Follow us

19/04/2025 11:36 pm

Search
Close this search box.
Home » News In Punjabi » ਚੰਡੀਗੜ੍ਹ » ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ’ਚ ਮੁੜ ਹੋਏ ਸ਼ਾਮਲ, ਪਾਰਟੀ ਲਈ ਹੋਰ ਮਿਹਨਤ ਨਾਲ ਕੰਮ ਕਰਨ ਦਾ ਲਿਆ ਪ੍ਰਣ

ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ’ਚ ਮੁੜ ਹੋਏ ਸ਼ਾਮਲ, ਪਾਰਟੀ ਲਈ ਹੋਰ ਮਿਹਨਤ ਨਾਲ ਕੰਮ ਕਰਨ ਦਾ ਲਿਆ ਪ੍ਰਣ

ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ ਦਾ ਪਾਰਟੀ ਵਿਚ ਮੁੜ ਸ਼ਾਮਲ ਹੋਣ ’ਤੇ ਕੀਤਾ ਸਵਾਗਤ, ਨਾਰਾਜ਼ ਹੋ ਕੇ ਗਏ ਅਕਾਲੀਆਂ ਨੂੰ ਵਾਪਸੀ ਦੀ ਮੁੜ ਕੀਤੀ ਅਪੀਲ

ਬੇਗੋਵਾਲ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅੱਜ ਸ਼੍ਰੋਮਣੀ ਅਕਾਲੀ ਦਲ ਵਿਚ ਮੁੜ ਸ਼ਾਮਲ ਹੋ ਗਏ ਤੇ ਉਹਨਾਂ ਪਾਰਟੀ ਦੀ ਮਜ਼ਬੂਤੀ ਲਈ ਹੋਰ ਮਿਹਨਤ ਨਾਲ ਕੰਮ ਕਰਨ ਦਾ ਪ੍ਰਣ ਲਿਆ।

ਸੰਤ ਪ੍ਰੇਮ ਸਿੰਘ ਮੁਰਾਲੇਵਾਲਿਆਂ ਦੇ ਅਸਥਾਨ ’ਤੇ ਬੀਬੀ ਜਗੀਰ ਕੌਰ ਦਾ ਪਾਰਟੀ ਵਿਚ ਮੁੜ ਸ਼ਾਮਲ ਹੋਣ ’ਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਵਾਗਤ ਕੀਤਾ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਜਨਮ ਤੋਂ ਹੀ ਅਕਾਲੀ ਹਨ ਤੇ ਕਿਹਾ ਕਿ ਮੈਂ ਅਕਾਲੀ ਸੀ ਤੇ ਹਮੇਸ਼ਾ ਅਕਾਲੀ ਰਹਾਂਗੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਧਾਰਮਿਕ ਖੇਤਰ ਵਿਚ ਕੰਮ ਕਰਦੇ ਰਹਿਣਗੇ ਅਤੇ ਸ਼੍ਰੋਮਣੀ ਕਮੇਟੀ ਨੂੰ ਮਜ਼ਬੂਤ ਕਰਨ ਵਾਸਤੇ ਆਪਣੇ ਵੱਲੋਂ ਪੂਰੀ ਜੀਅ ਜਾਨ ਲਗਾ ਦੇਣਗੇ।

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੀਬੀ ਜੀ ਨਾਲ ਮੇਰੇ ਸਬੰਧ ਪਰਿਵਾਰਕ ਮੈਂਬਰਾਂ ਵਾਂਗੂ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਤਾਂ ਪਹਿਲਾਂ ਵੀ ਹੱਥ ਜੋੜ ਕੇ ਬੀਬੀ ਜੀ ਨੂੰ ਮੁੜ ਪਾਰਟੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ ਤੇ ਉਹ ਉਹਨਾਂ ਦੀ ਅਪੀਲ ਮੰਨਣ ਲਈ ਬੀਬੀ ਜੀ ਦੇ ਧੰਨਵਾਦੀ ਹਨ।

ਸਰਦਾਰ ਬਾਦਲ ਨੇ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਗਏ ਸਾਰੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਪਾਰਟੀ ਵਿਚ ਵਾਪਸ ਆ ਜਾਣ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਏਕਤਾ ਸਮੇਂ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਇਕਜੁੱਟ ਹੋਵਾਂਗੇ ਤਾਂ ਹੀ ਅਸੀਂ ਸ਼੍ਰੋਮਣੀ ਕਮੇਟੀ ਤੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਕੀਤੇ ਜਾ ਰਹੇ ਯਤਨਾਂ ਨੂੰ ਅਸਫਲ ਬਣਾ ਸਕਾਂਗੇ।

ਬਾਅਦ ਵਿਚ ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਆਮ ਆਦਮੀ ਪਾਰਟੀ (ਆਪ) ਹੁਣ ਭਗਵੰਤ ਮਾਨ ਦੇ ਨਾਂ ’ਤੇ ਲੋਕ ਸਭਾ ਚੋਣਾਂ ਲੜ ਰਹੀ ਹੈ ਜਿਸ ਤੋਂ ਸਪਸ਼ਟ ਹੈ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪਤਾ ਲੱਗ ਗਿਆ ਹੈ ਕਿ ਪਾਰਟੀ ਦਾ ਗ੍ਰਾਫ ਨਿਰੰਤਰ ਹੇਠਾਂ ਡਿੱਗਿਆ ਹੈ।

ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੇਜਰੀਵਾਲ ਜਾਣਦੇ ਹਨ ਕਿ ਇਸ ਵਾਰ ਪੰਜਾਬੀ ਉਹਨਾਂ ਨੂੰ ਮੌਕਾ ਨਹੀਂ ਦੇਣਗੇ ਤੇ ਇਹੀ ਕਾਰਨ ਹੈ ਕਿ ਉਹ ਸੰਸਦੀ ਚੋਣਾਂ ਵਿਚ ਪਾਰਟੀ ਦੀ ਜਿੱਤ ਦੀ ਜ਼ਿੰਮੇਵਾਰੀ ਭਗਵੰਤ ਮਾਨ ਦੇ ਮੋਢਿਆਂ ’ਤੇ ਪਾ ਰਹੇ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਪ 13 ਦੀਆਂ 13 ਲੋਕ ਸਭਾ ਸੀਟਾਂ ਹਾਰੇਗੀ।

ਸੀ ਏ ਏ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਸ਼ੁਰੂ ਤੋਂ ਕਹਿੰਦਾ ਆ ਰਿਹਾ ਹੈ ਕਿ ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਆਏ ਦੋ ਲੱਖ ਸਿੱਖਾਂ ਨੂੰ ਨਾਗਰਿਕਤਾ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਖੀਰ ਵਿਚ ਅਜਿਹਾ ਹੋ ਰਿਹਾ ਹੈ ਤੇ ਉਹ ਇਸਦਾ ਸਵਾਗਤ ਕਰਦੇ ਹਨ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਬਚਾਓ ਯਾਤਰਾ ਨੂੰ ਲੋਕਾਂ ਵੱਲੋਂ ਲਾਮਿਸਾਲ ਹੁੰਗਾਰਾ ਦਿੱਤਾ ਜਾ ਰਿਹਾ ਹੈ ਤੇ ਲੋਕ ਅਕਾਲੀ ਦਲ ਨਾਲ ਪੂਰੀ ਤਰ੍ਹਾਂ ਇਕਜੁੱਟਤਾ ਦਾ ਪ੍ਰਗਟਾਵਾ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਘੁਟਾਲਿਆਂ ਨਾਲ ਭਰੀ ਆਪ ਸਰਕਾਰ ’ਤੇ ਵਿਸ਼ਵਾਸ ਗੁਆ ਲਿਆ ਹੈ ਤੇ ਉਹ ਇਸ ਤੋਂ ਛੇਤੀ ਤੋਂ ਛੇਤੀ ਖਹਿੜਾ ਛੁਡਵਾਉਣਾ ਚਾਹੁੰਦੇ ਹਨ।

ਉਹਨਾਂ ਕਿਹਾ ਕਿ ਆਪ ਸਰਕਾਰ ਕੋਲ ਪਿਛਲੇ ਦੋ ਸਾਲਾਂ ਵਿਚ ਬਣਾਇਆ ਇਕ ਵੀ ਬੁਨਿਆਦੀ ਢਾਂਚੇ ਦਾ ਪ੍ਰਾਜੈਕਟ ਵਿਖਾਉਣ ਵਾਸਤੇ ਨਹੀਂ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਸਰਵ ਪੱਖੀ ਵਿਕਾਸ ਹੋਇਆ ਸੀ।

ਇਸ ਮੌਕੇ ਸੀਨੀਅਰ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਰੱਖੜਾ, ਡਾ. ਦਲਜੀਤ ਸਿੰਘ ਚੀਮਾ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਕੁਮਾਰ ਟੀਨੂੰ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸੁਰਜੀਤ ਸਿੰਘ ਅਬਲੋਵਾਲ, ਹਰਪ੍ਰੀਤ ਕੌਰ ਮੁਖਮੇਲਪੁਰ, ਹਰਜਿੰਦਰ ਕੌਰ ਤੇ ਪਰਮਜੀਤ ਕੌਰ ਲਾਂਡਰਾ ਵੀ ਹਾਜ਼ਰ ਸਨ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal