ਜੇ ਪੰਜਾਬ ਦਾ ਸਰਮਾਇਆ ਇਸੇ ਤਰ੍ਹਾਂ ਬਰਬਾਦ ਕੀਤਾ ਤਾਂ ਪੰਜ ਸੂਬਿਆਂ ਵਾਂਗ ਪੰਜਾਬ ਵਿੱਚੋਂ ਵੀ ਸਾਫ ਹੋ ਜਾਵੇਗੀ ਪਾਰਟੀ : ਡਿਪਟੀ ਮੇਅਰ
ਮੋਹਾਲੀ: ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦਾ ਕਰੋੜਾਂ ਰੁਪਇਆ ਖਰਚ ਕੇ ਹੋਰਨਾਂ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਉਹ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣ। ਉਹਨਾਂ ਕਿਹਾ ਕਿ ਪੰਜਾਬ ਤੇ ਲੋਕਾਂ ਵੱਲੋਂ ਭਰੇ ਗਏ ਟੈਕਸ ਦਾ ਪੈਸਾ ਮੁੱਖ ਮੰਤਰੀ ਨੇ ਆਪਣੀ ਪਾਰਟੀ ਦੇ ਪ੍ਰਚਾਰ ਵਾਸਤੇ ਹੋਰਨਾਂ ਸੂਬਿਆਂ ਵਿੱਚ ਖਰਚ ਕੀਤਾ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰੇਕ ਸੂਬੇ ਵਿੱਚ ਵੋਟਾਂ, ਨੋਟਾ ਤੋਂ ਵੀ ਘੱਟ ਪਈਆਂ।
ਉਹਨਾਂ ਕਿਹਾ ਕਿ ਜਦੋਂ ਵੀ ਚੋਣਾਂ ਦਾ ਮਾਹੌਲ ਹੁੰਦਾ ਹੈ ਤਾਂ ਮੁੱਖ ਮੰਤਰੀ ਪੰਜਾਬ ਦਾ ਸਰਮਾਇਆ ਖਰਚ ਕਰਨ ਵਿੱਚ ਰਤਾ ਵੀ ਗੁਰੇਜ਼ ਨਹੀਂ ਕਰਦੇ ਅਤੇ ਲੱਖਾਂ ਕਰੋੜਾਂ ਰੁਪਏ ਹੋਰਨਾ ਸੂਬਿਆਂ ਵਿੱਚ ਪੰਜਾਬ ਦਾ ਖਰਚ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਅਸਲ ਕੰਮ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਢੋਆ ਢੁਆਈ ਦਾ ਕਰਦੇ ਹਨ ਅਤੇ ਇਸ ਵਾਸਤੇ ਹੈਲੀਕਾਪਟਰ ਪੰਜਾਬ ਦੇ ਵਰਤੇ ਜਾਂਦੇ ਹਨ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਵਾਲੇ ਪਾਸੇ ਧਿਆਨ ਲਗਾਉਣ ਨਾ ਕਿ ਪੰਜਾਬ ਦੇ ਲੋਕਾਂ ਦੀ ਹੱਡ ਭੰਨਵੀ ਮਿਹਨਤ ਦੀ ਕਮਾਈ ਨੂੰ ਆਪਣੇ ਅਤੇ ਆਪਣੀ ਪਾਰਟੀ ਦੇ ਨਿੱਜੀ ਮੁਫਾਦਾਂ ਦੀ ਪੂਰਤੀ ਵਾਸਤੇ ਹੋਰਨਾਂ ਸੂਬਿਆਂ ਵਿੱਚ ਇਸ਼ਤਿਹਾਰਬਾਜ਼ੀ ਅਤੇ ਆਪਣੇ ਪਾਰਟੀ ਦੇ ਆਗੂਆਂ ਦੀ ਢੋਆ ਢੁਆਈ ਉੱਤੇ ਖਰਚ ਕਰਨ।
ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਬਾਕੀ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਨੂੰ ਨਕਾਰਿਆ ਗਿਆ ਹੈ ਪੰਜਾਬ ਦੇ ਲੋਕ ਵੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਨਕਾਰ ਦੇਣਗੇ। ਉਹਨਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਪੰਜਾਬ ਦਾ ਕਰੋੜਾਂ ਰੁਪਈਆ ਇਸ ਤਰ੍ਹਾਂ ਬਰਬਾਦ ਕਰਨ ਉੱਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣ।