Follow us

17/03/2025 4:51 am

Search
Close this search box.
Home » News In Punjabi » ਚੰਡੀਗੜ੍ਹ » ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਦਾ ਆਯੋਜਨ

ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਦਾ ਆਯੋਜਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ : 

ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਪੁਆਧੀ ਮੰਚ, ਮੋਹਾਲੀ ਦੇ ਸਹਿਯੋਗ ਨਾਲ ਮਿਤੀ 29.12.2023 ਨੂੰ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ ਅਤੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸ਼ਾਨਾਮੱਤੇ ਪਹਿਲੂਆਂ ਬਾਰੇ ਗੱਲ ਕਰਦਿਆਂ ਨਮਨ ਕੀਤਾ ਗਿਆ। ਉਨ੍ਹਾਂ ਆਖਿਆ ਕਿ ਅਜਿਹੀ ਸ਼ਹਾਦਤ ਦੀ ਦੁਨੀਆ ਵਿਚ ਕੋਈ ਮਿਸਾਲ ਨਹੀਂ ਮਿਲਦੀ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਦਫਤਰ ਜਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।

ਮੁੱਖ ਮਹਿਮਾਨ ਸ਼੍ਰੀ ਜੀ.ਕੇ.ਸਿੰਘ ਧਾਲੀਵਾਲ (ਸੇਵਾਮੁਕਤ ਆਈ.ਏ.ਐੱਸ.) ਵੱਲੋਂ ‘ਸਾਕਾ’ ਸ਼ਬਦ ਦੇ ਇਤਿਹਾਸਕ ਮਹੱਤਵ ਬਾਰੇ ਗੱਲ ਕਰਦਿਆਂ ਆਖਿਆ ਗਿਆ ਕਿ ਸਾਡੀ ਅਜੋਕੀ ਪੀੜ੍ਹੀ ਜਾਣਕਾਰੀ ਅਤੇ ਗਿਆਨ ਵਿਚਲਾ ਫਰਕ ਕਰਨ ਪੱਖੋਂ ਪੱਛੜ ਰਹੀ ਹੈ। ਸਾਨੂੰ ਭਵਿੱਖਤ ਪੀੜ੍ਹੀਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਬੌਧਿਕ ਵਿਕਾਸ ਤੋਂ ਬਿਨਾਂ ਕਿਸੇ ਕੌਮ ਦਾ ਕੋਈ ਭਵਿੱਖ ਸੰਭਵ ਨਹੀਂ। ਸਮਾਗਮ ਦੇ ਮੁੱਖ ਵਕਤਾ ਅਤੇ ਉੱਘੇ ਚਿੰਤਕ ਪ੍ਰੋ. ਹਰਪਾਲ ਸਿੰਘ ਪੰਨੂ ਵੱਲੋਂ ਸ੍ਰੋਤਿਆਂ ਦੇ ਮੁਖ਼ਾਤਿਬ ਹੁੰਦਿਆਂ ਆਖਿਆ ਗਿਆ ਕਿ ਸਾਨੂੰ ਗੁਰੂ ਸਾਹਿਬ ਨੇ ਜਾਤ-ਪਾਤ ਤੋਂ ਉੱਪਰ ਉੱਠ ਕੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਇਤਿਹਾਸਕ ਮਿਥਿਹਾਸਕ ਹਵਾਲਿਆਂ ਦੇ ਨਾਲ ਗੱਲ ਨੂੰ ਅੱਗੇ ਤੋਰਦੇ ਹੋਏ ਆਖਿਆ ਕਿ ਇਸ ਸਫ਼ਰ-ਏ-ਸ਼ਹਾਦਤ ਵਿਚ ਮਾਤਾ ਗੁਜਰੀ ਜੀ ਨੇ ਮਹਾਂਭਾਰਤ ਦੇ ਮੈਦਾਨ ਵਿਚਲੇ ਕ੍ਰਿਸ਼ਨ ਵਰਗਾ ਰੋਲ ਅਦਾ ਕੀਤਾ। ਉਨ੍ਹਾਂ ਇਹ ਵੀ ਆਖਿਆ ਕਿ ਗੁਰੂ ਜੀ ਦਾ ਸਾਰਾ ਪਰਿਵਾਰ ਕੋਈ ਨਿੱਜੀ ਲੜਾਈ ਨਹੀਂ ਸਗੋਂ ਸਮਾਜਿਕ ਪਰਿਵਰਤਨ ਲਈ ਲੜ ਰਿਹਾ ਸੀ। ਉਹਨਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਨਾਲ-ਨਾਲ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੇ ਜੀਵਨ ਅਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਤੱਕ ਦਾ ਵੀ ਇਤਿਹਾਸ ਸਾਂਝਾ ਕੀਤਾ। 

ਇਸ ਸਮਾਗਮ ਦੌਰਾਨ ਰਾਜੂ ਨਾਹਰ ਵੱਲੋਂ ਗੀਤ ‘ਪ੍ਰਣਾਮ ਸ਼ਹੀਦਾਂ ਨੂੰ’, ਡਾ. ਹੁਸਨਵੀਰ ਵੱਲ਼ੋਂ ‘ਮਿੱਤਰ ਪਿਆਰੇ ਨੂੰ, ਹਾਲ ਮੁਰੀਦਾ ਦਾ ਕਹਿਣਾ’, ਮਾਸਟਰ ਸਤੀਸ਼ ਵਿਦਰੋਹੀ ਵੱਲੋਂ ਸ਼ਹਾਦਤ ਨਾਲ ਸਬੰਧਤ ਪੁਆਧੀ ਕਵਿਤਾ, ਸ੍ਰੀ ਭੁਪਿੰਦਰ ਮਟੌਰੀਆ ਜੀ ਵੱਲੋਂ ‘ਫੁੱਲਾਂ ਨਾਲੋਂ ਨਾਜ਼ੁਕ ਬੱਚੇ, ਦਿੰਦੇ ਜ਼ਾਲਮ ਕਸ਼ਟ ਬੜੇ’, ਪ੍ਰੋ. ਗੁਰਜੋਧ ਕੌਰ ਵੱਲੋਂ ਸੋਹਣ ਸਿੰਘ ਸ਼ੀਤਲ ਦੀ ਕਵਿਤਾ ਅਤੇ ਡਾ. ਜਗਮੋਹਨ ਵੱਲੋਂ ਕਵਿਤਾ ‘ਬਰਾਤ’ ਪੇਸ਼ ਕੀਤੀ ਗਈ। 

ਇਸ ਮੌਕੇ ਅਨੇਕ ਅਦਬੀ ਸ਼ਖ਼ਸੀਅਤਾਂ ਜਿਵੇਂ ਸੰਜੀਵਨ ਸਿੰਘ, ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ, ਪ੍ਰੋ. ਜਲੌਰ ਸਿੰਘ ਖੀਵਾ, ਕਰਮਜੀਤ ਸਿੰਘ ਚਿੱਲਾ,  ਨਰਿੰਦਰ ਕੁਮਾਰ ਮਨੌਲੀ, ਰਾਜਵਿੰਦਰ ਸਿੰਘ ਬਠਲਾਣਾ, ਡਾ. ਗੁਰਮੀਤ ਸਿੰਘ ਬੈਦਵਾਣ, ਦਵਿੰਦਰ ਕੌਰ ਢਿਲੋਂ, ਪਿਆਰਾ ਸਿੰਘ ਰਾਹੀ, ਸਤਬੀਰ ਕੌਰ, ਡਾ. ਸੁਨੀਤਾ ਸੈਣੀ, ਗੁਰਮੇਲ ਸਿੰਘ ਸਿੱਧੂ, ਡਾ. ਪੰਨਾ ਲਾਲ ਮੁਸਤਾਫ਼ਾਬਾਦੀ, ਬਲਜਿੰਦਰ ਕੌਰ ਸ਼ੇਰਗਿੱਲ, ਜਸਵਿੰਦਰ ਸਿੰਘ ਕਾਈਨੌਰ, ਬਲਜੀਤ ਸਿੰਘ ਫਿੱਡਿਆਂਵਾਲਾ, ਬਹਾਦਰ ਸਿੰਘ ਗੋਸਲ, ਭਗਤ ਰਾਮ ਰੰਗਾੜਾ, ਜਸਪਾਲ ਸਿੰਘ ਦੇਸੂਵੀ, ਆਦਿ ਵੱਲੋਂ ਵੀ ਸ਼ਿਰਕਤ ਕੀਤੀ ਗਈ।

ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ਸਬੰਧੀ ਮੰਚ ਸੰਚਾਲਣ ਸ੍ਰੀ ਗੁਰਪ੍ਰੀਤ ਸਿੰਘ ਨਿਆਮੀਆਂ ਵੱਲੋਂ ਕੀਤਾ ਗਿਆ ਅਤੇ ਪੁਆਧੀ ਮੰਚ ਵੱਲੋਂ ਡਾ. ਗੁਰਮੀਤ ਸਿੰਘ ਬੈਦਵਾਣ ਨੇ ਅਖੀਰ ’ਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਵੀ ਕੀਤਾ ਗਿਆ।–

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal