ਅਥਲੈਟਿਕਸ 100 ਮੀਟਰ ਦੌੜ ਵਿੱਚ ਰਾਸ਼ਟਰੀ ਸੋਨੇ ਦਾ ਤਗਮਾ ਜਿੱਤਣ ਵਾਲੇ ਵਿਵੇਕ ਸ਼ਰਮਾ ਦਾ ਕੀਤਾ ਸਨਮਾਨ
ਮੋਹਾਲੀ:
ਅਥਲੈਟਿਕਸ ਦੀ ਖੇਡ ਵਿੱਚ 100 ਮੀਟਰ ਦੀ ਦੌੜ ਵਿੱਚ ਰਾਸ਼ਟਰੀ ਪੱਧਰ ਤੇ ਸੋਨੇ ਦਾ ਤਗਮਾ ਜਿੱਤਣ ਵਾਲੇ ਅੰਗਹੀਣ ਵਿਵੇਕ ਸ਼ਰਮਾ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਕਮੇਟੀ ਅਤੇ ਸੋਹਾਣਾ ਦੇ ਨਿਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਰਵਿੰਦਰ ਸਿੰਘ ਸੋਹਾਣਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਨੌਜਵਾਨਾਂ ਨੂੰ ਫੌਰੀ ਤੌਰ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਹਨਾਂ ਦਾ ਹੌਸਲਾ ਵਧਾਇਆ ਜਾਵੇ।
ਜਿਕਰਯੋਗ ਹੈ ਕਿ ਵਿਵੇਕ ਸ਼ਰਮਾ ਸੋਹਾਣਾ ਦਾ ਵਸਨੀਕ ਹੈ ਅਤੇ ਪਿਛਲੇ ਦਿਨੀ ਗੋਆ ਵਿਖੇ ਰਾਸ਼ਟਰੀ ਖੇਡਾਂ ਵਿੱਚ 100 ਮੀਟਰ ਦੌੜ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਆਇਆ ਹੈ।
ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਵਿਵੇਕ ਸ਼ਰਮਾ ਇੱਕ ਆਮ ਸਧਾਰਨ ਪਰਿਵਾਰ ਤੋ ਸੰਬੰਧ ਰੱਖਦਾ ਹੈ ਅਤੇ ਪਿੰਡ ਸੋਹਾਣਾ ਦਾ ਹੀ ਜੰਮਪਲ ਹੈ। ਉਹਨਾਂ ਕਿਹਾ ਕਿ ਇਹ ਬੜੇ ਮਾਣ ਦੀ ਗੱਲ ਹੈ ਕਿ ਅੰਗਹੀਣ ਹੋਣ ਦੇ ਬਾਵਜੂਦ ਵਿਵੇਕ ਸ਼ਰਮਾ ਨੇ ਹੌਸਲਾ ਨਹੀਂ ਛੱਡਿਆ ਅਤੇ ਅਥਲੈਟਿਕਸ ਦੀ ਖੇਡ ਵਿੱਚ ਖਾਸ ਤੌਰ ਤੇ 100 ਮੀਟਰ ਦੀ ਦੌੜ ਵਿੱਚ ਰਾਸ਼ਟਰੀ ਸੋਨ ਤਗਮਾ ਜਿੱਤਣ ਵਿੱਚ ਸਫਲ ਰਿਹਾ ਹੈ। ਉਹਨਾਂ ਕਿਹਾ ਕਿ ਇਸ ਖਿਡਾਰੀ ਅਤੇ ਇਸ ਦੇ ਪਰਿਵਾਰ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ।
ਪਰਵਿੰਦਰ ਸਿੰਘ ਸੋਹਾਣਾ ਨੇ ਖਾਸ ਤੌਰ ਤੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਵਿਵੇਕ ਸ਼ਰਮਾ ਵਰਗੇ ਨੌਜਵਾਨਾਂ ਦੀ ਹੌਸਲਾ ਅਫਜਾਈ ਲਈ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਵਿਵੇਕ ਸ਼ਰਮਾ ਨੂੰ ਸਰਕਾਰੀ ਨੌਕਰੀ ਫੌਰੀ ਤੌਰ ਤੇ ਦਿੱਤੀ ਜਾਵੇ ਤਾਂ ਜੋ ਇਸ ਦਾ ਮਨੋਬਲ ਹੋਰ ਵੱਧ ਸਕੇ ਅਤੇ ਇਹ ਅੰਤਰਰਾਸ਼ਟਰੀ ਪੱਧਰ ਤੇ ਕੀਰਤੀਮਾਨ ਸਥਾਪਿਤ ਕਰ ਸਕੇ ਜੋ ਕਿ ਸਾਡੇ ਦੇਸ਼ ਵਾਸਤੇ ਵੀ ਮਾਣ ਦੀ ਗੱਲ ਹੋਵੇਗੀ।
ਇਸ ਮੌਕੇ ਹਰਜਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸ਼ਹੀਦਾਂ ਕਮੇਟੀ, ਹਰਵਿੰਦਰ ਸਿੰਘ ਨੰਬਰਦਾਰ ਨਰਿੰਦਰ ਸਿੰਘ ਕੰਗ ਖੇਡ ਪ੍ਰਮੋਟਰ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।