ਫਤਿਹਗੜ੍ਹ ਸਾਹਿਬ ਜਾਂ ਰੋਪੜ ਤੋਂ ਲਿਆਉਣੇ ਪੈਂਦੇ ਹਨ ਅਸ਼ਟਾਮ ਪੇਪਰ
ਮੋਹਾਲੀ: ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲੋਕਾਂ ਨੂੰ ਘਰ ਘਰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਨੂੰ ਸਿਰੇ ਦਾ ਧੋਖਾ ਕਰਾਰ ਦਿੱਤਾ ਹੈ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੂਰੇ ਮੋਹਾਲੀ ਜਿਲ੍ਹੇ ਵਿੱਚ ਵਿਆਹ ਦੀ ਰਜਿਸਟਰੇਸ਼ਨ ਕਰਵਾਉਣ ਵਾਸਤੇ ਅਸ਼ਟਾਮ ਪੇਪਰ ਹੀ ਉਪਲਬਧ ਨਹੀਂ ਹਨ। ਉਹਨਾਂ ਕਿਹਾ ਕਿ ਵਿਆਹ ਦੀ ਰਜਿਸਟਰੇਸ਼ਨ ਵਾਸਤੇ 1500 ਦੇ ਅਸ਼ਟਾਮ ਪੇਪਰਾਂ ਦੀ ਲੋੜ ਹੁੰਦੀ ਹੈ ਅਤੇ ਜਦੋਂ ਲੋਕ ਮੋਹਾਲੀ ਤਹਸੀਲ ਵਿੱਚ ਰਜਿਸਟਰੇਸ਼ਨ ਲਈ ਜਾਂਦੇ ਹਨ ਤਾਂ ਉੱਥੇ ਅਸ਼ਟਾਮ ਪੇਪਰ ਹੀ ਉਪਲਬਧ ਨਹੀਂ ਹਨ।
ਉਹਨਾਂ ਕਿਹਾ ਕਿ ਮੋਹਾਲੀ ਵਿੱਚ ਅਸ਼ਟਾਮ ਪੇਪਰ ਵੇਚਣ ਵਾਲੇ ਅਸਟਾਮ ਵੈਂਡਰ ਦੱਸਦੇ ਹਨ ਕਿ ਇਹ ਸਮੱਸਿਆ ਅੱਜ ਦੀ ਨਹੀਂ ਸਗੋਂ ਪਿਛਲੇ ਚਾਰ ਮਹੀਨਿਆਂ ਤੋਂ ਇਹ ਸਮੱਸਿਆ ਆ ਰਹੀ ਹੈ। ਉਹਨਾਂ ਕਿਹਾ ਕਿ ਵੈਂਡਰ ਲੋਕਾਂ ਨੂੰ ਕਹਿੰਦੇ ਹਨ ਕਿ ਉਹ ਫਤਿਹਗੜ੍ਹ ਸਾਹਿਬ ਜਾਂ ਰੋਪੜ ਤੋਂ ਜਾ ਕੇ ਅਸ਼ਟਾਮ ਪੇਪਰ ਲਿਆਉਣ ਕਿਉਂਕਿ ਇਹ ਅਸਟਾਮ ਇਹਨਾਂ ਦੋਹਾਂ ਜ਼ਿਲ੍ਹਿਆਂ ਵਿੱਚ ਉਪਲਬਧ ਹਨ। ਉਹਨਾਂ ਕਿਹਾ ਕਿ ਇਸ ਨਾਲ ਲੋਕਾਂ ਦਾ ਪੈਸਾ ਸਮਾਂ ਅਤੇ ਸੋਮਿਆਂ ਦੀ ਬਰਬਾਦੀ ਹੁੰਦੀ ਹੈ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਾਲੀ ਦੇ ਲੋਕ ਅਸ਼ਟਾਮ ਪੇਪਰਾਂ ਵਾਸਤੇ ਥਾਂ ਥਾਂ ਧੱਕੇ ਖਾ ਰਹੇ ਹਨ ਤੇ ਸਰਕਾਰ ਲੋਕਾਂ ਨੂੰ ਘਰ ਵਿੱਚ ਸੁਵਿਧਾਵਾਂ ਦੇਣ ਦੇ ਪੁੱਲ ਬੰਨ੍ਹ ਕੇ ਵਾਧੂ ਦੇ ਸਿਹਰੇ ਖੱਟ ਰਹੀ ਹੈ ਜਦੋਂ ਕਿ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ।
ਉਹਨਾਂ ਕਿਹਾ ਕਿ ਸਰਕਾਰ ਦੀ ਕਹਿਣੀ ਅਤੇ ਕਥਨੀ ਵਿਚਾਲੇ ਜਮੀਨ ਅਸਮਾਨ ਦਾ ਅੰਤਰ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਫਲੈਕਸਾਂ ਉੱਤੇ ਮਸ਼ਹੂਰੀਆਂ ਲਗਾਉਣ ਵਾਲੀ ਸਰਕਾਰ ਬਣ ਕੇ ਰਹਿ ਗਈ ਹੈ ਅਤੇ ਹਕੀਕੀ ਤੌਰ ਤੇ ਬੁਰੀ ਤਰ੍ਹਾਂ ਫੇਲ੍ਹ ਸਰਕਾਰ ਹੈ।
ਉਹਨਾਂ ਅਵਾਮ ਦੀ ਖੱਜਲ-ਖੁਆਰੀ ਨੂੰ ਦੇਖਦਿਆਂ ਮੰਗ ਕੀਤੀ ਕਿ ਮੋਹਾਲੀ ਜ਼ਿਲ੍ਹੇ ਵਿੱਚ ਫੌਰੀ ਤੌਰ ਤੇ ਅਸ਼ਟਾਮ ਮੁਹਈਆ ਕਰਵਾਈ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ।