾ ਪ੍ਰਾਪਤ ਪੈਨਸ਼ਨ ਸਕੀਮ ਦੇ ਲਾਭਾਂ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਪੀ ਐਫ ਆਰ ਡੀ ਏ ਅਧਿਕਾਰੀਆਂ ਨੇ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਨੂੰ ਪੂਰੇ ਵੇਰਵਿਆਂ ਸਮੇਤ ਪੇਸ਼ ਕੀਤਾ ਅਤੇ ਅਟੱਲ ਪੈਨਸ਼ਨ ਯੋਜਨਾ ਵਿੱਚ ਨਵੀਨਤਮ ਵਿਕਾਸ ਬਾਰੇ ਚਰਚਾ ਕੀਤੀ।
ਅਖਿਲ ਮੰਗਲ, ਏ ਜੀ ਐਮ, ਐਸ ਐਲ ਬੀ ਸੀ ਪੰਜਾਬ ਨੇ ਸਾਰੇ ਹਾਜ਼ਰੀਨ ਅਤੇ ਪ੍ਰਬੰਧਕਾਂ ਦਾ ਏ ਪੀ ਵਾਈ ਅਤੇ ਹੋਰ ਸਬੰਧਤ ਸਕੀਮਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਉਨ੍ਹਾਂ ਦੇ ਸਮਰਪਣ ਅਤੇ ਵਚਨਬੱਧਤਾ ਲਈ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਸਮਾਗਮ ਦੀ ਸਮਾਪਤੀ ਕੀਤੀ।
ਐਮ ਕੇ ਭਾਰਦਵਾਜ, ਐਲ ਡੀ ਐਮ ਮੋਹਾਲੀ ਨੇ ਸਮਾਗਮ ਦੇ ਸਮੁੱਚੇ ਇੰਚਾਰਜ ਵਜੋਂ ਅਹਿਮ ਭੂਮਿਕਾ ਨਿਭਾਈ।