ਆਸ ਕਰਦੇ ਹਾਂ ਕਿ ਰਣਬੀਰ ਸਿੰਘ ਢਿੱਲੋਂ ਰਾਣਾ ਸਖ਼ਤ ਮਿਹਨਤ ਕਰ ਕੇ ਵਿਦਿਆਰਥੀਆਂ ਦੇ ਨਾਲ ਰਲ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨਗੇ: ਡਾ. ਚੀਮਾ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਨੌਜਵਾਨ, ਗਤੀਸ਼ੀਲ ਤੇ ਸਖ਼ਤ ਮਿਹਨਤੀ ਆਗੂ ਸਰਦਾਰ ਰਣਬੀਰ ਸਿੰਘ ਢਿੱਲੋਂ ਰਾਣਾ ਨੂੰ ਪਾਰਟੀ ਦੇ ਵਿਦਿਆਰਥੀ ਵਿੰਗ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ ਹੈ।
ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ ਰਣਜੀਤ ਸਿੰਘ ਢਿੱਲੋਂ ਰਾਣਾ ਇਕ ਮਿਹਨਤੀ ਤੇ ਨੌਜਵਾਨ ਆਗੂ ਹੈ ਜੋ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਨਾਲ ਰਲ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਕੰਮ ਕਰਨਗੇ। ਉਹਨਾਂ ਕਿਹਾ ਕਿ ਐਸ ਓ ਆਈ ਦੀਆਂ ਪੰਜਾਬ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਤੇ ਕੁਝ ਬਾਹਰਲੀਆਂ ਯੂਨੀਵਰਸਿਟੀਆਂ ਵਿਚ ਸ਼ਾਖ਼ਾਵਾਂ ਹਨ। ਉਹਨਾਂ ਕਿਹਾ ਕਿ ਨੌਜਵਾਨ ਸ਼ਕਤੀ ਇਸ ਵੇਲੇ ਸਭ ਤੋਂ ਮਜ਼ਬੂਤ ਹੈ ਤੇ ਨੌਜਵਾਨਾਂ ਨ ਸਮਝ ਲਿਆ ਹੈ ਕਿ ਕਾਂਗਰਸ ਤੇ ਆਪ ਨੇ ਨੌਜਵਾਨ ਵਰਗ ਨਾਲ ਧੋਖਾ ਕੀਤਾ ਹੈ ਅਤੇ ਹੁਣ ਉਹ ਐਸ ਓ ਆਈ ਜ਼ਰੀਏ ਅਕਾਲੀ ਦਲ ਨਾਲ ਵੱਡੀ ਗਿਣਤੀ ਵਿਚ ਜੁੜ ਰਹੇ ਹਨ।
ਉਹਨਾਂ ਨੇ ਐਸ ਓ ਆਈ ਦੇ ਕੌਮੀ ਪ੍ਰਧਾਨ ਨੂੰ ਨਵੀਂ ਨਿਯੁਕਤੀ ਲਈ ਸ਼ੁਭ ਇੱਛਾਵਾਂ ਵੀ ਭੇਂਟ ਕੀਤੀਆਂ।