ਕਿਸਾਨਾਂ ਨੂੰ ਵੱਧ ਤੋਂ ਵੱਧ ਜੈਵਿਕ ਖੇਤੀ ਕਰਕੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੀ ਅਪੀਲ ਕੀਤੀ
ਐਸ.ਏ.ਐਸ. ਨਗਰ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਜੈਵਿਕ ਖੇਤੀ ਨੂੰ ਅਪਣਾਉਣ ਲਈ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮੰਤਵ ਨੂੰ ਮੁੱਖ ਰੱਖਦਿਆਂ ਹੋਇਆ ਅੱਜ ਸ. ਬਰਸਟ ਨੇ ਮੁੱਖ ਦਫ਼ਤਰ ਵਿਖੇ ਕਿਸਾਨ ਬਾਜਾਰ, ਮੋਗਾ ਦੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਜੈਵਿਕ ਖੇਤੀ ਕਰਨ ਅਤੇ ਲੋਕਾਂ ਨੂੰ ਇਸ ਸੰਬੰਧੀ ਪ੍ਰੇਰਿਤ ਕਰਨ ਬਾਰੇ ਵਿਸਤਾਰ ਨਾਲ ਗੱਲਬਾਤ ਕੀਤੀ।
ਇਸ ਮੌਕੇ ਚੇਅਰਮੈਨ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਮਾਜ ਵਿਖੇ ਵਧੇਰੀ ਤਰ੍ਹਾਂ ਦੀਆਂ ਬਿਮਾਰੀਆਂ ਨੇ ਆਪਣੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਇਸ ਲਈ ਜੈਵਿਕ ਅਤੇ ਸ਼ੁੱਧ ਉਤਪਾਦਾਂ ਦੀ ਵਰਤੋਂ ਕਰਕੇ ਹੀ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਅੱਜ ਕਿਸਾਨਾਂ ਨੂੰ ਰਿਵਾਇਤੀ ਖੇਤੀ ਵੱਲ ਧਿਆਨ ਘਟਾ ਕੇ ਜੈਵਿਕ ਖੇਤੀ ਵੱਲ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਵੱਖ-ਵੱਖ ਕਿਸਮ ਦੇ ਫ਼ਲਾਂ ਅਤੇ ਸਬਜੀਆਂ ਦੀ ਪੈਦਾਵਾਰ ਨੂੰ ਵਧਾ ਕੇ ਕਿਸਾਨ ਜਿੱਥੇ ਇੱਕ ਚੰਗੇ ਸਮਾਜ ਦੇ ਨਿਰਮਾਣ ਵਿੱਚ ਆਪਣੀ ਹਿੱਸੇਦਾਰੀ ਦੇ ਸਕਦੇ ਹਨ, ਉੱਥੇ ਹੀ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਵੀ ਵਾਧਾ ਹੋਵੇਗਾ।
ਓਹਨਾਂ ਕਿਹਾ ਪੰਜਾਬ ਮੰਡੀ ਬੋਰਡ ਹਮੇਸ਼ਾ ਹੀ ਕਿਸਾਨਾਂ ਦੇ ਹਿੱਤ ਨੂੰ ਪਹਿਲ ਦਿੰਦਾ ਆਇਆ ਹੈ ਅਤੇ ਇਸੇ ਮੰਤਵ ਨੂੰ ਮੁੱਖ ਰੱਖਦੇ ਹੋਏ ਪਿੰਡ ਮਹਿਮਦਪੁਰ, ਜਿਲ੍ਹਾਂ ਪਟਿਆਲਾ ਵਿਖੇ ਨਵੀਂ ਫ਼ਲ ਅਤੇ ਸਬਜੀ ਮੰਡੀ ਦੀ ਸਥਾਪਨਾ ਕੀਤੀ ਗਈ ਹੈ। ਇਸ ਮੰਡੀ ਰਾਹੀਂ ਜਿੱਥੇ ਕਿਸਾਨਾਂ ਨੂੰ ਆਪਣੀਆਂ ਜਿਣਸਾਂ ਨੂੰ ਵੇਚਣ ਵਿੱਚ ਆਸਾਨੀ ਹੋਵੇਗੀ, ਉੱਥੇ ਹੀ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਲਈ ਕਿਸਾਨ ਵੀ ਵੱਧ ਤੋਂ ਵੱਧ ਜੈਵਿਕ ਖੇਤੀ ਵੱਲ ਧਿਆਨ ਦੇਣ ਅਤੇ ਆਪਣੇ ਬੱਚਿਆ ਨੂੰ ਵੀ ਇਸ ਕਿੱਤੇ ਨਾਲ ਜੋੜਣ ਤਾਂ ਜੋ ਖੁਸ਼ਹਾਲ ਪੰਜਾਬ ਦੀ ਸਿਰਜਣਾ ਹੋ ਸਕੇ।
ਚੇਅਰਮੈਨ ਨੇ ਕਿਸਾਨ ਬਾਜਾਰ ਰਾਹੀਂ ਜੈਵਿਕ ਅਤੇ ਸ਼ੁੱਧ ਉਤਪਾਦਾਂ ਦੀ ਮਾਰਕੀਟਿੰਗ ਕਰਨ ਲਈ ਮੋਗਾ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਮਾਜ ਹਿੱਤ ਦੇ ਕਾਰਜ ਕਰਨ ਲਈ ਉਤਸਾਹਤ ਕੀਤਾ।
ਇਸ ਦੌਰਾਨ ਕਿਸਾਨਾਂ ਨੇ ਚੇਅਰਮੈਨ, ਮੰਡੀ ਬੋਰਡ ਵੱਲੋਂ ਕਿਸਾਨਾਂ ਅਤੇ ਮੰਡੀ ਦੀ ਬਿਹਤਰੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਜੈਵਿਕ ਅਤੇ ਸ਼ੁੱਧ ਉਤਪਾਦ ਭੇਂਟ ਕਰਕੇ ਸਨਮਾਨਤ ਕੀਤਾ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਰੀਬ 100 ਤਰ੍ਹਾਂ ਦੇ ਉਤਪਾਦਾਂ ਦੀ ਮਾਰਕੀਟਿੰਗ ਕੀਤੀ ਜਾਂਦੀ ਹੈ, ਤਾਂ ਕਿ ਲੋਕ ਇਸਦਾ ਫਾਇਦਾ ਲੈ ਸਕਣ।
ਇਸ ਮੌਕੇ ਜਸ਼ਨਦੀਪ ਸਿੰਘ, ਜਿਲ੍ਹਾਂ ਮੰਡੀ ਅਫਸਰ ਮੋਗਾ, ਰਣਬੀਰ ਸਿੰਘ ਘੋਲੀਆਂ, ਚਮਕੌਰ ਸਿੰਘ ਘੋਲੀਆਂ, ਨਰਪਿੰਦਰ ਸਿੰਘ ਧਾਲੀਵਾਲ ਅਤੇ ਹਰਜੀਤ ਸਿੰਘ ਸਿੱਧੂ ਮੌਜੂਦ ਰਹੇ।