Follow us

21/11/2024 6:09 pm

Search
Close this search box.
Home » News In Punjabi » ਸਿੱਖਿਆ » ਪੰਜਾਬੀ ਯੂਨੀਵਰਸਿਟੀ: ਆਪਣਿਆਂ ਤੋਂ ਦੂਰ ਰਹਿਣ ਕਾਰਨ ਮਾਨਸਿਕ ਰੋਗੀ ਬਣੇ ਨੌਜਵਾਨਾਂ ਤੇ ਖੋਜ, ਬਚਾਉ ਕਿਵੇਂ ?; ਪੜ੍ਹੋ ਖੁਲਾਸੇ !

ਪੰਜਾਬੀ ਯੂਨੀਵਰਸਿਟੀ: ਆਪਣਿਆਂ ਤੋਂ ਦੂਰ ਰਹਿਣ ਕਾਰਨ ਮਾਨਸਿਕ ਰੋਗੀ ਬਣੇ ਨੌਜਵਾਨਾਂ ਤੇ ਖੋਜ, ਬਚਾਉ ਕਿਵੇਂ ?; ਪੜ੍ਹੋ ਖੁਲਾਸੇ !

Punjabi University Research: ਮਾਪਿਆਂ ਜਾਂ ਆਪਣੇ ਨੇੜਲਿਆਂ ਤੋਂ ਦੂਰ ਹੋਣ ਕਾਰਨ ਪੈਦਾ ਹੋਣ ਵਾਲ਼ੇ ਮਾਨਸਿਕ ਰੋਗ ਦੇ ਭਾਰਤੀ ਨੌਜਵਾਨਾਂ ਉੱਤੇ ਅਸਰ ਬਾਰੇ ਪੰਜਾਬੀ ਯੂਨੀਵਰਸਿਟੀ ਦੀ ਖੋਜ

Punjabi University Research: ਆਪਣੇ ਮਾਪਿਆਂ ਜਾਂ ਹੋਰ ਨੇੜਲਿਆਂ ਤੋਂ ਦੂਰ ਹੋਣ ਜਾਂ ਵਿਛੋੜੇ ਕਾਰਨ ਪੈਦਾ ਹੋਣ ਵਾਲ਼ੇ ਮਾਨਸਿਕ ਰੋਗ ‘ਅਡਲਟ ਸੈਪਰੇਸ਼ਨ ਐਂਗਜ਼ਾਇਟੀ ਡਿਸਔਰਡਰ’ ਦੇ ਭਾਰਤ ਵਿਚਲੇ ਨੌਜਵਾਨਾਂ ਉੱਤੇ ਅਸਰ ਬਾਰੇ ਪੰਜਾਬੀ ਯੂਨੀਵਰਸਿਟੀ ਵਿੱਚ ਇੱਕ ਤਾਜ਼ਾ ਅਧਿਐਨ ਕੀਤਾ ਗਿਆ ਹੈ।

ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਪ੍ਰੋ. ਹਰਪ੍ਰੀਤ ਕੌਰ ਦੀ ਅਗਵਾਈ ਵਿੱਚ ਖੋਜਾਰਥੀ ਆਸਥਾ ਵਰਮਾ ਵੱਲੋਂ ਕੀਤਾ ਗਿਆ ਇਹ ਅਧਿਐਨ ਭਾਰਤ ਵਿੱਚ ਇਸ ਖੇਤਰ ਦਾ ਪਹਿਲਾ ਅਧਿਐਨ ਹੈ।

ਏ. ਐੱਸ. ਏ. ਡੀ. ਦੇ ਸੰਖੇਪ ਨਾਮ ਨਾਲ਼ ਜਾਣੇ ਜਾਂਦੇ ਇਸ ਮਾਨਸਿਕ ਰੋਗ ਨੂੰ 2019 ਦੌਰਾਨ ਵਿਸ਼ਵ ਸਿਹਤ ਸੰਗਠਨ ਵੱਲੋਂ ਹੋਰਨਾਂ ਮਾਨਸਿਕ ਰੋਗਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਬਿਮਾਰੀਆਂ ਦੇ ਵਰਗੀਕਰਨ ਸੰਬੰਧੀ ਕੌਮਾਂਤਰੀ ਸੂਚੀ (ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ਼ ਡਿਸੀਜ਼ਜ਼) ਦੇ 11ਵੇਂ ਸੰਸਕਰਣ, ਜਿਸ ਨੂੰ ਕਿ ਆਈ.ਸੀ.ਡੀ.-11 ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ, ਵਿੱਚ ਇਸ ਮਾਨਸਿਕ ਰੋਗ ਨੂੰ ਸ਼ਾਮਿਲ ਕੀਤਾ ਗਿਆ ਹੈ।

ਪ੍ਰੋ. ਹਰਪ੍ਰੀਤ ਕੌਰ


ਨਿਗਰਾਨ ਡਾ. ਹਰਪ੍ਰੀਤ ਕੌਰ ਅਨੁਸਾਰ ਅਧਿਐਨ ਦੌਰਾਨ ਪ੍ਰਾਪਤ ਅੰਕੜੇ ਇਸ ਸੰਬੰਧੀ ਦੱਸਦੇ ਹਨ ਕਿ ਜਿਹੜੇ ਬੱਚੇ ਛੋਟੀ ਉਮਰ ਵਿੱਚ ਆਪਣੇ ਵੱਖ ਹੋਣ ਸੰਬੰਧੀ ਚਿੰਤਾ ਦਾ ਸ਼ਿਕਾਰ ਸਨ ਉਹੀ ਬੱਚੇ ਵੱਡੇ ਹੋ ਕੇ ਇਸ ਮਾਨਸਿਕ ਰੋਗ ਦਾ ਸ਼ਿਕਾਰ ਹੋਏ ਹਨ। ਖੋਜ ਦੱਸਦੀ ਹੈ ਕਿ ਜੇਕਰ ਛੋਟੀ ਬੱਚੇ ਆਪਣੇ ਮਾਪਿਆਂ ਦੇ ਨਾਲ਼ ਰਹਿੰਦੇ ਹੀ ਭਾਵਨਾਤਮਕ ਤੌਰ ਉੱਤੇ ਆਜ਼ਾਦੀ ਵਾਲ਼ੀ ਸਥਿਤੀ ਦੇ ਅਭਿਆਸੀ ਹੁੰਦੇ ਹਨ ਅਤੇ ਉਹ ਵੱਡੇ ਹੋ ਕੇ ਇਸ ਤਰ੍ਹਾਂ ਦੇ ਮਾਨਸਿਕ ਰੋਗ ਦਾ ਸ਼ਿਕਾਰ ਨਹੀਂ ਹੁੰਦੇ।

ਬਚਪਨ ਵਿੱਚ ਇਨ੍ਹਾਂ ਨੁਕਤਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ

ਉਨ੍ਹਾਂ ਕਿਹਾ ਕਿ ਖੋਜ ਦਸਦੀ ਹੈ ਕਿ ਬੱਚਿਆਂ ਦਾ ਆਪਣੇ ਮਾਪਿਆਂ ਨਾਲ ਲਗਾਓ ਤਾਂ ਹੋਵੇ ਪਰ ਇਹ ਲਗਾਓ ਘਬਰਾਟ ਵਾਲ਼ਾ ਨਾ ਹੋਵੇ। ਬੱਚਿਆਂ ਨੂੰ ਸ਼ੁਰੂਆਤ ਵਿੱਚ ਹੀ ਆਪਣੀਆਂ ਭਾਵਨਾਵਾਂ ਨੂੰ ਸਮਝਣ ਅਤੇ ਨਜਿੱਠਣ ਬਾਰੇ ਸਿਖਾਇਆ ਜਾਣਾ ਚਾਹੀਦਾ ਹੈ। ਖੋਜ ਦਸਦੀ ਹੈ ਕਿ ਜੇਕਰ ਬਚਪਨ ਵਿੱਚ ਇਨ੍ਹਾਂ ਨੁਕਤਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਉਹ ਬੱਚੇ ਵੱਡੇ ਹੋ ਕੇ ਮਾਨਸਿਕ ਉਲਝਣਾਂ ਤੋਂ ਬਚ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਏ.ਐੱਸ.ਏ.ਡੀ. ਰੋਗ ਪੀੜਿਤ ਬਾਲਗਾਂ ਅਤੇ ਮਾਨਸਿਕ ਪੱਖੋਂ ਤੰਦਰੁਸਤ ਬਾਲਗਾਂ ਦੇ ਪ੍ਰਾਪਤ ਅੰਕੜਿਆਂ ਦੇ ਤੁਲਨਾਤਮਕ ਅਧਿਐਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਾਨਸਿਕ ਪੱਖੋਂ ਤੰਦਰੁਸਤ ਬਾਲਗ ਉਹੀ ਸਨ ਜਿਨ੍ਹਾਂ ਨੇ ਆਪਣੇ ਬਚਪਨ ਵਿੱਚ ਮਾਪਿਆਂ ਦੇ ਨਾਲ਼ ਰਹਿੰਦੇ ਹੋਏ ਵੀ ਆਪਣੀ ਇੱਕ ਆਜ਼ਾਦ ਹੋਂਦ ਵਿਕਸਿਤ ਕਰ ਲਈ ਸੀ। ਅਜਿਹੇ ਬੱਚੇ ਜ਼ਿੰਦਗੀ ਵਿਚਲੀ ਕਿਸੇ ਵੀ ਅਨਿਸ਼ਚਿਤਤਾ ਲਈ ਤਿਆਰ-ਬਰ-ਤਿਆਰ ਵਾਲ਼ੀ ਮਜ਼ਬੂਤ ਮਾਨਸਿਕ ਸਥਿਤੀ ਵਿੱਚ ਸਨ।

339 ਕਾਲਜਾਂ/ ਯੂਨੀਵਰਸਿਟੀਆਂ ਦੇ ਹੋਸਟਲਾਂ /ਪੀ.ਜੀ. ਵਿੱਚ ਇਸ ਮਾਨਸਿਕ ਰੋਗ ਦੇ ਹੋਣ ਬਾਰੇ ਜਾਂਚ ਕੀਤੀ

ਖੋਜਾਰਥੀ ਆਸਥਾ ਵਰਮਾ ਨੇ ਦੱਸਿਆ ਕਿ ਇਸ ਤਾਜ਼ਾ ਅਧਿਐਨ ਵਿੱਚ ਬਾਲਗ ਉਮਰ ਦੇ ਲੜਕੇ ਲੜਕੀਆਂ ਦਾ ਸਮੂਹ, ਜਿਨ੍ਹਾਂ ਵਿੱਚੋਂ ਵਿੱਚੋਂ 51.33 ਫ਼ੀਸਦੀ ਵਿਦਿਆਰਥੀ ਭਾਰਤ ਦੇ ਵੱਖ-ਵੱਖ ਸੂਬਿਆਂ ਦੇ 339 ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਹੋਸਟਲਾਂ ਜਾਂ ਪੀ.ਜੀ. ਵਿੱਚ ਰਹਿੰਦੇ ਸਨ, ਵਿੱਚ ਇਸ ਮਾਨਸਿਕ ਰੋਗ ਦੇ ਹੋਣ ਬਾਰੇ ਜਾਂਚ ਕੀਤੀ ਗਈ। ਜਾਂਚ ਦੌਰਾਨ ਜੁਟਾਏ ਗਏ ਅੰਕੜਿਆਂ ਦਾ ਵੱਖ-ਵੱਖ ਪੱਧਰਾਂ ਉੱਤੇ ਵਿਸ਼ਲੇਸ਼ਣ ਕੀਤਾ ਗਿਆ। ਖੋਜ ਦੌਰਾਨ ਵੱਖ-ਵੱਖ ਨਤੀਜੇ ਸਾਹਮਣੇ ਆਏ।

ਲੜਕਿਆਂ ਵਿੱਚ ਇਸ ਪੱਖੋਂ ਆਪਣੇ ਰੋਗ ਬਾਰੇ ਜਾਗਰੂਕਤਾ ਦੀ ਕਮੀ

ਲਿੰਗ ਅਧਾਰਿਤ ਵਖਰੇਵੇਂ ਵੀ ਨਜ਼ਰ ਆਏ ਜਿਵੇਂ ਕਿ ਲੜਕਿਆਂ ਵਿੱਚ ਇਸ ਪੱਖੋਂ ਆਪਣੇ ਰੋਗ ਬਾਰੇ ਜਾਗਰੂਕਤਾ ਦੀ ਕਮੀ ਵੇਖਣ ਨੂੰ ਮਿਲੀ। ਖੋਜ ਦੌਰਾਨ ਪ੍ਰਾਪਤ ਅੰਕੜਿਆਂ ਦੇ ਵਿਸ਼ਲੇਸ਼ਣ ਰਾਹੀਂ ਇਸ ਡਿਸੌਅਰਡਰ ਦੀਆਂ ਪਛਾਣਾਂ, ਵਿਭਿੰਨਤਾਵਾਂ, ਦੁਰਪ੍ਰਭਾਵਾਂ ਆਦਿ ਬਾਰੇ ਬਰੀਕੀ ਨਾਲ਼ ਜਾਣਿਆ ਗਿਆ। ਉਨ੍ਹਾਂ ਦੱਸਿਆ ਕਿ ਭਾਰਤ ਦੇ 13 ਵੱਖ-ਵੱਖ ਰਾਜਾਂ ਵਿੱਚੋਂ ਪ੍ਰਾਪਤ ਅੰਕੜਿਆਂ ਉੱਤੇ ਅਧਾਰਿਤ ਇਸ ਅਧਿਐਨ ਰਾਹੀਂ ਸੁਝਾਇਆ ਗਿਆ ਕਿ ਸਕੂਲ ਅਤੇ ਯੂਨੀਵਰਸਿਟੀ ਪੱਧਰ ਉੱਤੇ ਵਿਸ਼ੇਸ਼ ਪ੍ਰੋਗਰਾਮ ਲਾਗੂ ਹੋਣੇ ਚਾਹੀਦੇ ਹਨ ਤਾਂ ਕਿ ਨੌਜਵਾਨਾਂ ਨੂੰ ਇਸ ਮਾਨਸਿਕ ਰੋਗ ਤੋਂ ਪੈਦਾ ਹੋਣ ਵਾਲ਼ੇ ਸੰਭਾਵਿਤ ਜੋਖ਼ਮਾਂ ਤੋਂ ਬਚਾਇਆ ਜਾ ਸਕੇ।

ਅਜਿਹੇ ਪ੍ਰੋਗਰਾਮਾਂ ਨਾਲ਼ ਇਸ ਮਾਨਸਿਕ ਰੋਗ ਤੋਂ ਪ੍ਰਭਾਵਿਤ ਨੌਜਵਾਨ ਲੜਕੇ ਲੜਕੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਾਜ਼ਾ ਅਧਿਐਨ ਰਾਹੀਂ ਪ੍ਰਾਪਤ ਨਤੀਜਿਆਂ ਅਤੇ ਅੰਕੜਿਆਂ ਦੀ ਵਰਤੋਂ ਮਨੋਵਿਗਿਆਨਕ ਮਾਹਿਰਾਂ ਵੱਲੋਂ ਅਗਲੇਰੀਆਂ ਖੋਜਾਂ ਲਈ ਜਾਂ ਇਸ ਮਾਨਸਿਕ ਰੋਗਾਂ ਤੋਂ ਪੀੜਿਤ ਲੋਕਾਂ ਦੇ ਇਲਾਜ ਵਿੱਚ ਵੀ ਮਦਦਗਾਰ ਹੋਵੇਗੀ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦੇ ਦੌਰ ਵਿੱਚ ਜਦੋਂ ਜ਼ਿੰਦਗੀ ਜਿਉਣ ਦਾ ਢੰਗ ਗੁੰਝਲ਼ਦਾਰ ਹੋ ਰਿਹਾ ਹੈ ਤਾਂ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੀ ਸਥਿਤੀ ਵਿੱਚ ਮਾਨਸਿਕ ਸਿਹਤ ਦੇ ਖੇਤਰ ਵਿੱਚ ਹੋਰ ਵਧੇਰੇ ਖੋਜਾਂ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ। ਪੰਜਾਬੀ ਯੂਨੀਵਰਸਿਟੀ ਇਸ ਗੱਲੋਂ ਵਧਾਈ ਦੀ ਪਾਤਰ ਹੈ ਕਿ ਇੱਥੇ ਗਿਆਨ ਵਿਗਿਆਨ ਦੇ ਹਰ ਖੇਤਰ ਵਿੱਚ ਸੰਸਾਰ ਪੱਧਰ ਉੱਤੇ ਚੱਲ ਰਹੇ ਰੁਝਾਨਾਂ ਨਾਲ਼ ਬਰ ਮੇਚਣ ਵਾਲ਼ੀਆਂ ਖੋਜਾਂ ਹੋ ਰਹੀਆਂ ਹਨ।

dawn punjab
Author: dawn punjab

Leave a Comment

RELATED LATEST NEWS

Top Headlines

ਵਿਧਾਇਕ ਕੁਲਵੰਤ ਸਿੰਘ ਨੇ ਰੱਖਿਆ ਪਿੰਡ ਜਗਤਪੁਰਾ ਤੋਂ ਕੰਡਾਲਾ ਸੜਕ ਦਾ ਨੀਂਹ ਪੱਥਰ

ਇਕ ਕਰੋੜ ਰੁਪਏ ਦੀ ਲਾਗਤ ਨਾਲ ਪੀ.ਡਬਲਿਊ.ਡੀ. ਬਣਾਵੇਗਾ ਤਿੰਨ ਮਹੀਨਿਆਂ ਦੇ ਅੰਦਰ ਸੜਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ:ਪੰਜਾਬ ਦੇ ਵਿੱਚ ਸਰਬਪੱਖੀ

Live Cricket

Rashifal