ਐਸ.ਏ.ਐਸ ਨਗਰ :
ਦੋ ਰੋਜ਼ਾ ਯੁਵਕ ਮੇਲਾ ਜੋ ਕਿ ਯੁਵਕ ਸੇਵਾਵਾਂ ਵਿਭਾਗ ਵਲੋਂ ਕਰਵਾਇਆ ਜਾ ਰਿਹਾ ਸੀ, ਸੰਪਨ ਹੋ ਗਿਆ। ਦੂਸਰੇ ਦਿਨ ਮੇਲੇ ਦੀ ਸ਼ੁਰੂਆਤ ਸ਼ਮਾਂ ਰੋਸ਼ਨ ਕਰਕੇ ਸਮਾਜ ਸੇਵੀ ਕੁਲਦੀਪ ਸਿੰਘ ਨੇ ਕੀਤੀ। ਉਨ੍ਹਾਂ ਨਾਲ ਸ੍ਰੀ ਆਰ.ਕੇ. ਸ਼ਰਮਾ, ਅਰਵਿੰਦਰ ਸਿੰਘ ਗੋਸਲ ਆਦਿ ਹਾਜ਼ਿਰ ਸਨ। ਕੁਲਦੀਪ ਸਿੰਘ ਨੇ ਕਿਹਾ ਕਿ ਯੁਵਕ ਮੇਲੇ ਪੁਰਾਤਨ ਕਲਚਰ ਅਤੇ ਸਭਿਆਚਾਰ ਨੂੰ ਬਚਾਉਣ ਲਈ ਚੰਗਾ ਉਪਰਾਲਾ ਹਨ। ਅਜਿਹੇ ਮੇਲੇ ਵੱਡੇ ਪੱਧਰ ਤੇ ਕਰਵਾਏ ਜਾਣ ਦੀ ਜ਼ਰੂਰਤ ਹੈ।
ਡਾ. ਮਲਕੀਤ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਐਸ.ਏ.ਐਸ.ਨਗਰ ਨੇ ਦੱਸਿਆ ਕਿ ਅੱਜ ਦੇ ਯੁੱਗ ਦੀ ਨੌਜਵਾਨ ਪੀੜ੍ਹੀ ਜੋ ਆਪਣੇ ਸਭਿਆਚਾਰ ਵਿਰਸੇ, ਕਦਰਾਂ-ਕੀਮਤਾਂ ਨੂੰ ਭੁੱਲਦੀ ਜਾ ਰਹੀ ਹੈ। ਇਨ੍ਹਾਂ ਯੁਵਕ ਮੇਲਿਆਂ ਰਹੀਂ ਵਿਭਾਗ ਉਨ੍ਹਾਂ ਨੂੰ ਆਪਣੇ ਸਭਿਆਚਾਰ ਨਾਲ ਜੋੜਨ ਦਾ ਪੁਰਜੋ਼ਰ ਯਤਨ ਕਰ ਰਿਹਾ ਹੈ।
ਦੂਸਰੇ ਦਿਨ ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਭਾਸ਼ਣ, ਕਵੀਸ਼ਰੀ, ਕਲੀ, ਵਾਰ-ਗਾਇਨ, ਲੋਕ ਗੀਤ, ਗਰੁੱਪ ਗੀਤ, ਭੰਡ, ਮਿਮਕਰੀ, ਭੰਗੜਾ ਅਤੇ ਗੱਤਕਾ ਦੇ ਮੁਕਾਬਲੇ ਕਰਵਾਏ ਗਏ। ਭਾਸ਼ਣ ਮੁਕਾਬਲੇ ਵਿੱਚ ਆਂਚਲ ਤੰਵਰ ਨੇ ਪਹਿਲਾ, ਅਚਿੰਤ ਕੌਰ ਨੇ ਦੂਸਰਾ, ਕਵੀਸ਼ਰੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨੇ ਪਹਿਲਾ, ਸ਼ਹੀਦ ਕਾਸ਼ੀ ਰਾਮ ਮੈਮੋਰੀਅਲ ਕਾਲਜ ਭਾਗੋਮਾਜਰਾ ਨੇ ਦੂਸਰਾ, ਕਲੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨੇ ਪਹਿਲਾ, ਰਿਆਤ ਬਾਹਰਾ ਯੂਨੀਵਰਸਿਟੀ ਨੇ ਦੂਸਰਾ, ਮਿਮਕਰੀ ਵਿੱਚ ਕਾਰਤਿਕ ਨੇ ਪਹਿਲਾ, ਭੰਡ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨੇ ਪਹਿਲਾ, ਲੋਕ ਗੀਤ ਵਿੱਚ ਮਨਪ੍ਰੀਤ ਸਿੰਘ ਨੇ ਪਹਿਲਾ, ਕ੍ਰਿਤਿਕਾਂ ਨੇ ਦੂਸਰਾ, ਗਰੁੱਪ ਗੀਤ ਵਿੱਚ ਗੁਰੂ ਗੋਬਿੰਦ ਸਿੰਘ ਵਿਦਿਆ ਮੰਦਿਰ ਰਤਵਾੜਾ ਸਾਹਿਬ ਨੇ ਪਹਿਲਾ, ਰਿਆਤ ਬਾਹਰਾ ਯੂਨੀਵਰਸਿਟੀ ਨੇ ਦੂਸਰਾ , ਭੰਗੜੇ ਵਿੱਚ ਯੁਵਕ ਸੇਵਾਵਾਂ ਕਲੱਬ ਡਾਰ ਨੇ ਪਹਿਲਾ, ਸਰਸਵਤੀ ਗਰੁੱਪ ਆਫ ਕਾਲਜ ਨੇ ਦੂਸਰਾ, ਗੱਤਕਾ ਵਿੱਚ ਖਾਲਸਾ ਸੇਵਕ ਜਥਾ 11 ਫੇਸ ਨੇ ਪਹਿਲਾ, ਖਾਲਸਾ ਅਕਾਲ ਪੁਰਖ ਕੀ ਫੌਜ ਕੁਰਾਲੀ ਨੇ ਦੂਸਰਾ ਸਥਾਨ ਹਾਸਿਲ ਕੀਤਾ।
ਇਨਾਮ ਵੰਡ ਦੀ ਰਸਮ ਚੇਅਰਮੈਨ, ਪੰਜਾਬ ਯੂਥ ਵਿਕਾਸ ਬੋਰਡ ਪਰਮਿੰਦਰ ਸਿੰਘ ਗੋਲਡੀ ਵਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਭਲਾਈ ਲਈ ਵਿਭਾਗ ਵਲੋਂ ਸਾਰੀਆਂ ਸਕੀਮਾਂ ਖੋਲ੍ਹ ਦਿੱਤੀਆਂ ਗਈਆਂ ਹਨ।ਖੁੱਲ੍ਹੇ ਮਨ ਨਾਲ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਦੇ ਵਿਕਾਸ ਕੰਮਾਂ ਲਈ ਮਾਇਕ ਸਹਾਇਤਾ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲੀ ਵਾਰ ਨੌਜਵਾਨਾਂ ਨਗਦ ਗ੍ਰਾਂਟ ਰਾਸ਼ੀ ਦੇ ਕੇ ਨਿਵਾਜ ਰਹੀ ਹੈ।
ਮਲਵਿੰਦਰ ਸਿੰਘ ਕੰਗ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਨੌਜਵਾਨ ਦੀ ਸਮਰੱਥਾ ਦੀ ਉਦਾਹਰਨ ਸਾਰੇ ਸੰਸਾਰ ਵਿੱਚ ਮੰਨਣਯੋਗ ਹੈ। ਪੰਜਾਬ ਦੇ ਨੌਜਵਾਨਾਂ ਨੇ ਕਈ ਨਵੀਆਂ ਦਿਸ਼ਾਵਾਂ ਨਿਸ਼ਚਿਤ ਕੀਤੀਆਂ ਤੇ ਮਿਹਨਤੀ ਪੰਜਾਬੀਆਂ ਦੀ ਸੁਭਾਅ ਉਨ੍ਹਾਂ ਨੂੰ ਅੱਗੇ ਲਿਜਾਉਣ ਵਿੱਚ ਹਮੇਸ਼ਾ ਹੀ ਕਾਰਗਰ ਸਾਬਿਤ ਹੋਇਆ ਹੈ। ਉਨ੍ਹਾਂ ਨੇ ਯੁਵਕ ਸੇਵਾਵਾਂ ਵਿਭਾਗ ਦੇ ਇਸ ਉਪਰਾਲੇ ਦਾ ਬਹੁਤ ਧੰਨਵਾਦ ਕੀਤਾ।
ਜੱਜਮੈਂਟ ਦੀ ਭੂਮਿਕਾ ਸਤਵਿੰਦਰ ਸਿੰਘ ਧੜਾਕ, ਮਲਕੀਤ ਮਲੰਗਾ, ਕੁਲਜਿੰਦਰ ਸਿੰਘ, ਦਿਲਸ਼ਾਦ ਕੌਰ, ਮਨਵੀਰ ਕੌਰ, ਮਨਦੀਪ ਕੌਰ ਬੈਂਸ, ਰਾਣੋ ਸਿੱਧੂ, ਪ੍ਰਗਟ ਸਿੰਘ, ਤਲਵਿੰਦਰ ਸਿੰਘ, ਜਗਦੀਸ਼ ਸਿੰਘ ਆਦਿ ਨੇ ਨਿਭਾਈ। ਗੱਤਕਾ ਐਸੋਸੀਏਸ਼ਨ ਦੇ ਸ. ਜਗਦੀਸ਼ ਸਿੰਘ ਨੇ ਵੱਖ-ਵੱਖ ਟੀਮਾਂ ਦੀ ਪੇਸ਼ਕਾਰੀ ਕਰਵਾਈ। ਸਟੇਜ ਸੈਕਟਰੀ ਦੀ ਭੂਮਿਕਾ ਸ੍ਰੀਮਤੀ ਵੀਨਾ ਜੰਮੂ ਨੇ ਬਖੂਬੀ ਨਿਭਾਈ।
ਇਸ ਤੋਂ ਇਲਾਵਾ ਚਰਨਜੀਤ ਕੌਰ ਸਟੈਨੋ, ਗੁਰਵਿੰਦਰ ਸਿੰਘ ਸਟਾਫ ਅਤੇ ਨਿਸ਼ਾ ਸ਼ਰਮਾ, ਪੁਨੀਤਾ ਸ਼ਰਮਾ, ਵੇਦ ਪ੍ਰਕਾਸ਼, ਰਜਿੰਦਰ ਅਨਭੋਲ, ਐਮ.ਐਸ.ਗਿੱਲ, ਬਬੀਤਾ ਰਾਣਾ ਆਦਿ ਪ੍ਰੋਗਰਾਮ ਅਫਸਰ ਸਾਮਿਲ ਸਨ।