Follow us

23/02/2025 2:41 pm

Search
Close this search box.
Home » News In Punjabi » ਚੰਡੀਗੜ੍ਹ » ਨਗਰ ਨਿਗਮ ਨੂੰ ਫੰਡ ਉਪਲਬਧ ਕਰਵਾਉਣ ਲਈ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਲਿਖਿਆ ਮੁੱਖ ਮੰਤਰੀ ਨੂੰ ਪੱਤਰ

ਨਗਰ ਨਿਗਮ ਨੂੰ ਫੰਡ ਉਪਲਬਧ ਕਰਵਾਉਣ ਲਈ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਲਿਖਿਆ ਮੁੱਖ ਮੰਤਰੀ ਨੂੰ ਪੱਤਰ

ਮੋਹਾਲੀ: ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੋਹਾਲੀ ਵਾਸਤੇ ਤੁਰੰਤ ਫੰਡ ਦੇਣ ਦੀ ਬੇਨਤੀ ਕੀਤੀ ਹੈ।

ਆਪਣੇ ਪੱਤਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ (ਜੋ ਕਿ ਗਮਾਡਾ ਦੇ ਚੇਅਰਮੈਨ ਵੀ ਹਨ), ਨੂੰ ਬੇਨਤੀ ਕਰਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਗਮਾਡਾ ਨਾਲ ਨਗਰ ਨਿਗਮ ਮੋਹਾਲੀ ਦਾ ਇੱਕ ਲਿਖਤੀ ਸਮਝੌਤਾ ਹੈ ਕਿ ਮੋਹਾਲੀ ਨਗਰ ਨਿਗਮ ਵੱਲੋਂ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦਾ 25 ਫੀਸਦੀ ਹਿੱਸਾ ਗਮਾਡਾ ਵੱਲੋਂ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਸਮਝੌਤੇ ਦੇ ਤਹਿਤ ਗਮਾਡਾ ਨਗਰ ਨਿਗਮ ਨੂੰ ਪੈਸੇ ਨਹੀਂ ਦੇ ਰਿਹਾ ਜਿਸ ਕਾਰਨ ਮੋਹਾਲੀ ਦੇ ਵਿਕਾਸ ਕਾਰਜ ਪੂਰੀ ਤਰ੍ਹਾਂ ਖੜੋਤ ਵਿੱਚ ਆ ਗਏ ਹਨ।

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਾਲੀ ਵਿੱਚ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ਲਈ ਟੈਂਡਰ ਖੁੱਲੇ ਵੀ ਜਾ ਚੁੱਕੇ ਹਨ ਪਰ ਮੋਹਾਲੀ ਨਗਰ ਨਿਗਮ ਕੋਲ ਪਿਛਲੇ ਇੱਕ ਸਾਲ ਤੋਂ ਵਿਕਾਸ ਲਈ ਪੈਸੇ ਨਹੀਂ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਬਰਸਾਤ ਦੇ ਮੌਸਮ ਵਿੱਚ ਤੇਜ਼ ਬਰਸਾਤ ਪੈਣ ਕਾਰਨ ਬੁਨਿਆਦੀ ਢਾਂਚੇ ਦਾ ਭਾਰੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਇਸ ਦੀ ਭਰਪਾਈ ਲਈ ਨਗਰ ਨਿਗਮ ਵੱਲੋਂ ਸਰਕਾਰ ਤੋਂ ਵੱਖਰੇ ਤੌਰ ਤੇ ਫੰਡ ਮੰਗੇ ਗਏ ਹਨ ਅਤੇ ਉਹ ਵੀ ਉਪਲਬਧ ਨਹੀਂ ਕਰਵਾਏ ਜਾ ਰਹੇ। ਉਹਨਾਂ ਮੰਗ ਕੀਤੀ ਕਿ ਗਮਾਡਾ ਕੋਲੋਂ ਫੌਰੀ ਤੌਰ ਤੇ ਵਿਕਾਸ ਕਾਰਜਾਂ ਲਈ  ਰਕਮ ਜਾਰੀ ਕਰਵਾਈ ਜਾਵੇ।

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਮੇਂ ਸਮੇਂ ਸਿਰ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਫੰਡ ਜਾਰੀ ਨਾ ਕਰਨ ਤੇ ਬਿਆਨਬਾਜ਼ੀ ਕਰਦੇ ਰਹਿੰਦੇ ਹਨ ਅਤੇ ਕੇਂਦਰ ਸਰਕਾਰ ਨੂੰ ਰੱਜ ਕੇ ਭੰਡਦੇ ਹਨ, ਪਰ ਗਮਾਡਾ ਦੇ ਚੇਅਰਮੈਨ ਹੋਣ ਦੇ ਬਾਵਜੂਦ ਉਹ ਮੋਹਾਲੀ ਵਰਗੇ ਪੰਜਾਬ ਦੇ ਅਤਿ ਮਹੱਤਵਪੂਰਨ ਸ਼ਹਿਰ ਨੂੰ ਜਾਣ ਬੁਝ ਕੇ ਅਣਗੌਲਾ ਕਰ ਰਹੇ ਹਨ। ਉਹਨਾਂ ਕਿਹਾ ਕਿ ਮੋਹਾਲੀ ਨਗਰ ਨਿਗਮ ਉੱਤੇ ਕਾਂਗਰਸ ਪਾਰਟੀ ਕਾਬਜ਼ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਾਣ ਬੁਝ ਕੇ ਮੋਹਾਲੀ ਨੂੰ ਵਿਕਾਸ ਲਈ ਫੰਡ ਸਮੇਂ ਸਿਰ ਮੁਹੱਈਆ ਨਹੀਂ ਕਰਵਾ ਰਹੀ।

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਾਲੀ ਵਿੱਚ ਵਿਕਾਸ ਕਾਰਜ ਕਰਾਉਣ ਲਈ ਲੋੜੀਂਦੇ ਫੰਡ ਨਾ ਹੋਣ ਕਾਰਨ ਸ਼ਹਿਰ ਤਰਾਹੀ ਤਰਾਹੀ ਕਰ ਰਿਹਾ ਹੈ ਅਤੇ ਸਰਕਾਰ ਸਿਆਸਤ ਕਰਨ ਤੇ ਤੁਲੀ ਹੋਈ ਹੈ। ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਫੌਰੀ ਤੌਰ ਤੇ ਗਮਾਡਾ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਨ ਅਤੇ ਨਗਰ ਨਿਗਮ ਨੂੰ ਫੰਡ ਮੁਹਈਆ ਕਰਵਾਇਆ ਜਾਣ ਤਾਂ ਜੋ ਮੋਹਾਲੀ ਦੇ ਵਿਕਾਸ ਕਾਰਜ ਆਰੰਭ ਕਰਵਾਏ ਜਾ ਸਕਣ।

dawn punjab
Author: dawn punjab

Leave a Comment

RELATED LATEST NEWS