ਹੋਰਨਾ ਪਾਰਟੀਆਂ ਤੋਂ ਇੰਪੋਰਟ ਕੀਤੇ ਜਾ ਰਹੇ ਹਨ ਆਗੂ, ਮੰਤਰੀਆਂ ਨੂੰ ਲੜਾਈ ਜਾ ਰਹੀ ਚੋਣ : ਡਿਪਟੀ ਮੇਅਰ
ਪੰਜਾਬ ਦੇ ਲੋਕ ਬਥੇਰੇ ਸਿਆਣੇ, ਨਹੀਂ ਲਾਉਣਗੇ ਦਲ ਬਦਲੂਆਂ ਨੂੰ ਮੂੰਹ ਦਿਖਾਉਣਗੇ ਪੰਜਾਬ ਤੋਂ ਬਾਹਰ ਦਾ ਰਾਹ : ਬੇਦੀ
ਮੋਹਾਲੀ:
ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਦੇ ਦੋ ਸਾਲ ਪੂਰੇ ਹੋਣ ਉੱਤੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਸਰਕਾਰ ਦੋ ਸਾਲਾਂ ਵਿੱਚ ਪੂਰੀ ਤਰ੍ਹਾਂ ਫੇਲ ਸਰਕਾਰ ਹੈ ਅਤੇ ਸਿਰਫ ਚੁਟਕਲਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ ਅਸਲੀਅਤ ਵਿੱਚ ਇਸ ਪਾਰਟੀ ਨੇ ਪੰਜਾਬ ਦੀ ਆਰਥਿਕਤਾ ਨੂੰ ਉਜਾੜ ਕੇ ਰੱਖ ਦਿੱਤਾ ਹੈ ਅਤੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦਹਾਲ ਹੋ ਚੁੱਕੀ ਹੈ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਭਾਵੇਂ ਬਰਗਾੜੀ ਦੀ ਬੇਅਦਬੀ ਦਾ ਮਾਮਲਾ ਹੋਵੇ ਰੇਤ ਮਾਫੀਆ ਦੀ ਗੱਲ ਹੋਵੇ ਡਰੱਗ ਮਾਫੀਆ ਦੀ ਗੱਲ ਹੋਵੇ ਜਾਂ ਅਮਨ ਕਾਨੂੰਨ ਨੂੰ ਕਾਇਮ ਰੱਖਣ ਦੀ ਗੱਲ ਹੋਵੇ ਇਹ ਸਰਕਾਰ ਜੋ ਵੀ ਵਾਇਦੇ ਕਰਕੇ ਆਈ ਸੀ ਉਹਨਾਂ ਤੋਂ ਮੁਨਕਰ ਹੋ ਚੁੱਕੀ ਹੈ। ਬਰਗਾੜੀ ਬੇਅਦਬੀ ਦੇ ਦੋਸ਼ੀ ਹਾਲੇ ਤੱਕ ਨਹੀਂ ਫੜੇ ਗਏ ਰੇਤ ਮਾਫੀਆ ਪਹਿਲਾਂ ਨਾਲੋਂ ਵੱਧ ਚੁੱਕਿਆ ਹੈ। ਡਰੱਗ ਮਾਫੀਆ ਇੰਨਾਂ ਜਿਆਦਾ ਵੱਧ ਚੁੱਕਿਆ ਹੈ ਕਿ ਪਿੰਡਾਂ ਵਿੱਚ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਮਾਵਾਂ ਆਪਣੇ ਪੁੱਤ ਗਵਾ ਰਹੀਆਂ ਹਨ, ਭੈਣਾਂ ਆਪਣੇ ਭਰਾ ਗਵਾ ਰਹੀਆਂ ਹਨ ਅਤੇ ਇਹ ਮੌਤਾਂ ਨਸ਼ੇ ਦੀ ਓਵਰਡੋਜ ਕਾਰਨ ਹੋ ਰਹੀਆਂ ਹਨ।
ਉਹਨਾਂ ਕਿਹਾ ਕਿ ਆਰਥਿਕ ਫਰੰਟ ਉੱਤੇ ਇੰਨਾ ਮਾੜਾ ਹਾਲ ਹੈ ਕਿ ਪਿਛਲੀਆਂ ਸਾਰੀਆਂ ਸਰਕਾਰਾਂ ਨਾਲੋਂ ਕਿਤੇ ਵੱਧ ਕਰਜ਼ਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਉੱਤੇ ਚੜਾ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਬਹੁਤ ਵੱਡੇ ਪੱਧਰ ਤੇ ਫੈਲ ਚੁੱਕੀ ਹੈ ਅਤੇ ਹਰ ਵਰਗ ਹੀ ਸਰਕਾਰ ਤੋਂ ਨਿਰਾਸ਼ ਜਾਪਦਾ ਹੈ।
ਉਹਨਾਂ ਕਿਹਾ ਕਿ ਹਾਲਾਤ ਇਹ ਹੋ ਗਏ ਹਨ ਕਿ ਆਮ ਆਦਮੀ ਪਾਰਟੀ ਜੋ ਇਹ ਦਾਅਵਾ ਕਰਦੀ ਸੀ ਕਿ ਵਲੰਟੀਅਰਜ਼ ਤੋਂ ਪੁੱਛ ਕੇ ਪਾਰਟੀ ਦੇ ਉਮੀਦਵਾਰ ਤੈਅ ਕੀਤੇ ਜਾਣਗੇ, ਹੁਣ ਹੋਰਨਾ ਪਾਰਟੀਆਂ ਤੋਂ ਬੰਦੇ ਇੰਪੋਰਟ ਕਰਕੇ ਆਪਣੀ ਪਾਰਟੀ ਦੇ ਉਮੀਦਵਾਰ ਐਲਾਨ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਤਾਂ ਸਰਕਾਰ ਨੇ ਆਪਣੇ ਮੰਤਰੀਆਂ ਨੂੰ ਲੋਕ ਸਭਾ ਚੋਣਾਂ ਵਿੱਚ ਉਤਾਰਿਆ ਹੈ ਪਰ ਫਿਰ ਵੀ ਜਦੋਂ ਉਮੀਦਵਾਰ ਪੂਰੇ ਨਹੀਂ ਹੋ ਰਹੇ ਤਾਂ ਦੂਜੀਆਂ ਪਾਰਟੀਆਂ ਦੇ ਆਗੂਆਂ ਵੱਲ ਆਮ ਆਦਮੀ ਪਾਰਟੀ ਝਾਕ ਰਹੀ ਹੈ ਕਿ ਕਿਸੇ ਤਰੀਕੇ ਨਾਲ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਰਲਾ ਕੇ ਟਿਕਟ ਦਿੱਤੀ ਜਾ ਸਕੇ ਤਾਂ ਫਿਰ ਕਿਹੜੀ ਗੱਲੋਂ ਇਹ ਵਲੰਟੀਅਰਜ਼ ਦੀ ਪਾਰਟੀ ਰਹਿ ਗਈ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਹਨ ਅਤੇ ਇਸ ਤਰ੍ਹਾਂ ਚੋਣਾਂ ਵੇਲੇ ਮੌਕੇ ਤੇ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਤੋਂ ਟਿਕਟਾਂ ਲੈਣ ਵਾਲਿਆਂ ਨੂੰ ਵੋਟਾਂ ਨਹੀਂ ਪਾਉਣ ਲੱਗੇ ਸਗੋਂ ਲੋਕ ਅਜਿਹੇ ਆਗੂਆਂ ਨੂੰ ਲੋਕ ਸਭਾ ਚੋਣਾਂ ਵਿੱਚ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਹਰ ਫਰੰਟ ਤੇ ਫੇਲ ਹੋਈ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਪੰਜਾਬ ਤੋਂ ਬਾਹਰ ਦਾ ਰਾਹ ਦਿਖਾਉਣ ਲਈ ਇਸ ਵਾਰ ਪੰਜਾਬ ਦੇ ਲੋਕ ਵੋਟਾਂ ਪਾਉਣਗੇ ਅਤੇ ਕਾਂਗਰਸ ਪਾਰਟੀ ਸਾਰੀਆਂ ਸੀਟਾਂ ਉੱਤੇ ਜਬਰਦਸਤ ਜਿੱਤ ਹਾਸਲ ਕਰੇਗੀ।