ਮੁੱਖ ਮੰਤਰੀ ਲੋਕਾਂ ਨੂੰ ਦੱਸਣ ਕਿ ਪੰਜਾਬ ਦੇ ਟੈਕਸ ਦਾਤਿਆਂ ਦਾ ਪੈਸਾ ਕਿਥੇ ਖਰਚ ਕੀਤਾ ਜਾ ਰਿਹੈ, ਪਬਲੀਸਿਟੀ ਸਟੰਗ ਤੇ ਅਰਵਿੰਦ ਕੇਜਰੀਵਾਲ ਦੇ ਹਵਾਈ ਸਫਰ ’ਤੇ ਹੋ ਰਹੇ ਖਰਚ ਦਾ ਵੀ ਦਿੱਤਾ ਹਵਾਲਾ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਬੈਂਕਾਂ ਵੱਲੋਂ ਦਿੱਤੇ ਜਾਂਦੇ ਘਰੇਲੂ ਤੇ ਵਾਹਨ ਖਰੀਦਣ ਦੇ ਕਰਜ਼ਿਆਂ ’ਤੇ ਅਸ਼ਟਾਮ ਡਿਊਟੀ ਲਗਾਉਣ ਅਤੇ ਮੁਖ਼ਤਿਆਰਨਾਮਿਆਂ ਰਾਹੀਂ ਜਾਇਦਾਦ ਦੀ ਮਲਕੀਅਤ ਤਬਦੀਲ ਕਰਨ ’ਤੇ ਦੋ ਫੀਸਦੀ ਅਸ਼ਟਾਮ ਡਿਊਟੀ ਲਗਾਉਣ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਸਰਕਾਰ ਜਿਸਨੇ ਆਮ ਲੋਕਾਂ ਦੀ ਪ੍ਰਤੀਨਿਧਤਾ ਕਰਨੀ ਹੁੰਦੀ ਹੈ, ਉਹ ਅਜਿਹੇ ਟੈਕਸ ਲਗਾ ਕੇ ਆਮ ਲੋਕਾਂ ’ਤੇ ਬੋਝ ਪਾ ਰਹੀ ਹੈ ਜਿਹਨਾਂ ਬਾਰੇ ਪਹਿਲਾਂ ਕਦੇ ਸੁਣਿਆ ਹੀ ਨਹੀਂ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹਨਾਂ ਦੋ ਫੈਸਲਿਆਂ ਦੀ ਬਦੌਲਤ ਪੰਜਾਬ ਦੀ ਆਮ ਜਨਤਾ ਸਿਰ 1000 ਕਰੋੜ ਰੁਪਏ ਦਾ ਬੋਝ ਪੈ ਜਾਵੇਗਾ ਜਦੋਂ ਕਿ ਲੋਕ ਪਹਿਲਾਂ ਹੀ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਹੋਣ ਦਾ ਖਮਿਆਜ਼ਾ ਭੁਗਤ ਰਹੇ ਹਨ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਰੋਜ਼ਾਨਾ ਆਮ ਆਦਮੀ ’ਤੇ ਟੈਕਸ ਥੋਪਣ ਦੇ ਢੰਗ ਤਰੀਕੇ ਲੱਭ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਭਾਰਤੀ ਅਸ਼ਟਾਮ ਐਕਟ ਵਿਚ ਸੋਧ ਕਰ ਕੇ ਬੈਂਕਾਂ ਦੇ ਨਾਲ-ਨਾਲ ਕਰਜ਼ੇ ਦੇਣ ਵਾਲੀਆਂ ਕੰਪਨੀਆਂ ਵੱਲੋਂ ਦਿੱਤੇ ਜਾਂਦੇ ਕਰਜ਼ ’ਤੇ 0.25 ਫੀਸਦੀ ਅਸ਼ਟਾਮ ਡਿਊਟੀ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਨਾਲ ਵਾਹਨ ਅਤੇ ਘਰੇਲੂ ਕਰਜ਼ਾ ਦੋਵੇਂ ਮਹਿੰਗੇ ਹੋ ਜਾਣਗੇ।
ਸਰਦਾਰ ਮਜੀਠੀਆ ਨੇ ਕਿਹਾ ਕਿ ਸਰਕਾਰ ਨੇ ਮੁਖ਼ਤਿਆਰਨਾਮੇ ਆਮ ਤੇ ਖਾਸ ਰਾਹੀਂ ਜਾਇਦਾਦ ਦੀ ਮਲਕੀਅਤ ਤਬਦੀਲੀ ’ਤੇ ਵੀ ਦੋ ਫੀਸਦੀ ਅਸ਼ਟਾਮ ਡਿਊਟੀ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਅਜਿਹਾ ਕਰ ਕੇ ਉਹਨਾਂ ਲੋਕਾਂ ’ਤੇ ਬੇਲੋੜਾ ਬੋਝ ਪਾਇਆ ਗਿਆ ਹੈ, ਜੋ ਆਪਣੇ ਸਗੇ ਰਿਸ਼ਤੇਦਾਰਾਂ ਦੇ ਨਾਂ ਜਾਇਦਾਦਾਂ ਤਬਦੀਲ ਕਰਵਾਉਂਦੇ ਹਨ।
ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਪੰਜਾਬ ਦੇ ਟੈਕਸ ਦਾਤਿਆਂ ਦਾ ਪੈਸਾ ਕਿਥੇ ਖਰਚ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੋ ਸਾਲਾਂ ਵਿਚ ਵਿਕਾਸ ਜਾਂ ਬੁਨਿਆਦੀ ਢਾਂਚੇ ਦੀ ਸਿਰਜਣਾ ਦੇ ਨਾਂ ’ਤੇ ਇਸ ਸਰਕਾਰ ਕੋਲ ਵਿਖਾਉਣ ਲਈ ਕੱਖ ਨਹੀਂ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪਹਿਲਾਂ ਵਾਂਗੂ ਹਜ਼ਾਰਾਂ ਕਰੋੜਾਂ ਰੁਪਏ ਸਸਤੀ ਸ਼ੋਹਰਤ ਤੇ ਸਵੈ ਪ੍ਰਚਾਰ ’ਤੇ ਖਰਚ ਦਿੱਤੇ ਗਏ ਤੇ ਨਾਲ ਹੀ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਚਾਰਟਡ ਜਹਾਜ਼ ਨੂੰ ਕਿਰਾਏ ’ਤੇ ਲੈਣ ਲਈ ਪੈਸਾ ਲਗਾਇਆ ਗਿਆ ਤੇ ਪੰਜਾਬੀਆਂ ਦੀ ਭਲਾਈ ਵਾਸਤੇ ਕੱਖ ਨਹੀਂ ਕੀਤਾ ਗਿਆ। ਉਹਨਾਂ ਮੰਗ ਕੀਤੀ ਕਿ ਦੋਵੇਂ ਫੈਸਲੇ ਤੁਰੰਤ ਵਾਪਸ ਲਏ ਜਾਣ।
ਉਹਨਾਂ ਕਿਹਾ ਕਿ ਅਕਾਲੀ ਦਲ ਦੀ ਮੰਗ ਹੈ ਕਿ ਭਾਰਤੀ ਅਸ਼ਟਾਮ ਐਕਟ ਤੇ ਰਜਿਸਟਰੇਸ਼ਨ ਬਿੱਲ ਰਾਹੀਂ ਲਗਾਈ ਗਈ ਅਸ਼ਟਾਮ ਡਿਊਟੀ ਤੁਰੰਤ ਵਾਪਸ ਲਈ ਜਾਵੇ ਕਿਉਂਕਿ ਇਸ ਨਾਲ ਆਮ ਲੋਕਾਂ ਲਈ ਵਾਹਨ ਤੇ ਘਰ ਲੈਣੇ ਮਹਿੰਗੇ ਹੋ ਜਾਣਗੇ।